ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੱਖ-ਵੱਖ ਮੁਲਕਾਂ ਵਿਚਾਲੇ ਵੱਧਦੇ ਤਣਾਅ ਨੂੰ ਦੇਖਦੇ ਹੋਏ ਵੀਰਵਾਰ ਨੂੰ ਕਿਹਾ ਹੈ ਕਿ ਸੰਸਾਰ ਵਿਚ ਲੱਗੀਆਂ ਜੰਗਾਂ ਦਾ ਹੱਲ ਤਥਾਗਤ ਗੌਤਮ ਬੁੱਧ ਦੇ ਸਿਧਾਂਤਾਂ ਵਿੱਚੋਂ ਲੱਭਣਾ ਚਾਹੀਦਾ ਹੈ। ਕੌਮਾਂਤਰੀ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਨੇ ਹਮੇਸ਼ਾ ਗੱਲਬਾਤ ਦਾ ਰਸਤਾ ਅਪਨਾਇਆ ਹੈ ਤੇ ਇਸ ਦੀ ਵਕਾਲਤ ਵੀ ਕੀਤੀ ਹੈ। ਲਾਓਸ ਦੌਰੇ ’ਤੇ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 11ਵੇਂ ਆਸਿਆਨ ਰੱਖਿਆ ਮੰਤਰੀਆਂ ਦੀ ਮੀਟਿੰਗ ਤੇ (ਏਡੀਐੱਮਐੱਮ ਪਲੱਸ)ਵਿਚ ਚੀਨ ਦੇ ਡੌਂਗ ਜੁਨ ਸਮੇਤ ਆਪਣੇ ਹਮਰੁਤਬਾ ਵਜ਼ੀਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸੰਸਾਰ ਵਿਚ ਤੇਜ਼ੀ ਨਾਲ ਕਈ ਥਾਈੰ ਧੜੇਬੰਦੀ ਹੋ ਰਹੀ ਹੈ। ਇਸ ਨਾਲ ਪਹਿਲਾਂ ਤੋਂ ਸਥਾਪਤ ਵਰਲਡ ਆਰਡਰ ਵਿਚ ਤਣਾਅ ਪੈਦਾ ਹੋ ਰਿਹਾ ਹੈ।
10 ਮੁਲਕਾਂ ਦੇ ਆਸਿਆਨ ਸੰਮੇਲਨ ਵਿਚ ਲਾਓਸ ਦੀ ਰਾਜਧਾਨੀ ਵਿਅਨਤਿਯਾਨੇ ਵਿਚ ਉਨ੍ਹਾਂ ਨੇ ਮੈਂਬਰ ਮੁਲਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਬੁੱਧ ਦੇ ਸ਼ਾਂਤੀ ਤੇ ਸਹਿ-ਹੋਂਦ ਦੇ ਸਿਧਾਂਤ ਨੂੰ ਹੋਰ ਡੂੰਘਾਈ ਨਾਲ ਅਪਨਾਉਣਾ ਚਾਹੀਦਾ ਹੈ। ਇਨ੍ਹਾਂ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਵੀ ਭਾਰਤ ਨੇ ਗੁੰਝਲਦਾਰ ਕੌਮਾਂਤਰੀ ਮੁੱਦਿਆਂ ਨੂੰ ਗੱਲਬਾਤ ਜ਼ਰੀਏ ਹੱਲ ਕੀਤਾ ਹੈ। ਭਾਰਤ ਹਮੇਸ਼ਾ ਤੋਂ ਸਪੱਸ਼ਟ ਗੱਲਬਾਤ ਤੇ ਸ਼ਾਂਤਮਈ ਸਮਝੌਤੇ ਲਈ ਪ੍ਰਤੀਬੱਧ ਰਿਹਾ ਹੈ। ਸਰਹੱਦੀ ਵਿਵਾਦਾਂ ਤੋਂ ਲੈ ਕੇ ਵਪਾਰਕ ਸਮਝੌਤਿਆਂ ਤੇ ਕੌਮਾਂਤਰੀ ਚੁਣੌਤੀਆਂ ਲਈ ਸਹੀ ਰਸਤਾ ਚੁਣਿਆ ਹੈ। ਖੁੱਲ੍ਹ ਕੇ ਗੱਲਬਾਤ ਕਰਨ ਨਾਲ ਵਿਸ਼ਵਾਸ, ਆਪਸੀ ਸਮਝ ਤੇ ਸਹਿਯੋਗ ਦੀ ਨੀਂਹ ਰੱਖੀ ਜਾਂਦੀ ਹੈ ਜੋ ਕਿ ਸਥਾਈ ਸਾਂਝੇਦਾਰੀ ਲਈ ਜ਼ਰੂਰੀ ਹੈ। ਗੱਲਬਾਤ ਦੀ ਤਾਕਤ ਹਮੇਸ਼ਾ ਅਸਰਦਾਰ ਤੇ ਹਾਂ-ਪੱਖੀ ਨਤੀਜੇ ਦੇਣ ਵਾਲੀ ਹੁੰਦੀ ਹੈ। ਇਸ ਨਾਲ ਆਲਮੀ ਮੰਚ ’ਤੇ ਤਾਲਮੇਲ ਤੇ ਸਥਿਰਤਾ ਵਧੀ ਹੈ।
ਹਿੰਦ-ਪ੍ਰਸ਼ਾਂਤ ਖੇਤਰ ’ਤੇ ਭਾਰਤ ਦੇ ਰੁਖ਼ ਨੂੰ ਸਪੱਸ਼ਟ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ, ਆਸਿਆਨ ਦੇ ਦਸ ਮੁਲਕਾਂ ਦੀ ਭੂਮਿਕਾ ਨੂੰ ਖੇਤਰੀ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਚੰਗੀ ਤਰ੍ਹਾਂ ਸਮਝਦਾ ਹੈ। ਇਸ ਸਬੰਧ ਵਿਚ ਭਾਰਤ ਜ਼ਾਬਤੇ ਦੇ ਨਿਰਧਾਰਨ ’ਤੇ ਅਜਿਹੇ ਮਾਪਦੰਡ ਦੇਖਣਾ ਚਾਹੁੰਦਾ ਹੈ ਜੋ ਕਿਸੇ ਅਗਾਊਂ ਧਾਰਨਾ ਨਾਲ ਕਾਨੂੰਨੀ ਅਧਿਕਾਰ ਨਿਰਧਾਰਤ ਨਾ ਕਰੇ। ਉਨ੍ਹਾਂ ਨੇ ਦੱਖਣੀ ਚੀਨ ਸਾਗਰ ਲਈ ਵੀ ਜ਼ਾਬਤਾ ਹੋਣ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਖੇਤਰ ਦੇ ਵੱਖ-ਵੱਖ ਮੁਲਕ ਚੀਨ ਦੀ ਵੱਧਦੀ ਫ਼ੌਜੀ ਮੌਜੂਦਗੀ ਦੇ ਦਬਾਅ ਨੂੰ ਝੱਲ ਰਹੇ ਹਨ। ਧਿਆਨ ਰਹੇ ਚੀਨ ਜ਼ਾਬਤੇ ਦਾ ਸਖ਼ਤ ਵਿਰੋਧ ਕਰਦਾ ਹੈ।
previous post