ਜਲੰਧਰ (ਪਰਮਿੰਦਰ ਸਿੰਘ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਜ਼ਾਰਾਂ ਸ਼ਰਧਾਲੂ ਸੰਗਤਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪਾਵਨ ਪ੍ਰਕਾਸ਼ ਪੁਰਬ ਸਮਾਗਮ ਚ ਸ਼ਾਮਿਲ ਹੋਣ ਲਈ ਜਲੰਧਰ ਰੇਲਵੇ ਸਟੇਸ਼ਨ ਤੋਂ ਬੇਗਮਪੁਰਾ ਐਕਸਪ੍ਰੈਸ ਟ੍ਰੇਨ ਰਾਹੀਂ ਸਤਿਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਯੂਪੀ ਲਈ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਤੇ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਪਬਲਿਕ ਚੈਰੀਟੇਬਲ ਟਰਸਟ ਬਨਾਰਸ ਯੂਪੀ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਸਰਪ੍ਰਸਤੀ ਹੇਠ 9 ਫਰਵਰੀ ਐਤਵਾਰ ਨੂੰ ਰਵਾਨਾ ਹੋਵੇਗੀ । ਉਕਤ ਬੇਗਮਪੁਰਾ ਐਕਸਪ੍ਰੈਸ ਟਰੇਨ ਸਬੰਧੀ ਜਾਣਕਾਰੀ ਡੇਰੇ ਨਾਲ ਸੰਬੰਧਿਤ ਸਮੁੱਚੇ ਟਰਸਟ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਬੇਗਮਪੁਰਾ ਐਕਸਪ੍ਰੈਸ ਟਰੇਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਡੇਰਾ ਸੱਚਖੰਡ ਬੱਲਾ ਟਰਸਟ ਵੱਲੋਂ ਸਖਤ ਮਿਹਨਤ ਕਰਕੇ ਰੇਲਵੇ ਵਿਭਾਗ ਦੀਆਂ ਸ਼ਰਤਾਂ ਪੂਰੀਆਂ ਕਰਦਿਆਂ ਆਪਣੇ ਖਰਚੇ ‘ਤੇ ਬੁੱਕ ਕਰਵਾਈ ਹੈ । ਇੱਥੇ ਖਾਸ ਤੌਰ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਰੇਲਵੇ ਵਿਭਾਗ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੋਈ ਵੀ ਫਰੀ ਯਾਤਰਾ ਵਾਲੀ ਟਰੇਨ ਨਹੀਂ ਭੇਜੀ ਜਾ ਰਹੀ । ਇਹ ਟਰੇਨ 9 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ 10 ਫਰਵਰੀ ਨੂੰ ਬਨਾਰਸ ਪਹੁੰਚੇਗੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਪਾਵਨ ਪ੍ਰਕਾਸ਼ ਪੁਰਬ ਸਮਾਗਮ ਦੀ ਸਮਾਪਤੀ ਉਪਰੰਤ ਇਹ ਟਰੇਨ ਦੁਬਾਰਾ 13 ਫਰਵਰੀ ਨੂੰ ਬਨਾਰਸ ਤੋਂ ਸੰਗਤਾਂ ਨੂੰ ਲੈ ਕੇ 14 ਫਰਵਰੀ ਨੂੰ ਜਲੰਧਰ ਰੇਲਵੇ ਸਟੇਸ਼ਨ ਪਹੁੰਚੇਗੀ।