ਪਟਿਆਲਾ – ਕਿਸਾਨ ਅੰਦੋਲਨ-2 ਦੇ ਬੈਨਰ ਹੇਠ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ, ਢਾਬੀਗੁੱਜਰਾਂ ਅਤੇ ਰਤਨਪੁਰਾ ਬਾਰਡਰਾਂ ’ਤੇ ਸਾਢੇ ਗਿਆਰਾਂ ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚਿਆਂ ਦੀ ਚੜ੍ਹਦੀ ਕਲਾ ਅਤੇ 66 ਦਿਨਾਂ ਤੋਂ ਮਰਨ ਵਰਤ ’ਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤਯਾਬੀ ਲਈ ਅੱਜ ਢਾਬੀ ਗੁੱਜਰਾਂ ਬਾਰਡਰ ’ਤੇ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਸ੍ਰੀ ਡੱਲੇਵਾਲ ਵੀ ਨਤਮਸਤਕ ਹੋਏ ਪਰ ਉਨ੍ਹਾਂ ਨੂੰ ਜਲਦੀ ਹੀ ਵਾਪਸ ਟਰਾਲੀ ਵਿਚਲੇ ਵਿਸ਼ੇਸ਼ ਕਮਰੇ ’ਚ ਭੇਜ ਦਿੱਤਾ ਗਿਆ। ਉਂਝ ਇਸ ਮਗਰੋਂ ਉਨ੍ਹਾਂ ਨੂੰ ਬੁਖਾਰ ਚੜ੍ਹ ਗਿਆ ਤੇ ਡਾਕਟਰਾਂ ਨੇ ਉਨ੍ਹਾਂ ਦੀ ਮੁੜ ਨਿਗਰਾਨੀ ਕੀਤੀ। ਇਸ ਮੌਕੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਡੱਲੇਵਾਲ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਵੀ ਕੀਤੀ ਤੇ ਕੇਂਦਰ ਸਰਕਾਰ ’ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ’ਤੇ ਜ਼ੋਰ ਦਿੱਤਾ। ਦੂਜੇ ਬੰਨੇ ਇਸ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਤਿੰਨਾਂ ਹੀ ਬਾਰਡਰਾਂ ’ਤੇ ਕ੍ਰਮਵਾਰ 11, 12 ਅਤੇ 13 ਫਰਵਰੀ ਨੂੰ ਕੀਤੀਆਂ ਜਾ ਰਹੀਆਂ ਮਹਾਂਪੰਚਾਇਤਾਂ ਦੀਆਂ ਤਿਆਰੀਆਂ ਜਾਰੀ ਹਨ। ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਹਰਦੋਝੰਡੇ ਦਾ ਕਹਿਣਾ ਸੀ ਕਿ ਕਿਸਾਨਾਂ ਵਿਚ ਇਨ੍ਹਾਂ ਮਹਾਂਪੰਚਾਇਤਾਂ ਪ੍ਰਤੀ ਉਤਸ਼ਾਹ ਹੈ।
previous post