ਸੰਨ 2004 ਵਿਚ ਅਸੀਂ ਅਮਰੀਕਾ ਨਵੇਂ ਨਵੇਂ ਆਏ ਸੀ। ਇਕ ਦਿਨ ਮੈਂ ਕਿਤੇ ਜਾਣ ਲਈ ਸੜ੍ਹਕ ਕੰਢੇ ਬਸ ਸਟਾਪ ‘ਤੇ ਖੜ੍ਹਾ ਸਾਂ।ਇਕ ਸਰਦਾਰ ਜੀ ਨੇ ਮੇਰੇ ਕੋਲ ਆ ਕੇ ਕਾਰ ਰੋਕੀ ਤੇ ਮੈਨੂੰ ਪੁੱਛਿਆ ਕਿ ਤੁਸਾਂ ਕਿੱਥੇ ਜਾਣਾ ਜੇ ?
ਮੇਰੀ ਮੰਜਲ ਦਾ ਨਾਂ ਸੁਣਕੇ ਉਨ੍ਹਾਂ ਮੈਨੂੰ ਆਪਣੇ ਨਾਲ਼ ਕਾਰ ‘ਚ ਬਹਾ ਲਿਆ ਤੇ ਚੱਲ ਪਏ। ਰਾਹ ਵਿਚ ਮੈਂ ਸਰਦਾਰ ਜੀ ਨੂੰ ਵੈਸੇ ਈ ਪੁੱਛ ਲਿਆ ਕਿ ਸਰਦਾਰ ਸਾਹਬ ਤੁਸੀਂ ਕਿੱਥੇ ਜਾ ਰਹੇ ਹੋ ? ਉਹ ਬੜੇ ਮੋਹ ਪਿਆਰ ਨਾਲ ਕਹਿੰਦੇ-‘ਜਿੱਥੇ ਤੁਸਾਂ ਜਾਣਾ ਏਂ,ਮੈਂ ਪਹਿਲਾਂ ਓਥੇ ਹੀ ਜਾਸਾਂ !’
ਜਦ ਮੈਂ ਕਾਰ ‘ਚੋਂ ਉਤਰਨ ਵੇਲੇ ਉਨ੍ਹਾਂ ਦਾ ਧੰਨਵਾਦ ਕੀਤਾ ਤਾਂ ਉਹ ਬੋਲੇ-‘ਇੰਜ ਕਿਉਂ ਆਖਦੇ ਓ ਜੀ….ਇਹ ਕਾਰ ਵੀ ਧੁਆਡੀ ਏ ਤੇ ਦਾਸ ਵੀ ਧੁਆਡਾ ਭਿਰਾ ਏ !’
ਹੁਣ ਵੀਹ ਸਾਲ ਬਾਅਦ ਕੁੱਝ ਦਿਨ ਪਹਿਲਾਂ ਉਹ ਸਰਦਾਰ ਸਾਹਬ ਮੈਨੂੰ ਇਕ ਵਿਆਹ ਪਾਰਟੀ ਵਿਚ ਅਚਾਨਕ ਮਿਲ਼ ਪਏ! ਉਨ੍ਹਾਂ ਨੇ ਅੱਜ ਵੀ ਵੀਹ ਸਾਲ ਪਹਿਲਾਂ ਵਰਗੀ ਹੀ ਮਾਇਆ (ਮਾਂਡੀ) ਲੱਗੀ ਵਿਲੱਖਣ ਦਸਤਾਰ ਸਜਾਈ ਹੋਈ ਸੀ ਜਦਕਿ ਮੈਂ ਆਪਣੀ ਸਦਾਬਹਾਰ ਮਨਪਸੰਦ ਨੀਲੀ/ਕਾਲ਼ੀ ਪੱਗ ਦੀ ਥਾਂਹ ਆਪਣੀ ਘਰ ਵਾਲ਼ੀ ਨਾਲ਼ ‘ਮੈਚਿੰਗ’ ਕਰਦੇ ਰੰਗ ਵਾਲ਼ੀ ਦਸਤਾਰ ਸਜਾਈ ਹੋਈ ਸੀ!
ਇਸ ‘ਤੇ ਮੈਨੂੰ ਕਿਸੇ ਕਵੀ ਦਾ ਸ਼ਿਅਰ ਯਾਦ ਆ ਗਿਆ-
‘ਜੱਗ ਹੀ ਬਦਲ ਬਦਲ ਫਿਰ ਬਦਲੇ
ਸਰਮੱਦ ਨਾ ਸੁਕਰਾਤ ਬਦਲਦੇ !’