ਉਡੁਪੀ (ਕਰਨਾਟਕ) ਸਰਕਾਰੀ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਜ਼ਿਲ੍ਹੇ ਦੀ ਕਰਕਲਾ ਤਹਿਸੀਲ ਦੇ ਪਿੰਡ ਈਦੂ ਪਿੰਡ ਨੇੜੇ ਨਕਸਲ ਵਿਰੋਧੀ ਫੋਰਸ ਨੇ ਇੱਕ ‘ਖ਼ਤਰਨਾਕ’ ਨਕਸਲੀ ਆਗੂ ਵਿਕਰਮ ਗੌੜਾ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਹੈ। ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਏਐਨਐਫ ਪਿਛਲੇ 20 ਸਾਲਾਂ ਤੋਂ ਵਿਕਰਮ ਗੌੜਾ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ।ਉਸ ਨੂੰ ‘ਖੌਫ਼ਨਾਕ ਨਕਸਲੀ’ ਦੱਸਦਿਆਂ ਮੰਤਰੀ ਨੇ ਕਿਹਾ ਕਿ ਉਹ ਕਈ ਵਾਰ ਪੁਲੀਸ ਦੇ ਘੇਰੇ ਤੇ ‘ਪੁਲੀਸ ਮੁਕਾਬਲਿਆਂ’ ਦੌਰਾਨ ਬਚ ਕੇ ਨਿਕਲ ਜਾਂਦਾ ਰਿਹਾ ਹੈ। ਅਧਿਕਾਰਤ ਸੂਤਰਾਂ ਅਨੁਸਾਰ, ਸੋਮਵਾਰ ਸ਼ਾਮ ਨੂੰ ਏਐੱਨਐੱਫ ਨੇ ਇੱਕ ਜ਼ੋਰਦਾਰ ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਦਾ ਇੱਕ ਸਮੂਹ ਦੇਖਿਆ। ਸੂਤਰਾਂ ਨੇ ਦੱਸਿਆ ਕਿ ਨਕਸਲੀਆਂ ਨੇ ਪਾਰਟੀ ਨੂੰ ਦੇਖਦੇ ਹੀ ਉਨ੍ਹਾਂ ਨੇ ਗੋਲੀ ਚਲਾ ਦਿੱਤੀ। ANF ਟੀਮ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੌੜਾ ਨੂੰ ਮਾਰ ਮੁਕਾਇਆ, ਜਦੋਂਕਿ ਉਸ ਦੇ ਬਾਕੀ ਸਾਥੀ ਬਚ ਕੇ ਫ਼ਰਾਰ ਹੋ ਗਏ।ਏਐਨਐਫ ਦੀ ਆਈਜੀਪੀ ਰੂਪਾ ਦਿਵਾਕਰ ਮੋਦਗਿਲ ਨੇ ਵੀ ਕਿਹਾ ਕਿ ਵਿਕਰਮ ਗੌੜਾ ਬਹੁਤ ‘ਖ਼ਤਰਨਾਕ’ ਨਕਸਲੀ ਸੀ। ਉਨ੍ਹਾਂ ਕਿਹਾ, ‘‘ਉਹ ਸੂਬੇ ਵਿਚਲੇ ਨਕਸਲੀਆਂ ਵਿਚੋਂ ਸਭ ਤੋਂ ਵੱਧ ਲੋੜੀਂਦਾ ਸੀ ਅਤੇ ਉਸ ਉਤੇ ਕਤਲ ਤੇ ਜਬਰੀ ਵਸੂਲੀ ਦੇ 61 ਕੇਸ ਚੱਲ ਰਹੇ ਸਨ। ਉਸ ਖਿਲਾਫ ਕੇਰਲ ਵਿਚ ਵੀ 19 ਕੇਸ ਦਰਜ ਸਨ।’’