ਸੰਗਰੂਰ, (ਦਲਜੀਤ ਕੌਰ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ ਮੁਖੀ ਸੁਰਿੰਦਰਪਾਲ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈੱਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ ਅਤੇ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਕਾਈ ਦੀ ਸਰਗਰਮੀਆਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਪਹਿਲੇ ਸਰੀਰ ਦਾਨੀ ਕ੍ਰਿਸ਼ਨ ਬਰਗਾੜੀ ਨਮਿਤ 23 ਫਰਵਰੀ ਦੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋ ਰਹੇ ਯਾਦਗਾਰੀ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕਰਨ ਲਈ ਸਹਿਮਤੀ ਬਣੀ, ਇਸ ਸਮਾਗਮ ਵਿੱਚ ਕ੍ਰਿਸ਼ਨ ਬਰਗਾੜੀ ਯਾਦਗਾਰੀ ਅਵਾਰਡ ਉੱਘੇ ਸਾਹਿਤਕਾਰ ਸੁਭਾਸ਼ ਪਰਿਹਾਰ ਨੂੰ ਦਿੱਤਾ ਜਾਵੇਗਾ ਅਤੇ ਮੁੱਖ ਬੁਲਾਰੇ ਪੰਜਾਬ ਲੋਕ ਸਭਿਆਚਾਰ ਮੰਚ ਪੰਜਾਬ ਦੇ ਪ੍ਰਧਾਨ ਸਾਥੀ ਅਮੋਲਕ ਜੀ ਹੋਣਗੇ।
ਮੀਟਿੰਗ ਵਿੱਚ ਸੂਬਾ ਕਮੇਟੀ ਤੇ ਜ਼ੋਨ ਮੀਟਿੰਗ ਦੀ ਰਿਪੋਰਟਿੰਗ ਕੀਤੀ ਗਈ ਤੇ ਸਥਾਨਕ ਇਕਾਈ ਦੇ ਇਨਾਮ ਵੰਡ ਸਮਾਗਮ ਦਾ ਰਿਵਿਊ ਕੀਤਾ ਗਿਆ। ਰੀਵੀਊ ਦੌਰਾਨ ਸਾਰੇ ਹਾਜ਼ਰ ਮੈਂਬਰਾਂ ਨੇ ਗਿਣਾਤਮਕ ਤੇ ਗੁਣਾਤਮਿਕ ਪੱਖੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਤੇ ਇਸ ਨੂੰ ਭਾਵਪੂਰਤ ਕਿਹਾ। ਜੋਤਿਸ਼ ਅਤੇ ਚਰਚਾ ਕਰਦੇ ਸਮੇਂ ਸਾਰਿਆਂ ਨੇ ਕਿਹਾ ਕਿ ਜੋਤਿਸ਼ ਤੇ ਵਾਸਤੂ ਸ਼ਾਸਤਰ ਗੈਰ-ਵਿਗਿਆਨਕ ਹਨ। ਲੋਕਾਂ ਨੂੰ ਅਖੌਤੀ ਸਿਆਣਿਆਂ, ਜੋਤਸ਼ੀਆਂ, ਤਾਂਤਰਿਕਾਂ, ਵਾਸਤੂ ਸ਼ਾਸਤਰੀਆਂ ਦੇ ਫੈਲਾਏ ਭਰਮਜਾਲ, ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ ਅਤੇ ਰੂੜ੍ਹੀਵਾਦੀ ਵਿਚਾਰਾਂ, ਅਰਥਹੀਣ, ਵੇਲਾ ਵਿਹਾ ਚੁੱਕੀਆਂ ਗਲੀਆਂ-ਸੜੀਆਂ ਰਸਮਾਂ ਵਿੱਚੋਂ ਨਿਕਲ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ। ਆਗੂਆਂ ਕਿਹਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਦੇਵ ਸਿੰਘ ਕਿਸ਼ਨਗੜ੍ਹ, ਮਾਸਟਰ ਕਰਤਾਰ ਸਿੰਘ, ਪ੍ਰਗਟ ਸਿੰਘ ਬਾਲੀਆਂ, ਗੁਰਦੀਪ ਸਿੰਘ, ਸੀਤਾ ਰਾਮ, ਪ੍ਰਹਿਲਾਦ ਸਿੰਘ ਤੇ ਹੇਮਰਾਜ ਨੇ ਸ਼ਮੂਲੀਅਤ ਕੀਤੀ।