“ਵਿਕਟੋਰੀਆ ਦੇ ਵਿੱਚ ਯਹੂਦੀ ਵਿਰੋਧਵਾਦ ਦੀਆਂ ਚੱਲ ਰਹੀਆਂ ਤੇਜ ਹਵਾਵਾਂ ਨੂੰ ਠੱਲ੍ਹ ਪਾਉਣ, ਸਮਾਜਿਕ ਤੇ ਭਾਈਚਾਰਕ ਏਕਤਾ ਨੂੰ ਬਣਾਈ ਰੱਖਣ ਅਤੇ ਉਤਸ਼ਾਹਿਤ ਕਰਨ ਤੇ ਨਵੇਂ ਉਪਾਵਾਂ ਨੂੰ ਲਾਗੂ ਕਰਨ ਦੇ ਲਈ ਇੱਕ ‘ਲੋਕਲ ਐਨਹੈਂਸਮੈਂਟ ਐਂਡ ਏਡ’ (LEAH) ਗਰੁੱਪ ਨਾਮਕ ਇੱਕ ਨਵੇਂ ਸਲਾਹਕਾਰ ਬੋਰਡ ਦੀ ਸਥਾਪਨਾ ਕੀਤੀ ਹੈ ਜਿਸਦੀ ਅਗਵਾਈ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਸਭ ਤੋਂ ਲੰਬਾ ਸਮਾਂ ਰਹਿ ਚੁੱਕੇ ਚੇਅਰਪਰਸਨ, ਜੌਰਜ ਲੇਕਾਕਿਸ ਕਰਨਗੇ।”
ਪ੍ਰੀਮੀਅਰ ਜੈਸਿੰਟਾ ਐਲਨ ਨੇ ‘ਇੰਡੋ ਟਾਈਮਜ਼’ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਯਹੂਦੀ ਵਿਰੋਧਵਾਦ ਨਾਲ ਨਜਿੱਠਣ ਅਤੇ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਮੁੱਖ-ਉਪਾਵਾਂ ਵਿੱਚ ਹਮਾਸ, ਹਿਜ਼ਬੁੱਲਾ ਅਤੇ ਗੋਰੇ ਰਾਸ਼ਟਰਵਾਦੀ ਸਮੂਹਾਂ ਨਾਲ ਜੁੜੇ ਅੱਤਵਾਦੀ ਪ੍ਰਤੀਕਾਂ ਦੇ ਜਨਤਕ ਪ੍ਰਦਰਸ਼ਨਾਂ ‘ਤੇ ਪਾਬੰਦੀ ਲਗਾਉਣਾ ਸ਼ਾਮਲ ਹੈ। ਪ੍ਰਦਰਸ਼ਨਕਾਰੀਆਂ ਨੂੰ ਫੇਸ ਮਾਸਕ ਪਹਿਨਣ ਅਤੇ ਜਨਤਕ ਥਾਵਾਂ ‘ਤੇ ਵਿਘਨ ਪਾਉਣ ਲਈ ਗੂੰਦ, ਚੇਨ ਅਤੇ ਤਾਲੇ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨ ‘ਤੇ ਵੀ ਪਾਬੰਦੀ ਲਗਾਈ ਜਾਵੇਗੀ। ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਸਾਬਕਾ ਚੇਅਰਪਰਨ ਜੌਰਜ ਲੈਕਾਕਿਸ ਨੂੰ ਸਥਾਨਕ ਸੁਧਾਰ ਅਤੇ ਸਹਾਇਤਾ (LEAH) ਗਰੁੱਪ ਨਾਮਕ ਇੱਕ ਨਵੇਂ ਸਲਾਹਕਾਰ ਸਮੂਹ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਇਹ ਸਮੂਹ ਖ਼ਤਰਿਆਂ ਨੂੰ ਜਲਦੀ ਹੱਲ ਕਰਨ ਲਈ ਯਹੂਦੀ ਨੇਤਾਵਾਂ, ਕੌਂਸਲਾਂ ਅਤੇ ਸੁਰੱਖਿਆ ਸੇਵਾਵਾਂ ਨਾਲ ਮਿਲਕੇ ਕੰਮ ਕਰੇਗਾ।”
ਪ੍ਰੀਮੀਅਰ ਨੇ ਕਿਹਾ ਹੈ ਕਿ, “ਯਹੂਦੀ-ਵਿਰੋਧੀ ਇੱਕ ਅਤਿਅੰਤ ਅਤੇ ਕੱਟੜਪੰਥੀ ਮਾਹੌਲ ਵੱਲ ਵੱਧਦਾ ਜਾ ਰਿਹਾ ਹੈ ਅਤੇ ਨਵੇਂ ਉਪਾਵਾਂ ਦਾ ਮਕਸਦ ਜਨਤਕ ਸੁਰੱਖਿਆ ਦੇ ਨਾਲ-ਨਾਲ ਵਿਰੋਧ ਕਰਨ ਦੇ ਅਧਿਕਾਰ ਨੂੰ ਸੰਤੁਲਿਤ ਕਰਨਾ ਹੈ। ਸਰਕਾਰ ਇੱਕ ‘ਸਮਾਜਿਕ ਏਕਤਾ ਦਾ ਵਚਨ’ ਵੀ ਪੇਸ਼ ਕਰੇਗੀ, ਜਿਸ ਵਿੱਚ ਬਹੁ-ਸੱਭਿਆਚਾਰਕ ਸਮੂਹਾਂ ਨੂੰ ਰਾਜ ਫੰਡਿੰਗ ਲਈ ਯੋਗ ਹੋਣ ਲਈ ਸਮਾਵੇਸ਼ੀ ਮੁੱਲਾਂ ਨੂੰ ਕਾਇਮ ਰੱਖਣ ਦੀ ਲੋੜ ਹੋਵੇਗੀ। ਵੰਡੀਆਂ ਪਾਉਣ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹ ਵਿੱਤੀ ਸਹਾਇਤਾ ਗੁਆਉਣ ਦਾ ਜੋਖਮ ਲੈਂਦੇ ਹਨ।”
ਇਸੇ ਦੌਰਾਨ ਯਹੂਦੀ ਸਮੂਹਾਂ ਨੇ ਸਾਵਧਾਨੀ ਨਾਲ ਉਪਾਵਾਂ ਦਾ ਸਵਾਗਤ ਕੀਤਾ ਹੈ। ਵਿਕਟੋਰੀਆ ਦੀ ਯਹੂਦੀ ਕਮਿਊਨਿਟੀ ਕੌਂਸਲ ਦੇ ਸੀਈਓ ਨਾਓਮੀ ਲੇਵਿਨ ਨੇ ਤਬਦੀਲੀਆਂ ਦੀ ਨੇੜਿਓਂ ਨਿਗਰਾਨੀ ਕਰਨ ਦੀ ਮੰਗ ਕੀਤੀ, ਜਦੋਂ ਕਿ ਜ਼ਾਇਓਨਿਜ਼ਮ ਵਿਕਟੋਰੀਆ ਦੇ ਪ੍ਰਧਾਨ ਐਲਿਸ ਸ਼ਾਇਚਨਾ ਨੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੇ ਵਿਰੁੱਧ ਸਰਕਾਰ ਦੇ ਸਮਰਥਨ ਦੀ ਪ੍ਰਸ਼ੰਸਾ ਕੀਤੀ ਹੈ।
ਵਰਨਣਯੋਗ ਹੈ ਕਿ ਬੀਤੇ ਦਿਨ ਅੱਗ ਲਗਾਕੇ ਸਾੜ ਦਿੱਤੀ ਗਈ ਐਡਾਸ ਇਜ਼ਰਾਈਲ ਸਿਨਾਗੌਗ ਦੇ ਮੁੜ ਨਿਰਮਾਣ ਵਿੱਚ ਸਰਕਾਰ ਨੇ ਸਹਾਇਤਾ ਕਰਨ ਦਾ ਵਾਅਦਾ ਵੀ ਕੀਤਾ ਹੈ। ਇਸ ਤੋਂ ਇਲਾਵਾ, ਵਿਕਟੋਰੀਆ ਦੇ ਅੰਤਰ-ਧਾਰਮਿਕ ਸੰਵਾਦ ਪ੍ਰੋਗਰਾਮ, ਬਿਲਡਿੰਗ ਬ੍ਰਿਜ, ਜੋ ਕਿ ਹਾਲ ਹੀ ਵਿੱਚ ਬਹੁ-ਧਾਰਮਿਕ ਭਾਈਚਾਰੇ ਵਿੱਚ ਤਣਾਅ ਕਾਰਨ ਰੁਕ ਗਿਆ ਸੀ, ਨੂੰ ਮੁੜ ਸੁਰਜੀਤ ਕਰਨ ਦੇ ਯਤਨ ਕੀਤੇ ਜਾਣਗੇ।