ਮਹਾਂਕੁੰਭ ਨਗਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤ੍ਰਿਵੇਣੀ ਦੇ ਸੰਗਮ ’ਤੇ ਡੁਬਕੀ ਲਾਈ। ਉਨ੍ਹਾਂ ਕਿਹਾ ਕਿ ਮਹਾਂਕੁੰਭ ਸਨਾਤਨ ਸੱਭਿਆਚਾਰ ਦੇ ਫ਼ਲਸਫ਼ੇ ਦਾ ਨਿਵੇਕਲਾ ਪ੍ਰਤੀਕ ਹੈ, ਜਿਸ ਦੀਆਂ ਜੜ੍ਹਾਂ ਸਦਭਾਵਨਾ ਵਿਚ ਹਨ। ਸ਼ਾਹ ਨੇ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਸੰਗਮ ’ਤੇ ਡੁਬਕੀ ਲਾਈ ਤੇ ਸੂਰਜ ਨੂੰ ਜਲ ਦਿੱਤਾ। ਉਨ੍ਹਾਂ ਸਿਖਰਲੇ ਸਾਧੂ ਸੰਤਾਂ ਦੀ ਨਿਗਰਾਨੀ ਵਿਚ ਹੋਰ ਧਾਰਮਿਕ ਰਸਮਾਂ ਨੂੰ ਪੂਰਾ ਕੀਤਾ। ਸੰਗਮ ਵਿਚ ਚੁੱਭੀ ਲਾਉਣ ਮੌਕੇ ਸ਼ਾਹ ਨਾਲ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਅਨਾਥ, ਹੋਰ ਸਾਧੂ-ਸੰਤ ਤੇ ਭਾਜਪਾ ਆਗੂ ਮੌਜੂਦ ਸਨ। ਇਸ ਮੌਕੇ ਯੋਗ ਗੁਰੂ ਰਾਮਦੇਵ ਵੀ ਹਾਜ਼ਰ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਜੈ ਸ਼ਾਹ ਸਣੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਸੰਗਮ ਉੱਤੇ ‘ਆਰਤੀ’ ਸਣੇ ਹੋਰਨਾਂ ਧਾਰਮਿਕ ਰਹੁ-ਰੀਤਾਂ ਵਿਚ ਸ਼ਿਰਕਤ ਕੀਤੀ। ਅਮਿਤ ਸ਼ਾਹ ਦੀ ਪਤਨੀ ਸੋਨਲ, ਨੂੰਹ ਰਿਸ਼ਿਤਾ ਤੇ ਉਨ੍ਹਾਂ ਦੇ ਬੱਚਿਆਂ ਨੇ ਵੀ ‘ਆਰਤੀ’ ਸਣੇ ਧਾਰਮਿਕ ਰਸਮਾਂ ਨਿਭਾਈਆਂ। ਸਾਧੂ ਸੰਤਾਂ ਨੇ ਜੈ ਸ਼ਾਹ ਤੇ ਰਿਸ਼ਿਤਾ ਦੇ ਨਵਜੰਮੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ। ਸ਼ਾਹ ਪਰਿਵਾਰ ਮਗਰੋਂ ਅਕਸ਼ੈਵਤਾ (ਪੁਰਾਤਨ ਰੁੱਖ) ਗਿਆ ਤੇ ਉਥੇ ਪੂਜਾ ਤੇ ਪ੍ਰਾਰਥਨਾ ਕੀਤੀ। ਇਸ ਪੁਰਾਤਨ ਰੁੱਖ ਦੀ ਹਿੰਦੂਆਂ ਵਿਚ ਬਹੁਤ ਮਾਨਤਾ ਹੈ। ਉਂਝ ਸ਼ਾਹ ਸੰਗਮ ਵਿਚ ਡੁਬਕੀ ਲਾਉਣ ਤੋਂ ਪਹਿਲਾਂ ਅਵਧੇਸ਼ਾਨੰਦ ਗਿਰੀਜੀ ਮਹਾਰਾਜ ਤੇ ਕੁਝ ਹੋਰਨਾਂ ਸਾਧੂ ਸੰਤਾਂ ਨੂੰ ਵੀ ਮਿਲੇ।