ਨਵੀਂ ਦਿੱਲੀ – ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਦਿੱਲੀ ਦੇ ਸਾਬਕਾ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਸੋਮਵਾਰ ਨੂੰ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਚੋਟੀ ਦੇ ਭਾਜਪਾ ਆਗੂਆਂ ਦੀ ਹਾਜ਼ਰੀ ’ਚ ਭਾਰਤੀ ਜਨਤਾ ਪਾਰਟੀ (BJP) ਵਿੱਚ ਸ਼ਾਮਲ ਹੋ ਗਏ।ਗਹਿਲੋਤ ਨੂੰ ਭਾਜਪਾ ‘ਚ ਸ਼ਾਮਲ ਕਰਦਿਆਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਖੱਟਰ ਨੇ ਕਿਹਾ, ‘‘ਇਸ ਨਾਲ ਦਿੱਲੀ ਦੀ ਰਾਜਨੀਤੀ ‘ਚ ਇਹ ਨਵਾਂ ਮੋੜ ਆਇਆ ਹੈ।’’ ਉਨ੍ਹਾਂ ਕਿਹਾ ਕਿ ਗਹਿਲੋਤ ਦੋਵਾਂ ਪਾਰਟੀਆਂ ਦੀਆਂ ਅੰਦਰੂਨੀ ਪ੍ਰਣਾਲੀਆਂ ਤੇ ਨੀਤੀਆਂ ਦੀ ਤੁਲਨਾ ਕਰਨ ਤੋਂ ਬਾਅਦ ਅਤੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਸੇਵਾ ਦੇ ਜਜ਼ਬੇ ਨੂੰ ਦੇਖ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ।ਖੱਟਰ ਨੇ ਕਿਹਾ ਕਿ ਗਹਿਲੋਤ ਦਾ ਦੋ ਵਾਰ ਨਜਫ਼ਗੜ੍ਹ ਤੋਂ ਵਿਧਾਇਕ ਚੁਣੇ ਜਾਣ ਸਦਕਾ ਹਰਿਆਣਾ ਨਾਲ ਕਰੀਬੀ ਰਿਸ਼ਤਾ ਹੈ ਕਿਉਂਕਿ ਨਜਫ਼ਗੜ੍ਹ ਭਾਵੇਂ ਭੂਗੋਲਿਕ ਤੌਰ ‘ਤੇ ਦਿੱਲੀ ਵਿੱਚ ਜ਼ਰੂਰ ਹੈ ਪਰ ਬਾਕੀ ਸਾਰੇ ਮਾਮਲਿਆਂ ਵਿਚ ਇਹ ਹਰਿਆਣਾ ਦਾ ਹਿੱਸਾ ਹੈ।ਇਸ ਦੌਰਾਨ ਗਹਿਲੋਤ ਨੇ ‘ਆਪ’ ਦੇ ਉਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਦਬਾਅ ਹੇਠ ਭਾਜਪਾ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿਚ ਕਦੇ ਵੀ ਕਿਸੇ ਦੇ ਦਬਾਅ ਹੇਠ ਜਾਂ ਮਜਬੂਰ ਹੋ ਕੇ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਪਣੀ ਮਰਜ਼ੀ ਨਾਲ ਭਾਜਪਾ ਵਿਚ ਸ਼ਾਮਲ ਹੋਇਆ ਹਾਂ, ਕਿਉਂਕਿ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਲਈ ਹੋਂਦ ਵਿਚ ਆਈ ‘ਆਪ’ ਨੇ ਮੈਨੂੰ ਬੁਰੀ ਨਿਰਾਸ਼ ਕੀਤਾ ਹੈ ਕਿਉਂਕਿ ‘ਆਪ’ ਨੇ ਆਪਣੀਆਂ ਕਦਰਾਂ-ਕੀਮਤਾਂ ਨਾਲ ਪੂਰੀ ਤਰ੍ਹਾਂ ਸਮਝੌਤਾ ਕਰ ਲਿਆ ਹੈ। ਇਹ ਦੁੱਖ ਦੀ ਗੱਲ ਹੈ ਕਿ ਪਾਰਟੀ ਨੇ ਦਿੱਲੀ ਦੇ ਲੋਕਾਂ ਦੀ ਥਾਂ ਨਿੱਜੀ ਖਾਹਿਸ਼ਾਂ ਨੂੰ ਤਰਜੀਹ ਦਿੱਤੀ ਅਤੇ ਸਾਰਾ ਸਮਾਂ ਲੋਕਾਂ ਦੇ ਹਿੱਤਾ ਨੂੰ ਦਾਅ ’ਤੇ ਲਾ ਕੇ ਕੇਂਦਰ ਨਾਲ ਟਕਰਾ ਵਿਚ ਹੀ ਬਿਤਾ ਦਿੱਤਾ ਹੈ।’’ ਗਹਲੋਤ ਨੇ ਕਿਹਾ ਕਿ ਭਾਜਪਾ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦੇਵੇਗੀ, ਉਹ ਉਸ ਨੂੰ ਨਿਭਾਉਣਗੇ।