ਕੁੱਝ ਦਿਨ ਪਹਿਲਾਂ ਅਸੀਂ ਕੁੱਝ ਫਲ਼ ਫਰੂਟ ਅਤੇ ਸਬਜੀਆਂ ਲੈਣ ਵਾਸਤੇ ਆਪਣੇ ਸੈਨਹੋਜ਼ੇ ਸਿਟੀ (ਕੈਲੇਫੋਰਨੀਆਂ) ਦੇ ਇਕ ਇੰਡੀਅਨ ਸਟੋਰ ‘ਤੇ ਗਏ।ਉੱਥੇ ਹਦਵਾਣੇ ਅਤੇ ਖਰਬੂਜਿਆਂ ਦੇ ਲਾਗੇ ਹੀ ਇਕ ਹੋਰ ਡੱਬੇ ਵਿਚ ਪਏ ਹਰੀ-ਪੀਲ਼ੇ ਰੰਗਾਂ ਦੇ ‘ਫਰੂਟ’ ਨੇ ਮੇਰਾ ਧਿਆਨ ਖਿੱਚਿਆ। ਲਾਗੇ ਜਾ ਕੇ ਦੇਖਿਆ ਤਾਂ ਐਨ ਖਰਬੂਜਿਆਂ ਵਰਗਾ ਹੀ ਲੱਗਦਾ ਇਹ ਕੋਈ ਮਿੱਠਾ ਫਲ਼ ਨਹੀਂ ਸੀ ਸਗੋਂ ਜ਼ਹਿਰ ਵਰਗੇ ਕੌੜੇ ‘ਤੁੰਮੇਂ’ ਪਏ ਸਨ !
ਮੇਰੇ ਜ਼ਿਹਨ ਵਿਚ ਰਾਗ ਜੈਤਸਰੀ ਦੀ ਵਾਰ ਵਿਚਲੀ ਇਹ ਪੰਕਤੀ ਆ ਗਈ:-
‘ਪੇਖੰਦੜੋ ਕੀ ਭੁੱਲ ਤੁੰਮਾ ਦਿਸਮੁ ਸੋਹਣਾ॥’
ਹੋਰ ਜਾਣਕਾਰੀ ਲੈਣ ਵਾਸਤੇ ਮੈਂ ਉਸੇ ਵੇਲੇ ਆਪਣੇ ਫੋਨ ‘ਤੇ ਠੂੰਗਾ ਮਾਰ ਕੇ ‘ਮਹਾਨ ਕੋਸ਼’ ਵਿਚ ਵੀ ਤੁੰਮੇ ਬਾਰੇ ਦੇਖਿਆ। ਉੱਥੇ ਲਿਖਿਆ ਪੜ੍ਹਿਆ-‘ਤੁੰਮਾਂ ਦੇਖਣ ਵਿਚ ਖਰਬੂਜੇ ਅਤੇ ਮਤੀਰੇ ਜੇਹਾ ਸੁੰਦਰ ਹੁੰਦਾ ਹੈ ਪਰ ਵਿਚੋਂ ਬਹੁਤ ਕੌੜਾ ਹੋਇਆ ਕਰਦਾ ਹੈ…!’
ਚੰਗੇ-ਭਲੇ ਬੀਬੇ ਰਾਣੇ ਦਿਸਦੇ ਸੱਜਣਾ ਦੇ ਮੂੰਹੋਂ ਵੀ ਦਿਲ ਲੂਹਣ ਵਰਗੇ ਕੌੜੇ ਬੋਲ ਨਿਕਲਣ ਦੀਆਂ ਖਬਰਾਂ ਸੁਣਕੇ ਮੈਂ ਸੋਚਾਂ ਕਿ ਯਾਰੋ ਅਸੀਂ ਵੀ ਤਾਂ ਬਹੁਤਾਤ ਗਿਣਤੀ ਵਿਚ ਬਾਹਰੋਂ ਭਾਵੇਂ ਲੋਕਾਂ ਨੂੰ ਹਦਵਾਣੇ ਜਾਂ ਖਰਬੂਜੇ ਵਰਗੇ ਮਿੱਠੇ ਦਿਸਦੇ ਹੋਈਏ ਪਰ ਅੰਦਰੋਂ ਅਸੀਂ ਕਈ ਵਾਰ ਕੌੜ-ਤੁੰਮੇਂ ਹੀ ਨਿਕਲ਼ਦੇ ਹਾਂ !
ਕੀ ਖਿਆਲ ਹੈ ਦੋਸਤੋ ?