ਇੰਫਾਲ – ਮਨੀਪੁਰ ’ਚ ਸਥਿਤੀ ਫਿਰ ਤੋਂ ਬੇਕਾਬੂ ਹੋਣ ਲੱਗੀ ਹੈ। ਜਿਰੀਬਾਮ ਜ਼ਿਲ੍ਹੇ ਵਿਚ ਇਕ ਨਦੀ ਵਿੱਚੋਂ 6 ਲਾਪਤਾ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਦੇ ਘੰਟਿਆਂ ਬਾਅਦ ਰਾਜ ਵਿਚ ਹਿੰਸਾ ਭੜਕ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ 3 ਮੰਤਰੀਆਂ ਅਤੇ 6 ਵਿਧਾਇਕਾਂ ਦੇ ਘਰਾਂ ’ਤੇ ਹਮਲਾ ਕੀਤਾ। ਇਸ ਤੋਂ ਬਾਅਦ ਸੂਬਾ ਸਰਕਾਰ ਨੇ 5 ਜ਼ਿਲ੍ਹਿਆਂ ਵਿਚ ਕਰਫਿਊ ਲਗਾ ਦਿੱਤਾ ਹੈ ਅਤੇ ਕੁਝ ਹਿੱਸਿਆਂ ਵਿਚ ਇੰਟਰਨੈੱਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸੂਬੇ ਵਿਚ ਹਾਲਾਤ ਵਿਗੜਦੇ ਜਾ ਰਹੇ ਹਨ।
3M ਦੇ ਜਵਾਈ ਦੇ ਘਰ ’ਤੇ ਵੀ ਕੀਤਾ ਹਮਲਾ
ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜਵਾਈ ਦੇ ਘਰ ਸਮੇਤ ਤਿੰਨ ਵਿਧਾਇਕਾਂ ਦੇ ਘਰਾਂ ਦੀ ਭੰਨਤੋੜ ਵੀ ਕੀਤੀ। ਹਿੰਸਕ ਭੀੜ ਨੇ ਵਿਧਾਇਕਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ। ਜਵਾਬ ਵਿਚ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ।
ਨਦੀ ’ਚੋਂ 6 ਲਾਸ਼ਾਂ ਮਿਲੀਆਂ
ਦਰਅਸਲ, ਸੋਮਵਾਰ ਤੋਂ ਲਾਪਤਾ ਦੋ ਔਰਤਾਂ ਅਤੇ ਇਕ ਬੱਚੇ ਦੀਆਂ ਲਾਸ਼ਾਂ ਸ਼ਨੀਵਾਰ ਨੂੰ ਜਿਰੀਬਾਮ ਵਿਚ ਬਰਾਕ ਨਦੀ ਵਿੱਚੋਂ ਬਰਾਮਦ ਕੀਤੀਆਂ ਗਈਆਂ ਸਨ, ਜਦੋਂਕਿ ਇਕ ਔਰਤ ਅਤੇ ਦੋ ਬੱਚਿਆਂ ਸਮੇਤ ਤਿੰਨ ਹੋਰ ਲਾਸ਼ਾਂ ਸ਼ੁੱਕਰਵਾਰ ਰਾਤ ਨੂੰ ਮਿਲੀਆਂ ਸਨ। ਇਨ੍ਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਆਸਾਮ ਦੇ ਸਿਲਚਰ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਨ੍ਹਾਂ ਮੰਤਰੀਆਂ ਦੇ ਘਰ ’ਤੇ ਹੋਇਆ ਸੀ ਹਮਲਾ
ਜਿਨ੍ਹਾਂ ਮੰਤਰੀਆਂ ਦੇ ਘਰਾਂ ਨੂੰ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ, ਉਨ੍ਹਾਂ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸਪਮ ਰੰਜਨ, ਖਪਤ ਅਤੇ ਜਨਤਕ ਵੰਡ ਮੰਤਰੀ ਐੱਲ. ਸੁਸਿੰਦਰੋ ਸਿੰਘ ਅਤੇ ਸ਼ਹਿਰੀ ਵਿਕਾਸ ਮੰਤਰੀ ਵਾਈ ਖੇਮਚੰਦ ਦੇ ਘਰ ਸ਼ਾਮਲ ਸਨ। ਵਧਦੀ ਹਿੰਸਾ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇੰਫਾਲ ਪੂਰਬੀ ਅਤੇ ਪੱਛਮੀ, ਬਿਸ਼ਨੂਪੁਰ, ਥੌਬਲ ਅਤੇ ਕਚਿੰਗ ਜ਼ਿਲ੍ਹਿਆਂ ਵਿਚ ਕਰਫਿਊ ਲਗਾ ਦਿੱਤਾ ਹੈ।
ਮੰਤਰੀ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼
ਪ੍ਰਦਰਸ਼ਨਕਾਰੀਆਂ ਨੇ ਸਿਹਤ ਮੰਤਰੀ ਸਪਮ ਰੰਜਨ ਦੇ ਘਰ ’ਤੇ ਹਮਲਾ ਕੀਤਾ, ਜੋ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਲੈਂਪੇਲ ਸਾਂਕੀਥਲ ਸਥਿਤ ਹੈ। ਪੁਲਿਸ ਨੇ ਕਿਹਾ ਕਿ ਸਪਮ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਛੇ ਕਤਲਾਂ ਦਾ ਮੁੱਦਾ ਕੈਬਨਿਟ ਮੀਟਿੰਗ ਵਿਚ ਉਠਾਉਣਗੇ ਅਤੇ ਜੇਕਰ ਸਰਕਾਰ ਨੇ ਜਨਤਕ ਭਾਵਨਾਵਾਂ ਦਾ ਸਨਮਾਨ ਨਹੀਂ ਕੀਤਾ ਤਾਂ ਉਹ ਅਸਤੀਫ਼ਾ ਦੇਣ ਲਈ ਤਿਆਰ ਹਨ।
ਪ੍ਰਦਰਸ਼ਨਕਾਰੀਆਂ ਨੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ ਐੱਲ. ਸੁਸਿੰਦਰੋ ਸਿੰਘ ਦੇ ਘਰ ’ਤੇ ਵੀ ਹਮਲਾ ਕੀਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਕਈ ਗੋਲੇ ਛੱਡੇ। ਸ਼ਹਿਰੀ ਵਿਕਾਸ ਮੰਤਰੀ ਵਾਈ ਖੇਮਚੰਦ ਦੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਸਿੰਜਮਈ ਇਲਾਕੇ ’ਚ ਸਥਿਤ ਘਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਨਿਸ਼ਾਨਾ ਬਣਾਇਆ।
ਪੁਲਿਸ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਵਿਧਾਇਕ ਆਰ. ਕੇ. ਇਮੋ ਦੇ ਘਰ ਨੂੰ ਵੀ ਘੇਰ ਲਿਆ, ਜੋ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜਵਾਈ ਹਨ। ਪ੍ਰਦਰਸ਼ਨਕਾਰੀਆਂ ਨੇ ਵਿਧਾਇਕ ਦੇ ਘਰ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਦੀ ਜਾਇਦਾਦ ਨੂੰ ਅੱਗ ਲਗਾ ਦਿੱਤੀ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਵੱਲੋਂ ਭਾਜਪਾ ਵਿਧਾਇਕ ਸਪਮ ਕੁੰਜਕੇਸੋਰ ਅਤੇ ਵਿਧਾਇਕ ਜੈਕਿਸ਼ਨ ਸਿੰਘ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਧਾਇਕ ਸਪਮ ਕੁੰਜਕੇਸੋਰ ਦੇ ਘਰ ਦੇ ਬਾਹਰ ਇਕ ਵਾਹਨ ਨੂੰ ਅੱਗ ਲਗਾ ਦਿੱਤੀ ਗਈ।
ਸਕੱਤਰੇਤ ਵੱਲ ਵਧ ਰਹੇ ਸਨ ਪ੍ਰਦਰਸ਼ਨਕਾਰੀ
ਪ੍ਰਦਰਸ਼ਨਕਾਰੀਆਂ ਨੇ ਐੱਮਪੀਐੱਲ ਅਸੈਂਬਲੀ ਬਿਲਡਿੰਗ ਦੇ ਨੇੜੇ ਥੈਂਗਮੇਈਬੰਦ ਖੇਤਰ ਵਿਚ ਸੜਕ ’ਤੇ ਟਾਇਰ ਸਾੜ ਦਿੱਤੇ। ਪੁਲਿਸ ਨੇ ਕੀਸ਼ਮਪਤ ਪੁਲ ਨੇੜੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ, ਜੋ ਰਾਜ ਭਵਨ ਅਤੇ ਮੁੱਖ ਮੰਤਰੀ ਸਕੱਤਰੇਤ ਵੱਲ ਵਧ ਰਹੇ ਸਨ। ਰਾਜ ਦੇ ਮੁੱਖ ਸਕੱਤਰ ਵਿਨੀਤ ਜੋਸ਼ੀ ਨੇ ਇੰਫਾਲ ਪੱਛਮੀ, ਇੰਫਾਲ ਪੂਰਬੀ, ਬਿਸ਼ਨੂਪੁਰ, ਥੌਬਲ, ਕਚਿੰਗ, ਕੰਗਪੋਕਪੀ ਅਤੇ ਚੂਰਾਚੰਦਪੁਰ ਜ਼ਿਲ੍ਹਿਆਂ ਵਿਚ ਇੰਟਰਨੈੱਟ ਅਤੇ ਮੋਬਾਈਲ ਡਾਟਾ ਸੇਵਾਵਾਂ ਨੂੰ ਦੋ ਦਿਨਾਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਮਨੁੱਖੀ ਅਧਿਕਾਰ ਸੰਗਠਨਾਂ ਦੀ ਤਾਲਮੇਲ ਕਮੇਟੀ (ਸੀ.ਓ.ਸੀ.ਓ.ਐਮ.ਈ.) ਨੇ 24 ਘੰਟਿਆਂ ਦੇ ਅੰਦਰ ਮਨੀਪੁਰ ਵਿਚ ਅੱਤਵਾਦੀਆਂ ਵਿਰੁੱਧ ਫੌਜੀ ਕਾਰਵਾਈ ਦੀ ਮੰਗ ਕੀਤੀ ਹੈ। ਸੀ.ਓ.ਸੀ.ਓ.ਐਮ.ਈ. ਦੇ ਬੁਲਾਰੇ ਕੇ ਅਥੋਬਾ ਨੇ ਹਾਲ ਹੀ ਵਿਚ ਮੁੜ ਲਾਗੂ ਕੀਤੇ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਏ.ਐਫ.ਐਸ.ਪੀ.ਏ.) ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।