Articles

ਮੁੱਖ-ਮੰਤਰੀ ਤੋਂ ਮਿਲ਼ੇ ਸੋਨ-ਸੁਨਹਿਰੀ ਸਨਮਾਨ ਦੀ ਸਾਖੀ ?

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਅਤੇ 'ਆਪ' ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਕੈਬਨਿਟ ਮਨਿਸਟਰ, ਲੇਖਕ ਦੇ ਨਾਲ।
ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਇਹ ਲੇਖ ਪੜ੍ਹਦਿਆਂ ਪਾਠਕਾਂ ਦੇ ਮਨਾਂ ਵਿਚ ਮੇਰੇ ਬਾਰੇ ਪੈਦਾ ਹੋਣ ਵਾਲ਼ੇ ਸ਼ੱਕ ਦੀ ਨਵਿਰਤੀ ਵਜੋਂ ਪਹਿਲਾਂ ਹੀ ਦੱਸ ਦਿਆਂ ਕਿ ਮੈਂ ਜਮ੍ਹਾਂਦਰੂ ਅਕਾਲੀ ਹਾਂ ਪਰ ਅਕਾਲੀ ਦਲ ਨੂੰ ਇਕ ਟੱਬਰ ਦੀ ਜਕੜ ਤੋਂ ਮੁਕਤ ਕਰਨ ਵਾਸਤੇ ਹੋਰ ਅਨੇਕਾਂ ਪੰਜਾਬੀਆਂ/ਸਿੱਖਾਂ ਵਾਂਗ ਪੰਜਾਬ ਵਿਚ ਆਈ ਸਿਆਸੀ ਤਬਦੀਲੀ ਦਾ ਹਮਾਇਤੀ ਬਣਿਆਂ ਸਾਂ। ਪੰਜਾਬ ਵਿਚ ਪਹਿਲੀ ਵਾਰ ‘ਆਮ ਆਦਮੀ ਪਾਰਟੀ’ ਵਲੋਂ ਚੋਣਾ ਲੜਨ ਮੌਕੇ ਮੈਂ ਉਚੇਚਾ ਨਹੀਂ ਸਗੋਂ ਆਪਣੇ ਨਿਜੀ ਰੁਟੀਨ ਮੁਤਾਬਿਕ ਹੀ ਆਪਣੇ ਪਿੰਡ ਪਹੁੰਚਿਆ ਸੀ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨਾਲ਼ ਜੁੜੇ ਹੋਏ ਆਪਣੇ ਮਿੱਤਰ ਮਾਸਟਰ ਗੁਰਚਰਨ ਸਿੰਘ ਬਸਿਆਲ਼ਾ ਨਾਲ ਉਦੋਂ ਗੜ੍ਹਸ਼ੰਕਰ ਲਾਗੇ ਹੋਈ ‘ਆਪ’ ਦੀ ਇੱਕ ਚੋਣ ਰੈਲੀ ਵਿਚ ਸ਼ਾਮਲ ਹੋਇਆ ਸਾਂ ਜਿੱਥੇ ਸ੍ਰੀ ਭਗਵੰਤ ਸਿੰਘ ਮਾਨ ਪ੍ਰਚਾਰ ਕਰਨ ਆਏ ਹੋਏ ਸਨ।

ਮਾਨ ਸਾਹਬ ਦੀ ਕਲਾ ਦਾ ਪ੍ਰਸੰਸਕ ਹੋਣ ਤੋਂ ਇਲਾਵਾ ਉਨ੍ਹਾਂ ਨਾਲ ਮੇਰੀ ਏਨੀ ਕੁ ਜਾਣ ਪਹਿਚਾਣ ਹੀ ਸੀ ਕਿ ਜਦ ਉਨ੍ਹਾਂ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਤਾਂ ‘ਸੁਣ ਸੰਗਤੇ ਸੰਗਰੂਰ ਦੀਏ !’ ਸਿਰਲੇਖ ਵਾਲ਼ਾ ਮੇਰਾ ਇਕ ਅਖਬਾਰੀ ਲੇਖ ਪੜ੍ਹ ਕੇ ਉਨ੍ਹਾਂ ਮੈਨੂੰ ਅਮਰੀਕਾ ਨੂੰ ਫੋਨ ਕਰਿਆ ਸੀ।ਉਨ੍ਹਾਂ ਦੇ ਐੱਮ.ਪੀ ਜਾਂ ਮੁੱਖ ਮੰਤਰੀ ਬਣਨ ਬਾਅਦ ਮੈਂ ਅਮਰੀਕਾ ਤੋਂ ਪੰਜਾਬ ਜਾ ਕੇ ਕਈ ਕਈ ਮਹੀਨੇ ਆਪਣੇ ਪਿੰਡ ਰਹਿੰਦਾ ਰਿਹਾਂ ਪਰ ਨਾ ਮੈਂ ਕਦੇ ਮਾਨ ਸਾਹਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਕਦੇ ਫੋਨ ‘ਤੇ ਦੁਆ-ਸਲਾਮ ਕਰੀ। ਹਾਂ ਇਕ ਵਾਰ ਜਦ ਮੈਨੂੰ ਲੱਗਿਆ ਕਿ ਪਹਿਲੀ ਵਾਰ ਮੁੱਖ-ਮੰਤਰੀ ਬਣੇ ਮਾਨ ਸਾਹਬ ਦੁਆਲ਼ੇ ਅਫਸਰਸ਼ਾਹੀ ਜੁੰਡਲੀ ਬਣਾ ਰਹੀ ਹੈ ਤਾਂ ਮੈਂ ਉਨ੍ਹਾਂ ਨੂੰ ਆਗਾਹ ਕਰਨ ਲਈ ਲੇਖ ਲਿਖਿਆ ਸੀ-‘ਬ੍ਰੈਕਟਾਂ ਪਾਉਣੀ ਬਾਬੂਸ਼ਾਹੀ ਤੋਂ ਬਚ ਕੇ ਭਗਵੰਤ ਮਾਨ ਜੀ !’

ਪਿਛਲੇ ਸਾਲ 9 ਸਤੰਬਰ 2023 ਵਾਲ਼ੇ ਦਿਨ ‘ਰੋਜ਼ਾਨਾ ਸਪੋਕਸਮੈਨ’ ਦੇ ਮੁੱਖ ਸਫੇ ਉੱਪਰ ਸੁਖਬੀਰ ਸਿੰਘ ਬਾਦਲ ਉੱਤੇ ਤਿੱਖਾ ਵਿਅੰਗ-ਬਾਣ ਛੱਡਦਾ ਮੇਰਾ ਇਕ ਛੋਟਾ ਜਿਹਾ ਲੇਖ ‘ਸੁਖਬੀਰ ਬਾਦਲ ਨੇ ਕੁੰਡਾ ਖੜਕਾਇਆ ਐ ?’ ਛਪਿਆ, ਜਿਸਨੂੰ ਪੜ੍ਹ ਕੇ ਮੁੱਖ-ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਨੇ ਅਮਰੀਕਾ ਫੋਨ ਕਰਕੇ ਮੇਰੀ ਸ਼ਲਾਘਾ ਕੀਤੀ।ਸੁਭਾਅ ਮੁਤਾਬਿਕ ਕੁੱਝ ਹਾਸਾ ਮਜ਼ਾਕ ਕਰਦਿਆਂ ਉਨ੍ਹਾਂ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਨਹੀਂ ਆਉਂਦੇ ਹੁੰਦੇ? ਜਦ ਮੈਂ ਹਰੇਕ ਸਾਲ ਆਪਣੇ ਪਿੰਡ ਆਉਣ ਅਤੇ ਕਈ ਕਈ ਮਹੀਨੇ ਰਹਿ ਕੇ ਜਾਣ ਦੀ ਗੱਲ ਦੱਸੀ ਤਾਂ ਉਹ ਥੋੜੇ ਹਿਰਖ ਕੇ ਕਹਿੰਦੇ ਕਿ ਫਿਰ ਮੈਨੂੰ ਮਿਲਣ ਕਿਉਂ ਨਹੀਂ ਆਉਂਦੇ ਤੁਸੀਂ? ਨਾਲ਼ ਹੀ ਉਨ੍ਹਾਂ ਵਲੋਂ ‘ਹੁਣ ਕਦੋਂ ਪੰਜਾਬ ਆਉਣਾ ? ‘ਪੁੱਛਣ ‘ਤੇ ਜਦ ਮੈਂ ਦੱਸਿਆ ਕਿ ਦਸੰਬਰ ਵਿਚ ਹੀ ਆ ਰਿਹਾ ਹਾਂ ਤਾਂ ਉਹ ਹੱਸਦਿਆਂ ਕਹਿੰਦੇ ਕਿ ਆਹ ਮੇਰਾ ਪ੍ਰਸਨਲ ਨੰਬਰ ਨੋਟ ਕਰ ਲਉ, ਮੈਨੂੰ ਇਕ ਵਾਰ ਪੰਜਾਬ ਆਉਣ ਦੀ ਇਤਲਾਹ ਦੇ ਦਿਉ ਪਿੰਡੋਂ ਮੈਂ ਆਪੇ ‘ਚੁੱਕ ਲਿਆਊਂ’ ਤੁਹਾਨੂੰ !

ਲਉ ਜੀ 5 ਦਸੰਬਰ 2023 ਨੂੰ ਮੈਂ ਅਮਰੀਕਾ ਤੋਂ ਦੁਪਾਲ ਪੁਰ ਪਹੁੰਚ ਗਿਆ। ਮੁੱਖ-ਮੰਤਰੀ ਨਾਲ਼ ਮੈਨੂੰ ਕੋਈ ਕੰਮ ਤਾਂ ਹੈ ਨਹੀਂ ਸੀ, ਸੋ ਹਫਤਾ ਕੁ ਜੱਕੋ-ਤੱਕੀ ‘ਚ ਪਿਆ ਰਿਹਾ। ਪਰ ਇਕ ਦਿਨ ਮੈਂ ਮਾਨ ਸਾਹਬ ਨੂੰ ਫੋਨ ਕਰਿਆ ਤਾਂ ਉਨ੍ਹਾਂ ਦੇ ਸਹਾਇਕ ਨੇ ਪੰਜ ਕੁ ਮਿੰਟ ਬਾਅਦ ਮੇਰੀ ਮਾਨ ਸਾਹਬ ਨਾਲ਼ ਗੱਲ ਕਰਾ ਦਿੱਤੀ ਤੇ ਉਨ੍ਹਾਂ ਮੈਨੂੰ 22 ਦਸੰਬਰ ਸਵੇਰੇ ਗਿਆਰਾਂ ਵਜੇ ਮਿਲਣ ਦਾ ਸਮਾਂ ਦੇ ਦਿੱਤਾ।

ਇਕੱਲਾ ਜਾਣ ਦੀ ਬਜਾਏ ਮੈਂ ਆਪਣੇ ਨਾਲ਼ ਅਮਰੀਕਾ ਤੋਂ ਹੀ ਬੀਰੋਵਾਲ਼ (ਪੰਜਾਬ) ਆਏ ਆਪਣੇ ਮਿੱਤਰ ਜਸਪਾਲ ਸਿੰਘ ਵਿਰਕ, ਇੰਪਰੂਵਮੈਂਟ ਟ੍ਰਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਅਤੇ ‘ਆਪ’ ਦੇ ਯੂਥ ਆਗੂ ਮਨਦੀਪ ਸਿੰਘ ਅਟਵਾਲ ਨੂੰ ਵੀ ਤਿਆਰ ਕਰ ਲਿਆ। ਸਮੇਤ ਡ੍ਰਾਈਵਰ ਅਸੀਂ ਪੰਜੇ ਜਣੇ ਮਿੱਥੇ ਸਮੇਂ ਉੱਤੇ ਮੁੱਖ-ਮੰਤਰੀ ਨਿਵਾਸ ਚੰਡੀਗੜ੍ਹ ਜਾ ਪਹੁੰਚੇ। ਗਰਮਾ ਗਰਮ ਕੌਫੀ ਨਾਲ਼ ਬਰਫੀ ਖੁਆ ਕੇ ਸਟਾਫ ਨੇ ਸਾਨੂੰ ਇਕ ਕਮਰੇ ਵਿਚ ਬਿਠਾ ਲਿਆ। ਸਾਡੇ ਆਇਆਂ ਦੀ ਸੂਚਨਾ ਅੰਦਰ ਪਹੁੰਚਣ ‘ਤੇ ਪੀ.ਏ ਨੇ ਬਾਹਰ ਆ ਕੇ ਸਾਨੂੰ ਦੱਸਿਆ ਕਿ ‘ਸਾਹਬ’ ਇਕ ਜਰੂਰੀ ਮੀਟੰਗ ਕਰ ਰਹੇ ਨੇ ‘ਵੇਟ’ ਕਰਿਉ!

ਅੱਧੇ ਕੁ ਘੰਟੇ ਬਾਅਦ ਇਕ ਸਰਦਾਰ ਜੀ ਸਾਡੇ ਕੋਲ ਆ ਕੇ ਕਹਿੰਦੇ ‘ਦੁਪਾਲ ਪੁਰੀ ਜੀ’ ਕੌਣ ਨੇ ਤੁਹਾਡੇ ਨਾਲ਼? ਮੈਂ ਹੁੰਗਾਰੇ ਵਜੋਂ ਸਿਰ ਹਿਲਾਇਆ ਤਾਂ ਉਹ ਮੈਨੂੰ ਕਹਿੰਦੇ ਆਉ ਜੀ ਅੰਦਰ ਚੱਲੀਏ! ਮੈਂ ਆਪਣੇ ਸਾਥੀਆਂ ਵੱਲ੍ਹ ਦੇਖਿਆ ਤਾਂ ਉਹ ਸਰਦਾਰ ਜੀ ਕਹਿੰਦੇ ਇਨ੍ਹਾਂ ਨੂੰ ਵੀ ਮਿਲ਼ਾਉਂਦੇ ਹਾਂ ਪਰ ਪਹਿਲਾਂ ਤੁਸੀਂ…!

ਮੈਂ ਸੋਚ ਰਿਹਾ ਸਾਂ ਕਿ ਅੰਦਰ ਵੱਡੇ ਬਾਦਲ ਵਾਂਗ ਮੁੱਖ-ਮੰਤਰੀ ਭੀੜ ‘ਚ ਘਿਰਿਆ ਬੈਠਾ ਹੋਵੇ ਗਾ ਪਰ ਮੈਂ ਦੇਖ ਕੇ ਹੈਰਾਨ ਰਹਿ ਗਿਆ! ਭਗਵੰਤ ਸਿੰਘ ਮਾਨ ਇਕੱਲਾ ਹੀ ਖੜ੍ਹਾ ਸੀ ਤੇ ਮੇਰੇ ਅੰਦਰ ਵੜਦਿਆਂ ਹੀ ਉਹ ਕੋਡਾ ਹੋ ਕੇ ਮੇਰੇ ਗੋਡੀਂ ਹੱਥ ਲਾਉਣ ਲਈ ਅਹੁਲ਼ਿਆ ਪਰ ਮੈਂ ਛੇਤੀ ਦੇਣੀ ਉਸਦੇ ਹੱਥ ਫੜ ਲਏ ਤੇ ਉਸਨੇ ਮੈਨੂੰ ਗਲਵੱਕੜੀ ਪਾ ਕੇ ਫਤਹਿ ਬੁਲਾਈ…ਹਾਲ-ਹਵਾਲ ਪੁੱਛਿਆ! ਉਹ ਮੈਨੂੰ ਕਮਰੇ ਤੋਂ ਬਾਹਰਵਾਰ ਚਿੜੀ-ਛਿੱਕੇ ਵਾਲ਼ੇ ਗ੍ਰਾਊਂਡ ਵਿਚ ਡੱਠੀਆਂ ਕੁਰਸੀਆਂ ਵੱਲ ਲੈ ਗਏ। ਉਨ੍ਹਾਂ ਨਿਜੀ ਸੇਵਾਦਾਰ ਤੋਂ ਤਾਜ਼ਾ ਗਜ਼ਰੇਲਾ, ਬਰਫੀ ਅਤੇ ਕੌਫੀ ਮੰਗਵਾ ਲਈ। ਲਗਭਗ ਅੱਧਾ ਘੰਟਾ ਅਸੀਂ ਦੋਵੇਂ ਇਕੱਲੇ ਬੈਠੇ ਗੱਲਾਂ ਬਾਤਾਂ ਕਰਦੇ ਰਹੇ।

ਫਿਰ ਕਮਰੇ ਵਿਚ ਆ ਕੇ ਉਨ੍ਹਾਂ ਸਟਾਫ ਨੂੰ ਇਸ਼ਾਰਾ ਕੀਤਾ ਤੇ ਮੈਨੂੰ ਬੜੇ ਪਿਆਰ ਸਤਿਕਾਰ ਨਾਲ਼ ਚੌਵੀ ਕੈਰਟ ਸੋਨੇ ਨਾਲ਼ ਪਲੇਟਿਡ ਸ੍ਰੀ ਦਰਬਾਰ ਸਾਹਿਬ ਦਾ ਮੋਮੈਂਟੇ ਭੇਂਟ ਕੀਤਾ! ਉਸੇ ਵੇਲੇ ਅਮਨ ਅਰੋੜਾ ਜੀ ਅੰਦਰ ਆ ਗਏ ਤੇ ਮਾਨ ਸਾਹਬ ਨੂੰ ਮੇਰੇ ਬਾਰੇ ਪੁੱਛਣ ਲੱਗੇ। ਮੁੱਖ-ਮੰਤਰੀ ਨੇ ਬੜੇ ਮਾਣ ਸਤਿਕਾਰ ਵਾਲ਼ੇ ਵਿਸ਼ੇਸ਼ਣ ਲਾਉਂਦਿਆਂ ਅਰੋੜਾ ਜੀ ਨਾਲ਼ ਮੇਰਾ ਤੁਆਰਫ ਕਰਾਇਆ। ਅਰੋੜਾ ਸਾਹਬ ਮੁਸਕ੍ਰਾ ਕੇ ਕਹਿੰਦੇ ਕਿ ਫਿਰ ਤਾਂ ਮੈਂ ਵੀ ‘ਕਲਮਕਾਰ’ ਨੂੰ ਸਨਮਾਨਿਤ ਕਰਨਾ ਹੈ ਜੀ! ਫਿਰ ਮਾਨ ਸਾਹਬ ਮੇਰਾ ਹੱਥ ਫੜ ਕੇ ਉਸ ਕਮਰੇ ‘ਚ ਆ ਗਏ ਜਿੱਥੇ ਮੇਰੇ ਸਾਥੀ ਬੈਠੇ ਸਨ। ਉਨ੍ਹਾਂ ਨੂੰ ਵੀ ਮਾਨ ਸਾਹਬ ਨੇ ਬੜੇ ਤਪਾਕ ਨਾਲ ਮਿਲ਼ ਕੇ ਗੱਲਬਾਤ ਕੀਤੀ ਚਾਹ-ਪਾਣੀ ਛਕਾਉਣ ਮਗਰੋਂ ਫੋਟੋਆਂ ਖਿਚਵਾਈਆਂ।

ਮੁੱਖ-ਮੰਤਰੀ ਵਲੋਂ ਹੋਏ ਇਸ ਮਾਣ-ਸਨਮਾਨ ਮੌਕੇ ਸਰਕਾਰੀ ਫੋਟੋਗ੍ਰਾਫਰ ਵਲੋਂ ਖਿੱਚੀਆਂ ਹੋਈਆਂ ਫੋਟੋਆਂ ਮੈਂ ਪ੍ਰਵਾਰਕ ਮੈਂਬਰਾਂ ਜਾਂ ਕੁੱਝ ਕੁ ਅਤਿ ਨੇੜਲੇ ਮਿੱਤਰਾਂ ਤੋਂ ਇਲਾਵਾ ਅੱਜ ਤੱਕ ਕਿਸੇ ਨੂੰ ਕਦੇ ਨਹੀਂ ਦਿਖਾਈਆਂ। ਲੇਖਕ ਹੋਣਾ ਤਾਂ ਦੂਰ ਦੀ ਕੌਡੀ ਹੈ ਜਿਸ ਕਰਕੇ ਲੇਖਕਾਂ ਵਾਂਗ ਮੈਂ ਇਹ ਮਾਣ-ਸਨਮਾਨ ਸੋਸ਼ਲ ਸਾਈਟ ‘ਤੇ ਵੀ ਹੁਣ ਤੱਕ ਸਾਂਝਾ ਨਹੀਂ ਕੀਤਾ। ਹੁਣ ਮੈਂ ਸੋਚਿਆ ਕਿ ਇਹ ਸਨਮਾਨ ਹੋਏ ਨੂੰ 22 ਦਸੰਬਰ 2024 ਵਾਲ਼ੇ ਦਿਨ ਪੂਰਾ ਇਕ ਸਾਲ ਹੋ ਗਿਆ ਐ। ਸਾਲ ਬਾਅਦ ਤਾਂ ਇਹ ਫੋਟੋਆਂ ‘ਜਨਤਕ ਕਰਨ’ ਦਾ ਮਜ਼ਾ ਲੈ ਹੀ ਲੈਣਾ ਚਾਹੀਦਾ ਐ ! ਕਿਉਂ ਜੀ ਮਿੱਤਰੋ ?

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin