ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ‘ਚ ਹਵਾ ਦੀ ਗੁਣਵੱਤਾ ਸੋਮਵਾਰ ਨੂੰ ‘ਗੰਭੀਰ ਪਲੱਸ’ ਸ਼੍ਰੇਣੀ ‘ਤੇ ਪਹੁੰਚ ਗਈ ਅਤੇ ਹਵਾ ਗੁਣਵੱਤਾ ਸੂਚਕਾਂਕ (AQI) 484 ਦਰਜ ਕੀਤਾ ਗਿਆ। ਦਿੱਲੀ ‘ਚ ਸਵੇਰ ਤੋਂ ਹੀ ਟਰੱਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਨਤਕ ਪ੍ਰਾਜੈਕਟਾਂ ‘ਤੇ ਨਿਰਮਾਣ ਕਾਰਜਾਂ ਨੂੰ ਮੁਅੱਤਲ ਕਰਨ ਸਮੇਤ ਪ੍ਰਦੂਸ਼ਣ ਕੰਟਰੋਲ ਦੇ ਸਖਤ ਉਪਾਅ ਲਾਗੂ ਕੀਤੇ ਗਏ ਹਨ। ਸੰਘਣੀ ਜ਼ਹਿਰੀਲੀ ਧੁੰਦ ਕਾਰਨ ਸਵੇਰ ਵੇਲੇ ਵਿਜ਼ੀਬਿਲਟੀ ਤੇਜ਼ੀ ਨਾਲ ਖ਼ਰਾਬ ਹੋਣ ਲੱਗੀ। ਅਧਿਕਾਰੀਆਂ ਮੁਤਾਬਕ ਸਫਦਰਜੰਗ ਹਵਾਈ ਅੱਡੇ ‘ਤੇ ਵਿਜ਼ੀਬਿਲਟੀ 150 ਮੀਟਰ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਦਿੱਲੀ ਦਾ AQI ਸਵੇਰੇ 8 ਵਜੇ 484 ਸੀ।AQI ਇਸ ਸੀਜ਼ਨ ਦੇ ਹੁਣ ਤੱਕ ਦੇ ਸਭ ਤੋਂ ਖ਼ਰਾਬ ਪੱਧਰ ‘ਤੇ ਪਹੁੰਚ ਗਿਆ ਹੈ। ਦਿੱਲੀ ਵਿੱਚ, ਐਤਵਾਰ ਨੂੰ ਸ਼ਾਮ 4 ਵਜੇ AQI 441 ਦਰਜ ਕੀਤਾ ਗਿਆ ਸੀ ਅਤੇ ਇਹ ਸ਼ਾਮ 7 ਵਜੇ ਤੱਕ ਵਧ ਕੇ 457 ਹੋ ਗਿਆ। ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ AQI ਦੇ 450 ਨੂੰ ਪਾਰ ਕਰਨ ਤੋਂ ਬਾਅਦ ਦਿੱਲੀ ਅਤੇ ਐੱਨਸੀਆਰ ਵਿੱਚ ਪੜਾਅਵਾਰ ਜਵਾਬੀ ਕਾਰਵਾਈ ਯੋਜਨਾ (GRAP) ਦੇ ਚੌਥੇ ਪੜਾਅ ਦੇ ਤਹਿਤ ਪਾਬੰਦੀਆਂ ਲਗਾਉਣ ਦਾ ਆਦੇਸ਼ ਦਿੱਤਾ। ਹੁਕਮਾਂ ਦੇ ਅਨੁਸਾਰ ਜ਼ਰੂਰੀ ਵਸਤਾਂ ਲਿਜਾਣ ਵਾਲੇ ਜਾਂ ਸਾਫ਼ ਬਾਲਣ (ਐੱਲਐੱਨਜੀ/ਸੀਐੱਨਜੀ/ਬੀਐੱਸ-6 ਡੀਜ਼ਲ/ਇਲੈਕਟ੍ਰਿਕ) ਦੀ ਵਰਤੋਂ ਕਰਨ ਵਾਲੇ ਟਰੱਕਾਂ ਨੂੰ ਛੱਡ ਕੇ, ਕਿਸੇ ਹੋਰ ਟਰੱਕ ਨੂੰ ਦਿੱਲੀ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।ਹਾਈਵੇਅ, ਸੜਕਾਂ, ਫਲਾਈਓਵਰ, ਪਾਵਰ ਲਾਈਨਾਂ, ਪਾਈਪਲਾਈਨਾਂ ਅਤੇ ਹੋਰ ਜਨਤਕ ਪ੍ਰਾਜੈਕਟਾਂ ਸਮੇਤ ਸਾਰੀਆਂ ਉਸਾਰੀ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।