Punjab

ਪੰਥਕ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ

ਬਠਿੰਡਾ – ਮੋਹਾਲੀ ਵਿਚ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਨੂੰ ਫੇਲ੍ਹ ਕਰਨ ਦੇ ਮਨੋਰਥ ਨਾਲ ਪੁਲਿਸ ਨੇ ਪੰਥਕ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਪੁਲਿਸ ਨੇ ਇਸ ਦੌਰਾਨ ਪੰਥਕ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਨਜ਼ਰਬੰਦ ਕਰ ਦਿੱਤਾ। ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਗੁਰਦੀਪ ਸਿੰਘ ਬਠਿੰਡਾ ਦੇ ਘਰ ਵੀ ਛਾਪੇਮਾਰੀ ਕੀਤੀ, ਪਰ ਉਹ ਘਰ ਨਹੀਂ ਮਿਲ ਸਕੇ। ਜ਼ਿਕਰਯੋਗ ਹੈ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਸ਼ਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਗਾਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਵੱਲ ਮਾਰਚ ਕਰਕੇ ਉਸਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਘਿਰਾਓ ਅਤੇ ਰੋਸ ਮਾਰਚ ਨੂੰ ਫੇਲ੍ਹ ਕਰਨ ਲਈ ਜ਼ਿਲ੍ਹਾ ਪੁਲਿਸ ਨੇ ਵੱਡੀ ਪੱਧਰ ’ਤੇ ਪੰਥਕ ਆਗੂਆਂ ਦੇ ਘਰਾਂ ਵਿਚ ਛਾਪੇਮਾਰੀ ਕੀਤੀ। ਕਈ ਪੰਥਕ ਛਾਪੇਮਾਰੀ ਦੇ ਖਤਰੇ ਨੂੰ ਦੇਖਦਿਆਂ ਪਹਿਲਾਂ ਹੀ ਰੂਪੋਸ਼ ਹੋ ਗਏ ਸਨ।

ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂ ਸੁਰਿੰਦਰ ਸਿੰਘ ਨਥਾਣਾ ਦੇ ਘਰ ਛਾਪੇਮਾਰੀ ਕਰਦਿਆਂ ਉਸ ਨੂੰ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ, ਜਦੋਂ ਕਿ ਪਿੰਡ ਪੂਹਲਾ ਵਿਚ ਜੋਬਨਦੀਪ ਸਿੰਘ ਪੂਹਲਾ ਨੂੰ ਨਜ਼ਰਬੰਦ ਕੀਤਾ ਗਿਆ। ਪੁਲਿਸ ਸਵੇਰੇ ਕਰੀਬ ਚਾਰ ਵਜੇ ਸੁਰਿੰਦਰ ਸਿੰਘ ਨਥਾਣਾ ਦੇ ਘਰ ਪੁੱਜੀ ਅਤੇ ਉਨ੍ਹਾਂ ਨੂੰ ਕਹਿ ਦਿੱਤਾ ਕਿ ਉਹ ਹੁਣ ਅਗਲੇ ਹੁਕਮਾਂ ਤਕ ਘਰ ਤੋਂ ਬਾਹਰ ਨਹੀਂ ਜਾ ਸਕਣਗੇ। ਇਸ ਤਰ੍ਹਾਂ ਪਿੰਡ ਨਥਾਣਾ ਵਿਚ ਪੁਲਿਸ ਨੇ ਛਾਪੇਮਾਰੀ ਕਰਦਿਆਂ ਗੁਰਮੀਤ ਸਿੰਘ ਬੱਜੋਆਣਾ ਨੂੰ ਉਨ੍ਹਾਂ ਦੇ ਘਰ ਵਿਚ ਹੀ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਦੇ ਘਰ ਵੀ ਪੁਲਿਸ ਸਵੇਰੇ ਕਰੀਬ ਚਾਰ ਵਜੇ ਪੁੱਜੀ ਅਤੇ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਦੀ ਮਨਾਹੀ ਕਰ ਦਿੱਤੀ। ਇਨ੍ਹਾਂ ਪੰਥਕ ਆਗੂਆਂ ਨੂੰ ਪੁਲਿਸ ਨੇ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ। ਜਦੋਂ ਕੌਮੀ ਇਨਸਾਫ ਮੋਰਚੇ ਦਾ ਮਾਰਚ ਅਤੇ ਪ੍ਰੋਗਰਾਮ ਖਤਮ ਹੋ ਗਿਆ ਤਾਂ ਉਕਤ ਆਗੂਆਂ ਦੀ ਨਜ਼ਰਬੰਦੀ ਖਤਮ ਕਰ ਦਿੱਤੀ ਗਈ।

ਸ੍ਰੋਮਣੀ ਅਕਾਲੀ ਦਲ ਫਤਿਹ ਦੇ ਆਗੂ ਭਾਈ ਸੁਰਿੰਦਰ ਸਿੰਘ ਨਥਾਣਾ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ’ਤੇ ਚੱਲ ਕੇ ਸਿੱਖਾਂ ਨੂੰ ਜਲੀਲ ਕਰਨ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਬੰਦੀ ਸਿੱਖ ਕੈਦੀਆਂ ਦੀ ਰਿਹਾਈ ਲਈ ਸ਼ਾਂਤਮਈ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੂਰੇ ਸੂਬੇ ਅੰਦਰ ਪੰਥਕ ਆਗੂਆਂ ਨੂੰ ਪੰਜਾਬ ਸਰਕਾਰ ਨੇ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਧਰਨਿਆਂ ਮੁਜਾਰਿਆਂ ਵਿੱਚੋਂ ਨਿਕਲੀ ਪਾਰਟੀ ਹੈ ਪਰ ਪੰਜਾਬ ਅੰਦਰ ਸਰਕਾਰ ਬਣਦਿਆਂ ਹੀ ਇਨ੍ਹਾਂ ਸ਼ਾਂਤਮਈ ਰੋਸ ਮਾਰਚਾਂ ਉੱਪਰ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ।

Related posts

ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ !

admin

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਡੀਓਏ, ਸੀਐਨਆਈ, ਆਪਣੇ ਸਥਾਪਨਾ ਦਿਵਸ ‘ਤੇ ਬਾਈਕ ਰੈਲੀ ਤੇ ਧੰਨਵਾਦ ਪ੍ਰਾਰਥਨਾ ਸਭਾ ਆਯੋਜਤ ਕਰੇਗੀ !

admin