India

ਮੋਦੀ ਨੇ ‘ਮੇਕ ਇਨ ਇੰਡੀਆ’ ਚੰਗੇ ਕਦਮ ਚੁੱਕੇ ਪਰ ਅਸਫ਼ਲ ਰਹੇ: ਰਾਹੁਲ ਗਾਂਧੀ

ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਬਜਟ ਸੈਸ਼ਨ ਦੌਰਾਨ ਸਦਨ ਵਿੱਚ ਬੋਲਦੇ ਹੋਏ। (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਉੱਤੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਯੂਪੀਏ ਅਤੇ ਐੱਨਡੀਏ ਸਰਕਾਰਾਂ ਬੇਰੁਜ਼ਗਾਰੀ ਨਾਲ ਸਿੱਝਣ ਵਿਚ ਨਾਕਾਮ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮੇਕ ਇਨ ਇੰਡੀਆ’ ਮੁਹਿੰਮ ਜਿਹੇ ਕੁਝ ਚੰਗੇ ਕਦਮ ਚੁੱਕੇ ਸਨ ਪਰ ਉਹ ਅਸਫ਼ਲ ਰਹੇ। ਮੋਦੀ ਦੀ ਹਾਜ਼ਰੀ ’ਚ ਰਾਹੁਲ ਨੇ ਰਾਸ਼ਟਰਪਤੀ ਦੇ ਭਾਸ਼ਣ ਵਿਚ ਕੁਝ ਵੀ ਨਵਾਂ ਨਾ ਹੋਣ ਦਾ ਦਾਅਵਾ ਕਰਦਿਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ 70 ਲੱਖ ਤੋਂ ਵਧ ਨਵੇਂ ਵੋਟਰ ਬਣਨ, ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਦੇ ਚੀਨ ਦੀ ਘੁਸਪੈਠ ਸਬੰਧੀ ਵੱਖੋ ਵੱਖਰੇ ਬਿਆਨਾਂ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਲਫ਼ਦਾਰੀ ਸਮਾਗਮ ਲਈ ਮੋਦੀ ਨੂੰ ਸੱਦਾ ਨਾ ਭੇਜਣ ਸਬੰਧੀ ਮੁੱਦਿਆਂ ’ਤੇ ਖੁੱਲ੍ਹ ਕੇ ਵਿਚਾਰ ਪ੍ਰਗਟਾਏ। ਉਨ੍ਹਾਂ ਮੁੱਖ ਚੋਣ ਕਮਿਸ਼ਨਰ ਦੀ ਚੋਣ ਲਈ ਬਣੀ ਕਮੇਟੀ ’ਚੋਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਹਟਾਉਣ ’ਤੇ ਵੀ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਾਂਗਰਸ ਆਗੂ ਨੂੰ ਆਪਣੇ ਦਾਅਵਿਆਂ ਸਬੰਧੀ ਸਬੂਤ ਪੇਸ਼ ਕਰਨ ਲਈ ਕਿਹਾ ਤਾਂ ਰਾਹੁਲ ਨੇ ਕਿਹਾ ਕਿ ਉਹ ਤੱਥਾਂ ਦੇ ਆਧਾਰ ’ਤੇ ਹੀ ਬਿਆਨ ਦੇ ਰਹੇ ਹਨ।

ਵਿਰੋਧੀ ਧਿਰ ਦੇ ਆਗੂ ਰਾਹੁਲ ਨੇ ਕਿਹਾ, ‘‘ਰਾਸ਼ਟਰਪਤੀ ਦੇ ਭਾਸ਼ਣ ’ਚ ਸਰਕਾਰ ਦੀਆਂ ਪ੍ਰਾਪਤੀਆਂ ਦੀ ਸੂਚੀ ’ਚ ਕੁਝ ਵੀ ਨਵਾਂ ਨਹੀਂ ਸੀ। ਦੇਸ਼ ਦੇ ਭਵਿੱਖ ਦਾ ਫ਼ੈਸਲਾ ਨੌਜਵਾਨ ਕਰਨਗੇ। ਮੋਦੀ ਜੀ ਦੀ ਮੇਕ ਇਨ ਇੰਡੀਆ ਮੁਹਿੰਮ ਚੰਗਾ ਵਿਚਾਰ ਸੀ ਪਰ ਇਹ ਨਾਕਾਮ ਰਹੀ। ਮੈਂਂ ਪ੍ਰਧਾਨ ਮੰਤਰੀ ’ਤੇ ਦੋਸ਼ ਨਹੀਂ ਲਗਾ ਰਿਹਾ ਹਾਂ ਕਿਉਂਕਿ ਇਹ ਆਖਣਾ ਠੀਕ ਨਹੀਂ ਕਿ ਉਨ੍ਹਾਂ ਕੋਈ ਕੋਸ਼ਿਸ਼ ਨਹੀਂ ਕੀਤੀ। ਮੇਕ ਇੰਨ ਇੰਡੀਆ ਮੁਹਿੰਮ ਦੌਰਾਨ ਨਿਰਮਾਣ ਤੇ ਉਤਪਾਦਨ ਜੀਡੀਪੀ ਦਾ 12.6 ਫ਼ੀਸਦ ਤੋਂ ਵਧ ਕੇ 15.3 ਫ਼ੀਸਦ ਪਹੁੰਚ ਗਿਆ ਸੀ।’’ ਉਨ੍ਹਾਂ ਕਿਹਾ ਕਿ 1990 ਤੋਂ ਬਾਅਦ ਸਾਰੀਆਂ ਸਰਕਾਰਾਂ ਨੇ ਖਪਤ ਦੇ ਮਾਮਲੇ ’ਚ ਵਧੀਆ ਕੰਮ ਕੀਤਾ ਪਰ ਮੌਜੂਦਾ ਸਰਕਾਰ ਉਤਪਾਦਨ ਬਣਾਈ ਰੱਖਣ ’ਚ ਨਾਕਾਮ ਰਹੀ ਹੈ। ਰਾਹੁਲ ਨੇ ਕਿਹਾ, ‘‘ਨਾ ਤਾਂ ਯੂਪੀਏ ਸਰਕਾਰ ਅਤੇ ਨਾ ਹੀ ਅੱਜ ਦੀ ਐੱਨਡੀਏ ਸਰਕਾਰ ਨੇ ਰੁਜ਼ਗਾਰ ਬਾਰੇ ਨੌਜਵਾਨਾਂ ਨੂੰ ਕੋਈ ਸਪੱਸ਼ਟ ਜਵਾਬ ਦਿੱਤਾ। ਮੁਲਕ ਨੂੰ ਹੁਣ ਖਪਤ ਤੋਂ ਉਤਪਾਦਨ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਇੰਜ ਨਾ ਹੋਇਆ ਤਾਂ ਵੱਡਾ ਘਾਟਾ ਪੈਦਾ ਹੋਵੇਗਾ, ਨਾਬਰਾਬਰੀ ਵਧੇਗੀ ਅਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ 2024 ਦੀਆਂ ਆਮ ਚੋਣਾਂ ’ਚ ਜਿੱਤ ਮਗਰੋਂ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ ਜੋ ਕਾਂਗਰਸ ਦੀ ‘ਸੰਵਿਧਾਨ ਬਚਾਓ’ ਮੁਹਿੰਮ ਦੀ ਨੈਤਿਕ ਜਿੱਤ ਹੈ। ਕਾਂਗਰਸ ਆਗੂ ਨੇ ਚੀਨ ਦਾ ਮੁੱਦਾ ਚੁਕਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਫੌਜ ਮੁਖੀ ਦੇ ਬਿਆਨ ਵੱਖੋ ਵੱਖਰੇ ਹਨ ਜਿਸ ’ਤੇ ਹੰਗਾਮਾ ਖੜ੍ਹਾ ਹੋ ਗਿਆ। ਰਾਹੁਲ ਨੇ ਦਾਅਵਾ ਕੀਤਾ ਕਿ ਗੁਆਂਢੀ ਮੁਲਕ ਨੇ ਭਾਰਤ ਦੇ 4 ਹਜ਼ਾਰ ਸਕੁਏਅਰ ਕਿਲੋਮੀਟਰ ਇਲਾਕੇ ’ਤੇ ਕਬਜ਼ਾ ਕਰ ਲਿਆ ਹੈ ਪਰ ਪ੍ਰਧਾਨ ਮੰਤਰੀ ਇਸ ਤੋਂ ਇਨਕਾਰ ਕਰਦੇ ਹਨ ਜਦਕਿ ਫੌਜ ਮੁਖੀ ਨੇ ਕਿਹਾ ਹੈ ਕਿ ਚੀਨੀ ਸਾਡੇ ਇਲਾਕੇ ’ਚ ਬੈਠੇ ਹੋਏ ਹਨ। ਇਸ ’ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, ‘‘ਜੋ ਤੁਸੀਂ ਸਦਨ ’ਚ ਬੋਲ ਰਹੇ ਹੋ, ਤੁਹਾਨੂੰ ਉਸ ਦੇ ਸਬੂਤ ਦੇਣੇ ਪੈਣਗੇ।’’ ਕਾਂਗਰਸ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਅਮਰੀਕੀ ਰਾਸ਼ਟਰਪਤੀ ਦੇ ਹਲਫ਼ਦਾਰੀ ਸਮਾਗਮ ’ਚ ਸੱਦਣ ਲਈ ਵਿਦੇਸ਼ ਮੰਤਰੀ ਨੂੰ ਨਹੀਂ ਭੇਜਿਆ ਜਾਣਾ ਚਾਹੀਦਾ ਸੀ ਸਗੋਂ ਜੇ ਮੁਲਕ ਦਾ ਸਨਅਤ ਆਧਾਰ ਮਜ਼ਬੂਤ ਹੁੰਦਾ ਤਾਂ ਅਮਰੀਕੀ ਰਾਸ਼ਟਰਪਤੀ ਖੁਦ ਇਥੇ ਆ ਕੇ ਪ੍ਰਧਾਨ ਮੰਤਰੀ ਨੂੰ ਸੱਦਾ ਦਿੰਦੇ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin

ਪੂਰੇ ਭਾਰਤ ‘ਚ ਇਕਸਮਾਨ ਟੋਲ ਨੀਤੀ ਹੋਵੇਗੀ: ਨਿਤਿਨ ਗਡਕਰੀ

admin