Articles

“ਐ ਪੰਜਾਬ ਕਰਾਂ ਕੀ ਸਿਫਤ ਤੇਰੀ”

ਪੰਜਾਬ ਦੀ ਰੂਹ -ਏ-ਰਵਾਂ ਲਾਲਾ ਧਨੀ ਰਾਮ ਚਾਤ੍ਰਿਕ।
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਪੰਜਾਬ ਦੀ ਰੂਹ -ਏ-ਰਵਾਂ ਲਾਲਾ ਧਨੀ ਰਾਮ ਚਾਤ੍ਰਿਕ 4 ਅਕਤੂਬਰ 1876 ਤੋਂ 18 ਦਸੰਬਰ 1954 ਤੱਕ ਸ਼ਰੀਰ ਕਰਕੇ ਤਾਂ ਨਹੀਂ ਅਤੇ ਰਚਨਾਵਾਂ ਕਰਕੇ ਅੱਜ ਵੀ ਸਾਡੇ ਦਰਮਿਆਨ ਹਨ। ਲਾਲਾ ਜੀ, ਧਨੀ ਰਾਮ, ਚਾਤ੍ਰਿਕ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਨਾਵਾਂ ਵਿੱਚ ਕੀ ਹੈ?ਇਹ ਸ਼ੈਕਸਪੀਅਰ ਦੇ ਕਥਨ ਅਨੁਸਾਰ ਹਨ ਕਿ ਗੁਲਾਬ ਨੂੰ ਨਾਂ ਨਾਲ ਫਰਕ ਨਹੀਂ ਪੈਂਦਾ,ਨਾ ਜੋ ਮਰਜ਼ੀ ਹੋਵੇ ਸੁਗੰਧੀ ਤਾਂ ਉਹੀ ਰਹੇਗੀ।ਇਸ ਤਰ੍ਹਾਂ ਚਾਤ੍ਰਿਕ ਦੀ ਵੀ ਰਚਨਾਵਾਂ ਕਰਕੇ ਸੁਗੰਧੀ ਉਹੀ ਹੈ ਨਾਂ ਕਈ ਕਹੇ ਜਾ ਸਕਦੇ ਹਨ। ਪੰਜਾਬੀਆਂ ਦਾ ਝੰਡਾ ਬਰਦਾਰ ਪੰਜਾਬ ਨੂੰ ਸੰਬੋਧਿਤ ਹੋ ਕੇ ਕਹਿੰਦਾ ਹੈ,”ਮੇਰੇ ਕੋਲ ਅਲਫਾਜ਼ ਨਹੀਂ ਹਨ ਕਿ ਤੇਰੀ ਸਿਫ਼ਤ ਕਿੰਝ ਕਰਾਂ?” ਆਲੇ ਦੁਆਲੇ ਦਾ ਵਰਣਨ ਕਰਕੇ ਲੱਗਦਾ ਹੈ ਕਿ ਸੁੰਦਰਤਾ, ਦਰਿਆ, ਜਰਖੇਜ਼ ਜ਼ਮੀਨ ਅਤੇ ਪਰਬਤ ਤੇਰੀ ਸ਼ਾਨ ਵਧਾਉਂਦੇ ਹਨ। ਦੇਸ਼ ਪਿਆਰ ਅਤੇ ਭਗਤੀ ਦੀਆਂ ਗੱਲਾਂ ਸੱਚ ਬਿਆਨਦਾ ਹੈ। ਪੰਜਾਬ ਸਿਹਾਂ ਤੇਰਾਂ ਛਤਰ ਭਾਰਤ ਮਾਤਾ ਦੇ ਸਿਰ ਉੱਤੇ ਹੈ। ਪੰਜਾਬੀਆਂ ਦੀ ਸੂਰਬੀਰਤਾ ਕਰਕੇ ਵੈਰੀ ਪੰਜਾਬ ਵੱਲ ਮੂੰਹ ਨਹੀਂ ਕਰ ਸਕਦੇ। ਇਤਿਹਾਸ ਵੀ ਇਹੀ ਹੈ। ਪੰਜਾਬ ਦਾ ਦੇਸ਼ ਕੌਮ ਪ੍ਰਤੀ ਹਕੀਕਤ ਅਤੇ ਮਿਜ਼ਾਜ ਇਹ ਦੱਸਿਆ ਹੈ ਕਿ ਘਰ ਦੇ ਪਿਆਰ ਤੋਂ ਹੀ ਦੇਸ਼ ਪਿਆਰ ਪੈਦਾ ਹੁੰਦਾ ਹੈ। ਪੰਜਾਬੀਆਂ ਅਤੇ ਪੰਜਾਬ ਦੇ ਸੁਹੱਪਣ ਅਤੇ ਨਿੱਘ ਵਿੱਚੋਂ ਕੌਮੀ ਪਿਆਰ ਦਾ ਚਸ਼ਮਾ ਫੁੱਟਦਾ ਹੈ। ਪੰਜਾਬ ਪ੍ਰਤੀ ਲਾਲਾ ਧਨੀ ਰਾਮ ਚਾਤ੍ਰਿਕ ਦੀਆਂ ਰਚਨਾਵਾਂ ਵਿੱਚੋਂ ਵਾਰਿਸ ਸ਼ਾਹ ਵੀ ਬੋਲਦਾ ਹੈ, “ਵਾਰਿਸ ਸ਼ਾਹ ਨਿਬਾਹੀਏ ਤੋੜ ਤਾਈਂ,ਪ੍ਰੀਤ ਲਾਇ ਕੇ ਪਿੱਛਾ ਨਾ ਹਟੀਏ ਨੀਂ”

“ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਮੀਂਹ ਦੀ ਉਡੀਕ ਵਿੱਚ ਸਿਆੜ ਕੱਢਕੇ,
ਮਾਲ ਟਾਂਡਾ ਸਾਂਭਣੇ ਨੂੰ ਕਾਮਾ ਛੱਡਕੇ,
ਪੱਗ ਝੱਗਾ ਚਾਦਰਾ ਨਵਾਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,
ਕੱਛੇ ਮਾਰੀ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ”
ਚਾਤ੍ਰਿਕ ਨੇ ਆਪਣੀਆਂ ਰਚਨਾਵਾਂ ਵਿੱਚ ਆਲੇ-ਦੁਆਲੇ ਦੇ ਜੀਵਨ , ਰਮਜ਼ਾਂ, ਧੁਨੀਆਂ ਅਤੇ ਪੰਜਾਬੀਅਤ ਨੂੰ ਇੱਕ ਗੁਲਦਸਤੇ ਵਾਂਗ ਰਚਨਾਵਾਂ ਵਿੱਚ ਨਿਹਾਰ ਕੇ ਹਕੀਕੀ ਅਤੇ ਯਥਾਰਥ ਭਰਿਆ ਸੁਨੇਹਾ ਦਿੱਤਾ। ਉਹਨਾਂ ਨੇ ਆਪਣੀਆਂ ਕਵਿਤਾਵਾਂ ਵਿੱਚ ਆਪਣਾ ਕਬਜ਼ਾ ਨਹੀਂ ਦਰਸਾਇਆ, ਬਲਕਿ ਕਵਿਤਾ ਨਾਲ ਸਦੀਵੀ ਪਹਿਚਾਣ ਬਣਾ ਕੇ ਲਹਿੰਦੇ -ਚੜ੍ਹਦੇ ਵਿੱਚ ਅਮਰ ਹੋਏ। ਵਿਸਾਖੀ ਦੇ ਮੇਲੇ ਅਤੇ ਜੱਟਾਂ ਦੇ ਰਹਿਣ ਸਹਿਣ ਨੂੰ ਜੋ ਰੂਪ ਦਿੱਤਾ ਉਸ ਨਾਲ ਮੇਲੇ,ਜੱਟ ਅਤੇ ਪੰਜਾਬ ਅਤੀਤ ਤੋਂ ਅੱਜ ਤੱਕ ਸੱਭਿਆਚਾਰਕ ਮੰਜ਼ਿਲ ਵੱਲ ਅਗੇਰੇ ਕਦਮ ਪੁੱਟੀ ਜਾ ਰਿਹਾ ਹੈ। ਸਮਾਂ ਬਦਲ ਗਿਆ,ਪਰ ਆਨੰਦ ਉਹੀ ਹੈ। ਕਾਵਿ ਰਚਨਾਵਾਂ ਵਿੱਚ ਮੇਲੇ ਪੰਜਾਬੀਆਂ ਦੀ ਰੂਹ ਅਤੇ ਖੇਤ ਬੰਨੇ ਜਿੰਦ-ਜਾਨ ਹਨ।
ਪੰਜਾਬੀ ਲਈ ਚਿੰਤਾ ਸਮਾਈ ਬੈਠਾ ਕਾਫੀ ਕਵਿਤਾਵਾਂ ਲਿਖਦਾ ਹੈ,ਪਰ ‘ਪੰਜਾਬੀ ਮਾਤਾ ਦੀ ਦੁਹਾਈ’ ਕਵਿਤਾ ਰਾਹੀਂ ਉਸ ਨੇ ਦੋ ਕਰੋੜ ਪੰਜਾਬੀਆਂ ਦੀ ਚਿੰਤਾ ਜ਼ਾਹਰ ਕਰਦਿਆਂ ਮੋਹ ਪ੍ਰਗਟ ਕੀਤਾ।ਅੱਜ ਵੀ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਲਈ ਉਹੀ ਸੁਨੇਹਾ ਕਾਇਮ ਹੈ।ਜਾਗੋ ਜਾਗੋ ਜਾਗੋ ਨੂੰ ਪੁਕਾਰਿਆ,
” ਮੇਰਾ ਦੋ ਕਰੋੜ ਕਬੀਲਾ ਕੋਈ ਝੱਬਦੇ ਕਰਿਓ ਹੀਲਾ,
ਮੈਂ ਘਰ ਦੀ ਮਾਲਕਿਆਣੀ ਹੁੰਦੀ,ਜਾ ਰਹੀ ਪਰਾਈ ਵੇ”
ਪੰਜਾਬੀਆਂ ਨੂੰ ਜਾਗਦੇ ਰਹੋ ਦਾ ਹੋਕਾ ਦਿੰਦਾ ਰਿਹਾ।
ਗੁਲਾਮੀ ਨੂੰ ਦੁਰਕਾਰ ਕੇ ਪੰਜਾਬ ਦੀ ਆਨ-ਸ਼ਾਨ” ਨੂੰ ਸੰਵਾਰਨ ਲਈ ਤਤਪਰ ਹੈ। ਨੌਜਵਾਨਾਂ ਅਤੇ ਸੂਰਬੀਰਾਂ ਨੂੰ ਜਾਗਦੇ ਰਹਿਣ ਦਾ ਹੋਕਾ ਦਿੰਦਾ ਹੈ,”ਓ ਕੌਮ ਦੇ ਸਿਪਾਹੀਓ” ਕਵਿਤਾ ਰਾਹੀਂ ਜਵਾਨੀ ਨੂੰ ਤਸਵੀਰ ਖਿੱਚ ਕੇ ਇਉਂ ਦਿੰਦਾ ਹੈ,
“ਤੁਸੀਂ ਹੀ ਬਚਾਉਣੀ ਏ ਆਨ ਸ਼ਾਨ ਕੌਮ ਦੀ,
ਤੁਸੀਂ ਓ ਖੂਨ ਕੌਮ ਦਾ, ਤੁਸੀਂ ਓ ਜਾਨ ਕੌਮ ਦੀ,
ਤੁਸੀਂ ਬਣੋ ਜ਼ਬਾਨ ਏਸ ਬੇਜ਼ਬਾਨ ਕੌਮ ਦੀ,
ਦਿਲਾਂ ਨੁ ਬਾਦਬਾਨ ਵਾਂਗ ਚੌੜਿਆਂ ਬਣਾ ਦਿਓ,
ਮੁਸ਼ਕਿਲਾਂ ਤੋਂ ਪਾਰ ਲਾ ਦਿਓ”
ਪੰਜਾਬ ਦੇ ਕਿਸਾਨ ਦੀ ਗਰੀਬੀ ਚਾਤ੍ਰਿਕ ਦੇ ਸਮੇਂ ਤੋਂ ਹੁਣ ਤੱਕ ਉਹੀ ਹੈ।ਉਸ ਸਮੇਂ ਅੰਗਰੇਜ਼ਾਂ ਦੀ ਹੁਣ ਆਪਣਿਆਂ ਦੀ ਮਾਰ ਹੈ। ਆਪਣਿਆਂ ਦੀ ਮਾਰ ਇਸ ਇਮਾਨਦਾਰੀ ਅਤੇ ਸਾਧੂ ਬਿਰਤੀ ਨੂੰ ਪੈਣ ਕਰਕੇ ਜੀ ਵੱਧ ਦੁੱਖਦਾ ਹੈ। ਚਾਤ੍ਰਿਕ ਨੇ ਕਿਸਾਨ ਨੂੰ ਗਰੀਬ ਕਿਸਾਨ ਕਿਹਾ ਸੀ ਜੋ ਅੱਜ ਵੀ ਸੱਚੀ ਗਵਾਹੀ ਹੈ। ਤਾਰਿਆਂ ਦੀ ਲੋਅ ਚ ਖੇਤਾਂ ਨੂੰ ਪਾਣੀ, ਸ਼ਿਖਰ ਦੁਪਹਿਰੇ ਹਲ ਵਾਹੁਣਾ,ਕੁੱਕੜ ਦੀ ਬਾਂਗ ਨਾਲ ਫਿਰ ਖੇਤ ਵਿੱਚ,ਪੱਕੀ ਫਸਲ ਤੇ ਮਾਰ, ਕਰਜ਼ੇ ਦੀ ਮਾਰ ਅਤੇ ਬੋਹਲ਼ ਦੀ ਰਾਖੀ ਅੱਜ ਵੀ ਮੰਡੀਆਂ ਵਿੱਚ ਰੁਲਦੇ ਜੱਟ ਦੀ ਦਾਸਤਾਨ ਵਰਗੇ ਬਿਰਤਾਂਤ ਨਾਲ ਲੱਗਦਾ ਧਨੀ ਰਾਮ ਚਾਤ੍ਰਿਕ ਆ ਗਿਆ ਹੈ,
“ਪਿਛਲੇ ਪਹਿਰ ਤ੍ਰੇਲ ਦੇ, ਮੋਤੀ ਜੰਮਦੇ ਜਾਲ,
ਬੁੱਕਲੋਂ ਮੂੰਹ ਦੇ ਕੱਢੀਂ, ਪਾਲ਼ਾ ਪੈਂਦਾ ਖਾਣ,
ਇਸ ਵੇਲੇ ਤਾਰੇ ਜਗਦੇ ਵਿੱਚ ਅਸਮਾਨ, ਜਾਂ ਕੋਈ ਕਰਦਾ ਭਗਤ ਜਨ ਖੂਹੇ ਤੇ ਇਸ਼ਨਾਨ, ਜਾਂ ਇੱਕ ਕਿਸਮਤ ਦਾ ਬਲੀ,ਜਾਗ ਰਿਹਾ ਕਿਰਸਾਣ”
ਗੁਰੂ ਸਹਿਬਾਨ ਬਾਰੇ ਬਾ-ਖੂਬੀ ਲਿਖਿਆ ਹੈ। ਸ਼ਹੀਦੀਆਂ ਨੂੰ ਕਾਵਿ ਰਾਹੀਂ ਮੂੰਹ ਤੋਂ ਬੋਲਣ ਲਾ ਦਿੱਤਾ,
“ਤਪਦੀਆਂ ਲੋਹਾਂ ਤੇ ਆਸਣ ਕਰ ਲਿਆ,
ਗਰਮ ਰੇਤਾ ਉਪਰੋਂ ਵੀ ਜਰ ਲਿਆ”
“ਧਰਮ ਦੀ ਖਾਤਰ ਰਚੀ ਕੁਰਬਾਨਗਾਹ,
ਹੋ ਗਿਆ ਕੁਰਬਾਨ ਪੰਚਮ ਪਾਤਿਸ਼ਾਹ”
ਪੰਚਮ ਪਾਤਸ਼ਾਹ ਦੀ ਕੁਰਬਾਨੀ ਨੂੰ ਸੁਰਜੀਤ ਪਾਤਰ ਨੇ ਇਸੇ ਪ੍ਰਸੰਗ ਵਿੱਚ ਲਿਖਿਆ ਸੀ ਕਿ ਤੱਤੀ ਤਵੀ ਤੇ ਬੈਠ ਕੇ ਬਣਦੇ ਸੱਚੇ ਪਾਤਸ਼ਾਹ। ਗੁਰੂਆਂ ਦੀ ਦਾਸਤਾਨ ਲਿਖਦਾ ਆਖਿਰ ਨਿਬੇੜਾ ਕਰਦਾ ਹੈ ਕਿ:-
ਕੌਮ ਸ਼ੀਸ਼ ਦੇ ਕੇ ਅਨਾਥ ਹੋਣੋਂ ਬਚਾ ਲਈ,
“ਸ਼ੀਸ਼ ਕਰ ਕੁਰਬਾਨ, ਸ਼ਾਨ ਬਚਾ ਲਈ,
ਨਾਥ ਹੋਇ ਅਨਾਥ ਕੌਮ ਬਚਾ ਲਈ”
ਸ਼ਾਹ ਅਸਵਾਰ ਇਸ ਕਵੀ ਨੇ ਪੰਜਾਬੀ ਕਵਿਤਾ ਦੇ ਸੰਸਥਾਪਕ ਦਾ ਰੁਤਬਾ ਪਾਇਆ।ਲੇਖਣੀ ਅਤੀਤ ਤੇ ਵਰਤਮਾਨ ਵਿੱਚ ਕੜੀ ਦਾ ਕੰਮ ਕਰਦੀ ਹੈ।ਉਹ ਪਹਿਲੇ ਕਵੀ ਸਨ, ਜੋ 18 ਦਸੰਬਰ 1954 ਨੂੰ ਸਰੀਰਕ ਰੂਪ ਵਿੱਚ ਚਲੇ ਗਏ, ਕਵਿਤਾ ਕਰਕੇ ਜੀਉਂਦੇ ਹੋਣ ਕਰਕੇ ਉਹਨਾਂ ਨੂੰ ਅਭਿਨੰਦਨ ਗ੍ਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ ਸੀ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin