Punjab

ਪਾਕਿ ਦੇ ਐੱਮ. ਐੱਨ. ਏ. ਅਤੇ ਸੈਨੇਟਰ ਨੇ ਕੀਤਾ ਇਤਿਹਾਸਕ ਖਾਲਸਾ ਕਾਲਜ ਦਾ ਦੌਰਾ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਦਫ਼ਤਰ ਵਿਖੇ ਸ: ਰਜਿੰਦਰ ਮੋਹਨ ਸਿੰਘ ਛੀਨਾ ਪਾਕਿਸਤਾਨ ਦੇ ਐੱਮ. ਐੱਨ. ਏ. ਸ਼ਾਜ਼ੀਆ ਮੈਰੀ, ਮਨਾਜ਼ਾ ਹਸਨ ਅਤੇ ਸੈਨੇਟਰ ਕੁਰਤੈਨੁਲ ਮੈਰੀ ਨੂੰ ਕਾਲਜ ਦੀ ਕੌਫ਼ੀ ਟੇਬਲ ਬੁੱਕ ਭੇਂਟ ਕਰਦੇ ਹੋਏ ਨਾਲ ਹਨ ਡਾ. ਤਮਿੰਦਰ ਸਿੰਘ ਭਾਟੀਆ ਤੇ ਹੋਰ।

ਅੰਮ੍ਰਿਤਸਰ – ਅੱਜ ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪਾਕਿਸਤਾਨ ਦੇ ਐੱਮ. ਐੱਨ. ਏ. ਸ਼ਾਜ਼ੀਆ ਮੈਰੀ, ਮਨਾਜ਼ਾ ਹਸਨ ਅਤੇ ਸੈਨੇਟਰ ਕੁਰਤੈਨੁਲ ਮੈਰੀ ਨੇ ਆਪਣੇ ਦੌਰੇ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨਾਲ ਗੱਲਬਾਤ ਕਰਦਿਆਂ ਪੰਜਾਬ ਸੂਬੇ ਖਾਸ ਕਰਕੇ ਗੁਰੂ ਨਗਰੀ ਅੰਮ੍ਰਿਤਸਰ ਨੂੰ ਖੂਬਸੂਰਤ ਅਤੇ ਵਧੀਆ ਸ਼ਹਿਰ ਦੱਸਿਆ, ਉਥੇ ਉਨ੍ਹਾਂ ਨੇ ਭਾਰਤ-ਪਾਕਿ ਦੀ ਅਵਾਮ ਦੇ ਦਿਲਾਂ ’ਚ ਆਪਸੀ ਮਿਲਵਰਤਣ ਸਬੰਧੀ ਜੋ ਖਿੱਚੋਤਾਣ ਹੈ, ਉਸ ਨੂੰ ਜਲਦ ਕਬੂਲ ਹੋਣ ਲਈ ਅੱਲ੍ਹਾ-ਤਾਲਾ ਅੱਗੇ ਦੁਆ ਵੀ ਕੀਤੀ। ਇਸ ਵਿਚਾਰ ਚਰਚਾ ਦੌਰਾਨ ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਦੀ ਅਵਾਮ ਦੇ ਦਿਲਾਂ ’ਚ ਇਕਜੁਟ ਹੋਣ ਦੀ ਤਮੰਨਾ ਹੈ ਤਾਂ ਜੋ ਉਹ ਆਪਣੇ ਵਿਛੜਿਆਂ-ਪਿਆਰਿਆਂ ਅਤੇ ਘਰਾਂ ਨੂੰ ਮਿਲ ਸਕਣ।

ਪਾਕਿ ਦੇ ਸ਼ਾਜ਼ੀਆ, ਹਸਨ ਅਤੇ ਕੁਰਤੈਨੁਲ ਜੋ ਕਿ ਪਾਕਿਸਤਾਨ ਤੋਂ ਅੰਮ੍ਰਿਤਸਰ ਵਿਖੇ ਆਪਣੇ ਨਿੱਜੀ ਦੌਰੇ ’ਤੇ ਇੱਥੇ ਪੁੱਜੇ ਸਨ, ਨੇ ਸ: ਛੀਨਾ ਨਾਲ ਮਿਲ ਕੇ ਕਰੀਬ 132 ਸਾਲਾਂ ਤੋਂ ਸਮਾਜ ਦੀ ਵਿੱਦਿਅਕ ਖੇਤਰ ’ਚ ਸੇਵਾ ਕਰ ਰਹੀ ਸਿਰਮੌਰ ਸੰਸਥਾ ਦੀ ਸ਼ਲਾਘਾ ਕਰਦਿਆਂ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ। ਇਸ ਮੌਕੇ ਸ: ਛੀਨਾ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਆਪਸੀ ਰਿਸ਼ਤੇ ਮਜ਼ਬੂਤ ਅਤੇ ਸਰਹੱਦਾਂ ’ਤੇ ਖਿੱਚੀਆਂ ਨੂੰ ਮਿਟਾਉਣ ਲਈ ਉਕਤ ਪੁੱਜੀਆਂ ਸਖਸ਼ੀਅਤਾਂ ਨੂੰ ਪਾਕਿ ਸਰਕਾਰ ਅੱਗੇ ਮੰਗ ਨੂੰ ਉਠਾਉਣ ਅਤੇ ਅਗਾਂਹ ਹੋ ਕੇ ਪੈਰਵਾਈ ਕਰਨ ਦੀ ਗੱਲ ਕਹੀ।

ਇਸ ਮੌਕੇ ਸ: ਛੀਨਾ ਨੇ ਮੈਨੇਜ਼ਮੈਂਟ ਦਫ਼ਤਰ ਵਿਖੇ ਖ਼ਾਲਸਾ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਤਮਿੰਦਰ ਸਿੰਘ ਭਾਟੀਆ ਨਾਲ ਮਿਲ ਕੇ ਸ਼ਾਜ਼ੀਆ, ਹਸਨ ਅਤੇ ਕੁਰਤੈਨੁਲ ਨੂੰ ਕਾਲਜ ਦੀ ਕੌਫ਼ੀ ਟੇਬਲ ਬੁੱਕ ਯਾਦਗਾਰ ਵਜੋਂ ਭੇਂਟ ਕਰਕੇ ਸਨਮਾਨਿਤ ਕੀਤਾ। ਸ: ਛੀਨਾ ਨੇ ਕੈਂਪਸ ਸਥਿਤ ਗੁਰਦੁਆਰਾ ਸਾਹਿਬ, ਸੁੰਦਰ ਸਿੰਘ ਮਜੀਠੀਆ ਹਾਲ, ਲਾਇਬੇ੍ਰਰੀ, ਸਿੱਖ ਇਤਿਹਾਸ ਖੋਜ ਕੇਂਦਰ ਆਦਿ ਹੋਰ ਮਹੱਤਵਪੂਰਨ ਵੱਖ-ਵੱਖ ਵਿਭਾਗਾਂ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਪ੍ਰਦਾਨ ਕਰਦਿਆਂ ਦਹਾਕਿਆਂ ਤੋਂ ਇਸ ਸੰਸਥਾ ਵੱਲੋਂ ਸਮਾਜ ਦੇ ਵਿਕਾਸ ਅਤੇ ਤਰੱਕੀ ’ਚ ਆਪਣੇ ਯੋਗਦਾਨ ਬਾਰੇ ਚਾਨਣਾ ਪਾਇਆ।

ਇਸ ਮੌਕੇ ਕਾਲਜ ਦੀ ਖ਼ੂਬਸੂਰਤ ਇਮਾਰਤ ਨੂੰ ਵੇਖ ਕੇ ਅਤਿ ਪ੍ਰਭਾਵਿਤ ਹੋਏ ਸ਼ਾਜ਼ੀਆ, ਹਸਨ ਅਤੇ ਕੁਰਤੈਨੁਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਨ੍ਹਾਂ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਲਹਿੰਦੇ ਪੰਜਾਬ ’ਚ ਹੀ ਖੜ੍ਹੇ ਆਪਣੇ ਲਾਮਿਸਾਲ ਇਮਾਰਤਾਂ ਦਾ ਦੌਰਾ ਕਰਦੇ ਹੋਏ ਤੱਕ ਰਹੇ ਹਨ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਦੋਹਾਂ ਮੁਲਕਾਂ ’ਚ ਪ੍ਰੇਮ-ਪਿਆਰ ਅਤੇ ਇਤਫ਼ਾਕ ਦੀਆਂ ਤੰਦਾਂ ਨੂੰ ਮਜ਼ਬੂਤ ਕਰੇ ਤਾਂ ਹਿੰਦ-ਪਾਕਿ ਦੇ ਲੋਕ ਆਪਸੀ ਇਕ ਵਾਰ ਫ਼ਿਰ ਮਿਲ ਸਕਣ।

ਇਸ ਦੌਰਾਨ ਖ਼ਾਲਸਾ ਕਾਲਜ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਅਤੇ ਡਾ. ਭਾਟੀਆ ਨੇ ਸਾਂਝੇ ਤੌਰ ’ਤੇ ਸ਼ਾਜ਼ੀਆ, ਹਸਨ ਅਤੇ ਕੁਰਤੈਨੁਲ ਨੂੰ ਕਾਲਜ ਨਾਲ ਸਬੰਧਿਤ ਅਮੀਰ ਵਿਰਾਸਤ ਤੇ ਇਤਿਹਾਸ ਅਤੇ ਸ਼ਾਨਦਾਰ ਆਰਕੀਟੈਕਚਰ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਇਸ ਸੰਸਥਾ ’ਚ ਵਿੱਦਿਆ ਹਾਸਲ ਕਰਨ ਵਾਲੇ ਸਾਬਕਾ ਵਿਦਿਆਰਥੀ ਉਚ ਅਹੁੱਦਿਆਂ ’ਤੇ ਬਿਰਾਜਮਾਨ ਹੋ ਕੇ ਦੁਨੀਆ ਲਈ ਪ੍ਰੇਰਨਾਦਾਇਕ ਬਣੇ ਹੋਏ ਹਨ ਅਤੇ ਮੌਜ਼ੂਦਾ ਸਮੇਂ ’ਚ ਵੀ ਵਿਦਿਆਰਥੀਆਂ ਨਾਮਵਰ ਮੱਲ੍ਹਾਂ ਮਾਰ ਕੇ ਅਦਾਰੇ ਦਾ ਨਾਮ ਰੌਸ਼ਨਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਗੁਰੂ ਨਗਰੀ ਦੇ ਦੌਰੇ ਦੌਰਾਨ ਕਈ ਨਾਮਵਰ ਹਸਤੀਆਂ ਇਸ ਮਹਾਨ ਵਿੱਦਿਅਕ ਸੰਸਥਾ ’ਚ ਪੁੱਜ ਕੇ ਅਨਮੋਲ ਯਾਦਾਂ ਨੂੰ ਆਪਣੇ ਕੈਮਰਿਆਂ ’ਚ ਕੈਦ ਕਰਕੇ ਲੈ ਕੇ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸ: ਰਜਿੰਦਰ ਸਿੰਘ ਰੂਬੀ, ਅੰਡਰ ਸੈਕਟਰੀ ਸ: ਡੀ. ਐੱਸ. ਰਟੌਲ ਵੀ ਹਾਜ਼ਰ ਸਨ।

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin