ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ 28ਵੀਂ ਪੰਜਾਬ ਸਾਇੰਸ ਕਾਂਗਰਸ (ਪੀ. ਐੱਸ. ਸੀ.-2025) ਅਤੇ ‘ਵਿਗਿਆਨ ਅਤੇ ਤਕਨਾਲੋਜੀ ’ਚ ਮੌਜੂਦਾ ਰੁਝਾਨ’ ਵਿਸ਼ੇ ’ਤੇ ਰਾਸ਼ਟਰੀ ਕਾਨਫਰੰਸ ਦਾ ਦੂਜਾ ਦਿਨ ਚਰਚਾ ’ਚ ਰਿਹਾ। ਇਸ ਮੌਕੇ ਵਿਗਿਆਨ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ ਭਾਸ਼ਣ, ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਕਰਵਾਈਆਂ।
ਇਸ ਸਬੰਧੀ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਅਤੇ ਪੀ. ਐੱਸ. ਸੀ.-2025 ਦੇ ਕੋਆਰਡੀਨੇਟਰ ਡਾ: ਤਮਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਵੱਖ-ਵੱਖ ਤਕਨੀਕੀ ਸੈਸ਼ਨਾਂ ’ਚ ਵੱਖ-ਵੱਖ ਵਿਗਿਆਨ ਦੇ ਪਿਛੋਕੜ ਵਾਲੇ ਉੱਘੇ ਮਾਹਿਰਾਂ ਨੂੰ ਆਪਣੇ ਮਾਹਿਰ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ। ਜਿਸ ’ਚ ਪ੍ਰੋਫੈਸਰ ਬੀ.ਐਸ. ਸੂਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੀ.ਐਸ.ਸੀ.ਐਸ.ਟੀ. ਚੰਡੀਗੜ੍ਹ ਤੋਂ ਡਾ. ਦਿਵਿਆ ਕੌਸ਼ਿਕ ਅਤੇ ਖ਼ਾਲਸਾ ਕਾਲਜ ਆਫ਼ ਲਾਅ ਅੰਮ੍ਰਿਤਸਰ ਤੋਂ ਡਾ. ਹਰਕੰਵਲ ਕੌਰ ਨੇ ਬੌਧਿਕ ਸੰਪੱਤੀ ਅਧਿਕਾਰਾਂ (ਆਈ.ਪੀ.ਆਰ.) ਅਤੇ ਪੇਟੈਂਟ ਫਾਈਲ ਕਰਨ ਦੀ ਪ੍ਰਕਿਰਿਆ ਬਾਰੇ ਮਾਹਿਰ ਵਿਚਾਰ ਵਟਾਂਦਰੇ ਰਾਹੀਂ ਸਰੋਤਿਆਂ ਨੂੰ ਵੱਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ ਪ੍ਰੋ: ਤੇਜਵੰਤ ਸਿੰਘ ਕੰਗ (ਕੈਮਿਸਟਰੀ) ਅਤੇ ਪ੍ਰੋ: ਅਤੁਲ ਖੰਨਾ (ਭੌਤਿਕ ਵਿਗਿਆਨ) ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ, ਪੀ. ਏ. ਐੱਸ. ਲੁਧਿਆਣਾ ਤੋਂ ਪ੍ਰੋ: ਬੂਟਾ ਸਿੰਘ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ: ਗਗਨਦੀਪ ਸਿੰਘ ਰਾਹੀ (ਗਣਿਤ), ਖ਼ਾਲਸਾ ਕਾਲਜ ਵੈਟਰਨਰੀ ਐਂਡ ਐਨੀਮਲ ਸਾਇੰਸਸ ਪ੍ਰਿੰਸੀਪਲ ਡਾ: ਹਰੀਸ਼ ਵਰਮਾ ਅਤੇ ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਤੋਂ ਡਾ: ਅਮਨਦੀਪ ਸਿੰਘ ਦੂਸਰੇ ਦਿਨ ਮੁੱਖ ਸਰੋਤ ਵਿਅਕਤੀ ਸਨ।
ਡਾ. ਭਾਟੀਆ ਨੇ ਕਿਹਾ ਕਿ 450 ਦੇ ਕਰੀਬ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਰਜਿਸਟਰਡ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਗਿਆਨ ਦੇ ਸਮੂਹ ਵਿਭਾਗਾਂ ਦੇ ਵੱਖ-ਵੱਖ ਫੈਕਲਟੀ ਮੈਂਬਰ ਇਨ੍ਹਾਂ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਦੇ ਸੰਚਾਲਨ ਲਈ ਸਬੰਧਿਤ ਖੇਤਰਾਂ ’ਚ ਲੱਗੇ ਹੋਏ ਸਨ। ਡਾ. ਭਾਟੀਆ ਨੇ ਕਿਹਾ ਕਿ ਇਹ ਸਾਰੀਆਂ ਪੇਸ਼ਕਾਰੀਆਂ ਸਫਲਤਾਪੂਰਵਕ ਸੰਚਾਲਿਤ ਕੀਤੀਆਂ ਗਈਆਂ ਅਤੇ ਸਭ ਤੋਂ ਵਧੀਆ ਪੇਸ਼ਕਾਰੀਆਂ ਨੂੰ ਸਬੰਧਿਤ ਖੇਤਰਾਂ ’ਚ ਨੌਜਵਾਨ ਵਿਗਿਆਨੀ ਪੁਰਸਕਾਰ ਅਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੀ. ਐੱਸ. ਸੀ. ਦੇ ਜਥੇਬੰਦਕ ਸਕੱਤਰ ਡਾ: ਰਾਜਬੀਰ ਸਿੰਘ ਸੋਹੀ ਨੇ ਦੱਸਿਆ ਕਿ ਛੇ ਸਮਾਂਤਰ ਸੈਸ਼ਨ ਇੱਕੋ ਸਮੇਂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ’ਚ ਵੱਡੀ ਗਿਣਤੀ ’ਚ ਸਾਇੰਸ ਦੇ ਵਿਦਿਆਰਥੀਆਂ ਨੇ ਲਾਭ ਉਠਾਇਆ।