India

ਸ਼ਰਧਾਲੂਆਂ ਵਲੋਂ ਬਸੰਤ ਪੰਚਮੀ ਮੌਕੇ ਮਹਾਂਕੁੰਭ ’ਚ ਅੰਮ੍ਰਿਤ ਇਸ਼ਨਾਨ !

ਪ੍ਰਯਾਗਰਾਜ 'ਚ ਸੋਮਵਾਰ ਨੂੰ ਚੱਲ ਰਹੇ ਮਹਾਕੁੰਭ 2025 ਦੌਰਾਨ 'ਬਸੰਤ ਪੰਚਮੀ' ਦੇ ਮੌਕੇ 'ਤੇ ਤ੍ਰਿਵੇਣੀ ਸੰਗਮ 'ਚ ਅਖਾੜੇ ਦੇ ਮੈਂਬਰਾਂ ਨੇ 'ਅੰਮ੍ਰਿਤ ਸੰਨਾਨ' ਲਿਆ। (ਫੋਟੋ: ਏ ਐਨ ਆਈ)

ਮਹਾਂਕੁੰਭ ਨਗਰ – ਦੇਸ਼-ਵਿਦੇਸ਼ ਦੇ ਕਰੋੜਾਂ ਲੋਕਾਂ ਨੇ ਬਸੰਤ ਪੰਚਮੀ ਮੌਕੇ ਮਹਾਂਕੁੰਭ ’ਚ ਤੀਜੇ ਵੱਡੇ ‘ਅੰਮ੍ਰਿਤ ਇਸ਼ਨਾਨ’ ਦੌਰਾਨ ਪਵਿੱਤਰ ਗੰਗਾ ’ਚ ਡੁਬਕੀ ਲਗਾਈ। ਯੂਪੀ ਸਰਕਾਰ ਅਤੇ ਪ੍ਰਸ਼ਾਸਨ ਨੇ ਐਤਕੀਂ ਪੁਖ਼ਤਾ ਪ੍ਰਬੰਧ ਕੀਤੇ ਸਨ ਤਾਂ ਜੋ ਲੋਕਾਂ ਨੂੰ ਇਸ਼ਨਾਨ ਕਰਨ ’ਚ ਕੋਈ ਦਿੱਕਤ ਨਾ ਆਵੇ। ਮੌਨੀ ਮੱਸਿਆ ਮੌਕੇ 29 ਜਨਵਰੀ ਨੂੰ ‘ਅੰਮ੍ਰਿਤ ਇਸ਼ਨਾਨ’ ਮੌਕੇ ਭਗਦੜ ਫੈਲਣ ਕਾਰਨ 30 ਵਿਅਕਤੀ ਮਾਰੇ ਗਏ ਸਨ ਅਤੇ 60 ਹੋਰ ਜ਼ਖ਼ਮੀ ਹੋ ਗਏ ਸਨ।

ਬਸੰਤ ਪੰਚਮੀ ਮੌਕੇ ਬਹੁਤੇ ਸ਼ਰਧਾਲੂਆਂ ਨੇ ਵੱਖ ਵੱਖ ਘਾਟਾਂ ’ਤੇ ਗੰਗਾ ’ਚ ਡੁਬਕੀ ਲਗਾਉਣ ਨੂੰ ਤਰਜੀਹ ਦਿੱਤੀ ਕਿਉਂਕਿ ਭਗਦੜ ਦੀ ਘਟਨਾ ਤੋਂ ਝੰਬੀ ਉੱਤਰ ਪ੍ਰਦੇਸ਼ ਸਰਕਾਰ ਨੇ ਖਾਮੀ ਰਹਿਤ ਪਹੁੰਚ ਅਪਣਾਈ। ਡੁਬਕੀ ਲਗਾਉਣ ਵਾਲੇ ਸਾਧੂਆਂ ਅਤੇ ਸ਼ਰਧਾਲੂਆਂ ’ਤੇ ਹੈਲੀਕਾਪਟਰ ਰਾਹੀਂ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਅੱਜ ਦਾ ਆਖਰੀ ਅੰਮ੍ਰਿਤ ਇਸ਼ਨਾਨ ਹੈ ਜਦਕਿ ਦੋ ਹੋਰ ਵਿਸ਼ੇਸ਼ ਇਸ਼ਨਾਨ 12 ਫਰਵਰੀ ਨੂੰ ਮਾਘ ਦੀ ਪੁੰਨਿਆ ਅਤੇ 26 ਫਰਵਰੀ ਨੂੰ ਮਹਾਸ਼ਿਵਰਾਤਰੀ ਮੌਕੇ ਕੀਤੇ ਜਾਣਗੇ।

ਅਧਿਕਾਰੀਆਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੰਗਮ ਇਲਾਕੇ ’ਚ ਸੁਰੱਖਿਆ ਅਤੇ ਭੀੜ ਪ੍ਰਬੰਧਨ ਦੇ ਕਈ ਉਪਰਾਲੇ ਕੀਤੇ ਸਨ ਤਾਂ ਜੋ ਕਿਸੇ ਵੀ ਮੰਦਭਾਗੀ ਘਟਨਾ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੜਕੇ ਸਾਢੇ ਤਿੰਨ ਵਜੇ ਤੋਂ ਹੀ ਆਪਣੀ ਸਰਕਾਰੀ ਰਿਹਾਇਸ਼ ਤੋਂ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਡੀਆਈਜੀ (ਮਹਾਂਕੁੰਭ) ਵੈਭਵ ਕ੍ਰਿਸ਼ਨਾ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ ਕਿ ਭਾਰੀ ਭੀੜ ਵਾਲੇ ਇਲਾਕਿਆਂ ’ਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਮੇਲੇ ਦੇ ਇਲਾਕੇ ’ਚ ਵੱਡੇ ਤੜਕੇ ਤੋਂ ਹੀ ਗਸ਼ਤ ਸ਼ੁਰੂ ਕਰ ਦਿੱਤੀ ਸੀ। ਪਹੁ ਫੁਟਾਲੇ ’ਤੇ ਨਾਗਾ ਸਾਧੂਆਂ ਸਮੇਤ ਵੱਖ ਵੱਖ ਅਖਾੜਿਆਂ ਦੇ ਸਾਧ-ਸੰਤਾਂ ਨੇ ਤ੍ਰਿਵੇਣੀ ਸੰਗਮ ਵੱਲ ਚਾਲੇ ਪਾਏ ਅਤੇ ਸਵੇਰੇ 10 ਵਜੇ ਤੱਕ ਕਈ ਅਖਾੜਿਆਂ ਨੇ ਇਸ਼ਨਾਨ ਮੁਕੰਮਲ ਕਰ ਲਿਆ ਸੀ।

Related posts

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin

ਪੂਰੇ ਭਾਰਤ ‘ਚ ਇਕਸਮਾਨ ਟੋਲ ਨੀਤੀ ਹੋਵੇਗੀ: ਨਿਤਿਨ ਗਡਕਰੀ

admin

ਦਿੱਲੀ ਦੀ ਜਨਤਾ ਆਪ-ਭਾਜਪਾ ਦੇ ਮਾੜੇ ਸ਼ਾਸਨ ਤੋਂ ਤੰਗ ਆ ਚੁੱਕੀ ਹੈ: ਪ੍ਰਿਯੰਕਾ ਗਾਂਧੀ

admin