ਮਾਨਸਾ – ਸਰਬ ਭਾਰਤ ਨੌਜਵਾਨ ਸਭਾ (AIYF) ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਇਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ 90 ਘੰਟੇ ਕੰਮ ਹਫਤੇ ਦੀ ਤਜਵੀਜ ਖਿਲਾਫ ਅਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਇੱਥੇ BNEGA ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਆਗੂ ਤਰਸੇਮ ਸਿੰਘ ਨੇ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਹਰਮੇਲ ਉੱਭਾ ਨੇ ਕਿਹਾ ਕਿ ਮੌਜੂਦਾ ਕੇਂਦਰ ਦੀ ਸਰਕਾਰ ਅਤੇ ਦੇਸ਼ ਦੇ ਪੂੰਜੀਪਤੀਆਂ ਵੱਲੋਂ 12 ਘੰਟੇ ਕਾਨੂੰਨੀ ਕੰਮ ਦਿਹਾੜੀ ਅਤੇ 90 ਘੰਟੇ ਦਾ ਹਫਤਾ ਨੀਤੀਆਂ ਲਾਗੂ ਕਰਨ ਦੀਆਂ ਤਜਵੀਜ਼ਾਂ ਲਿਆਂਦੀਆਂ ਜਾਂ ਰਹੀਆਂ ਹਨ ਜਿਸ ਨਾਲ ਕਿਰਤੀਆਂ ਦੀ ਭਾਰੀ ਆਰਥਿਕ ਲੁੱਟ ਲਈ ਪੂੰਜੀਪਤੀਆਂ ਨੂੰ ਖੁਲੀ ਛੋਟ ਮਿਲ ਜਾਵੇਗੀ। ਇਸ ਤਜਵੀਜ ਦੇ ਲਾਗੂ ਹੋਣ ਨਾਲ ਕੰਮ ‘ਤੇ ਲੱਗੇ ਕਾਮਿਆਂ ਦਾ ਕੰਮ ਬੋਝ ਖਤਰਨਾਕ ਹੱਦ ਤੱਕ ਵੱਧ ਜਾਵੇਗਾ ਅਤੇ ਦੂਜੇ ਪਾਸੇ ਐਤਵਾਰ ਦੀ ਛੁੱਟੀ ਵੀ ਖ਼ਤਮ ਹੋ ਜਾਵੇਗੀ ਜੋ ਕਿ ਦੇਸ਼ ਅਤੇ ਕਿਰਤੀਆਂ ਵਿਰੋਧੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਆਗੂਆਂ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਇਸ ਏ. ਆਈ. ਭਾਵ ਆਰਟੀਫਿਸ਼ੀਅਲ ਇੰਟੈਲੀਜੇਂਸੀ ਦੇ ਦੌਰ ਵਿੱਚ ਪੈਦਾਵਾਰ ਅਤੇ ਸੇਵਾਵਾਂ ਦੇ ਖੇਤਰ ਵਿਚ ਏ. ਆਈ. ਮਸ਼ੀਨਾਂ ਨੇ ਚਮਤਕਾਰੀ ਤਬਦੀਲੀਆਂ ਲਿਆਂਦੀਆਂ ਹਨ ਕਿ ਸਾਲਾਂ ਵਾਲਾ ਕੰਮ ਕੁੱਝ ਕੁ ਦਿਨਾਂ ਵਿੱਚ ਹੋਣ ਲੱਗਿਆ ਹੈ। ਸਮਾਜ ਵਿਗਿਆਨ ਦੇ ਸਿਧਾਂਤ ਮੁਤਾਬਿਕ ਹੁਣ ਕੰਮ ਸਮਾਂ ਘੱਟ ਕਰਨ ਦੀ ਲੋੜ ਹੈ ਤਾਂ ਕਿ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ। ਉਹਨਾਂ ਇਹ ਵੀ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ BNEGA ਭਾਵ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ ਨੂੰ ਪਾਰਲੀਮੈਂਟ ਵਿਚੋਂ ਪਾਸ ਕਰਵਾਉਣ ਅਤੇ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਜੋ ਜਿੱਤ ਪ੍ਰਾਪਤੀ ਤੱਕ ਜਾਰੀ ਰਹੇਗਾ। ਉਕਤ ਆਗੂਆਂ ਨੇ ਇਹ ਵੀ ਕਿਹਾ ਕਿ ਬਨੇਗਾ ਪ੍ਰਾਪਤੀ ਮੁਹਿੰਮ ਵੱਲੋਂ ਇਹਨਾਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਜਿਲ੍ਹਾ ਹੈਡ ਕੁਆਟਰ ਤੇ ਡਿਪਟੀ ਕਮਿਸ਼ਨਰ ਦਫਤਰਾਂ ਅੱਗੇ ਮਹੀਨਾ ਵਾਰ ਬਨੇਗਾ ਪ੍ਰਦਰਸ਼ਨ ਕੀਤੇ ਜਾਇਆ ਕਰਨਗੇ ਜਿਸ ਦੀ ਅੱਜ ਇਥੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਪ੍ਰਦਰਸ਼ਨਾਂ ਨੂੰ ਦੇਸ਼ ਪੱਧਰ ਤੱਕ ਵਿਸਥਾਰ ਦੇਣ ਦੇ ਯਤਨ ਵੀ ਕੀਤੇ ਜਾਣਗੇ। ਇਸ ਬਨੇਗਾ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਗੁਰਜੀਤ ਕੌਰ ਸਰਦੂਲਗੜ੍ਹ, ਨਿਰਭੈ ਬੁਰਜ ਹਰੀ, ਪ੍ਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।