ਪੈਰਿਸ – ਭਾਰਤ ਅਤੇ ਫਰਾਂਸ ਨੇ ਬੁੱਧਵਾਰ ਨੂੰ ਆਧੁਨਿਕ ਪਰਮਾਣੂ ਰਿਐਕਟਰਾਂ ਨੂੰ ਸਾਂਝੇ ਤੌਰ ’ਤੇ ਵਿਕਸਤ ਕਰਨ ਦਾ ਇਰਾਦਾ ਜ਼ਾਹਿਰ ਕਰਦਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਊਰਜਾ ਸੁਰੱਖਿਆ ਅਤੇ ਘੱਟ ਕਾਰਬਨ ਵਾਲੇ ਅਰਥਚਾਰੇ ਵੱਲ ਵਧਣ ਲਈ ਪਰਮਾਣੂ ਊਰਜਾ ਅਹਿਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੈਰਿਸ ’ਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਮੀਟਿੰਗ ਮਗਰੋਂ ਜਾਰੀ ਸਾਂਝੇ ਬਿਆਨ ਮੁਤਾਬਕ ਦੋਵੇਂ ਮੁਲਕਾਂ ਨੇ ਛੋਟੇ ਮਾਡਿਊਲਰ ਰਿਐਕਟਰ ਅਤੇ ਐਡਵਾਂਸਡ ਮਾਡਿਊਲਰ ਰਿਐਕਟਰ ਨੂੰ ਲੈ ਕੇ ਇਕ ਪੱਤਰ ’ਤੇ ਦਸਤਖ਼ਤ ਕੀਤੇ ਹਨ। ਮੈਕਰੌਂ ਨਾਲ ਦੁਵੱਲੀ ਗੱਲਬਾਤ ਅਤੇ ਫਰਾਂਸ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ ਹੋ ਗਏ ਜਿਥੇ ਉਹ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨਗੇ। ਮੋਦੀ ਅਤੇ ਟਰੰਪ ਵਿਚਕਾਰ ਵੀ ਪਰਮਾਣੂ ਊਰਜਾ ਦੇ ਮੁੱਦੇ ’ਤੇ ਚਰਚਾ ਹੋ ਸਕਦੀ ਹੈ। ਮੋਦੀ ਅਤੇ ਮੈਕਰੌਂ ਨੇ ਭਾਰਤ ਅਤੇ ਫਰਾਂਸ ਵਿਚਕਾਰ ਮਜ਼ਬੂਤ ਗ਼ੈਰ-ਫੌਜੀ ਪਰਮਾਣੂ ਸਬੰਧਾਂ ਅਤੇ ਖਾਸ ਤੌਰ ’ਤੇ ਜੈਤਾਪੁਰ ਪਰਮਾਣੂ ਊਰਜਾ ਪ੍ਰਾਜੈਕਟ ਦੇ ਸਬੰਧ ’ਚ ਪਰਮਾਣੂ ਊਰਜਾ ਦੀ ਵਰਤੋਂ ’ਤੇ ਸਹਿਯੋਗ ਦੀਆਂ ਕੋਸ਼ਿਸ਼ਾਂ ’ਤੇ ਵੀ ਸਹਿਮਤੀ ਜਤਾਈ ਹੈ। ਇਸ ਤੋਂ ਪਹਿਲਾਂ ਮੋਦੀ ਅਤੇ ਮੈਕਰੌਂ ਨੇ ਦੋਵੇਂ ਮੁਲਕਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਗੂੜ੍ਹਾ ਕਰਨ ਦਾ ਸੱਦਾ ਦਿੰਦਿਆਂ ਹਿੰਦ-ਪ੍ਰਸ਼ਾਂਤ ਖ਼ਿੱਤੇ ਤੇ ਵੱਖ ਵੱਖ ਆਲਮੀ ਮੰਚਾਂ ’ਚ ਆਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਵਚਨਬੱਧਤਾ ਦੁਹਰਾਈ। ਦੋਵੇਂ ਆਗੂਆਂ ਨੇ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਮਗਰੋਂ ਇਹ ਯਕੀਨੀ ਬਣਾਉਣ ਦਾ ਅਹਿਦ ਲਿਆ ਕਿ ਆਲਮੀ ਮਸਨੂਈ ਬੌਧਿਕਤਾ (ਏਆਈ) ਸੈਕਟਰ ਲੋਕ ਹਿੱਤ ’ਚ ਸਮਾਜਿਕ, ਆਰਥਿਕ ਅਤੇ ਵਾਤਾਵਰਨ ਸਬੰਧੀ ਲਾਭਕਾਰੀ ਸਿੱਟੇ ਪ੍ਰਦਾਨ ਕਰੇ।
ਮੈਕਰੌਂ ਨਾਲ ਮੀਟਿੰਗ ਮਗਰੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਵਾਰਤਾ ’ਚ ਦੁਵੱਲੇ ਸਬੰਧਾਂ ਦੇ ਸਾਰੇ ਪੱਖਾਂ ਦੇ ਨਾਲ ਨਾਲ ਅਹਿਮ ਆਲਮੀ ਅਤੇ ਖੇਤਰੀ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਦੋਵੇਂ ਆਗੂਆਂ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ’ਚ ਸੁਧਾਰ ਦੀ ਫੌਰੀ ਵਕਾਲਤ ’ਤੇ ਜ਼ੋਰ ਦਿੱਤਾ। ਮੈਕਰੌਂ ਨੇ ਸਲਾਮਤੀ ਕੌਂਸਲ ’ਚ ਭਾਰਤ ਦੀ ਪੱਕੀ ਮੈਂਬਰੀ ਲਈ ਫਰਾਂਸ ਵੱਲੋਂ ਹਮਾਇਤ ਦੇਣ ਦਾ ਐਲਾਨ ਕੀਤਾ। ਮੋਦੀ ਨੇ ਮੰਗਲਵਾਰ ਸ਼ਾਮ ਫਰਾਂਸ ਦੇ ਰਾਸ਼ਟਰਪਤੀ ਦੇ ਜਹਾਜ਼ ’ਚ ਪੈਰਿਸ ਤੋਂ ਮਾਰਸੇੇਲੇ ਲਈ ਉਡਾਣ ਭਰੀ ਸੀ ਜਿਥੇ ਵਫ਼ਦ ਪੱਧਰ ਦੀ ਗੱਲਬਾਤ ਵੀ ਹੋਈ। ਦੋਵੇਂ ਆਗੂਆਂ ਨੇ ਰੱਖਿਆ, ਗ਼ੈਰ-ਫੌਜੀ ਪਰਮਾਣੂ ਊਰਜਾ ਅਤੇ ਪੁਲਾੜ ਦੇ ਰਣਨੀਤਕ ਖੇਤਰਾਂ ’ਚ ਸਹਿਯੋਗ ਦੀ ਨਜ਼ਰਸਾਨੀ ਕੀਤੀ। ਮੈਕਰੌਂ ਨੇ ਕੈਸਿਸ ਸ਼ਹਿਰ ’ਚ ਪ੍ਰਧਾਨ ਮੰਤਰੀ ਦੇ ਸਨਮਾਨ ’ਚ ਰਾਤ ਦਾ ਭੋਜਨ ਵੀ ਦਿੱਤਾ। ਮੋਦੀ ਨੇ ਰਾਸ਼ਟਰਪਤੀ ਮੈਕਰੌਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਦੋਵੇਂ ਆਗੂਆਂ ਨੇ ਮਾਰੇਸੇਲੇ ’ਚ ਭਾਰਤੀ ਵਣਜ ਦੂਤਘਰ ਦਾ ਸਾਂਝੇ ਤੌਰ ’ਤੇ ਉਦਘਾਟਨ ਕੀਤਾ। ਦੋਵੇਂ ਆਗੂਆਂ ਨੇ ਦਹਿਸ਼ਤਗਰਦੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਲੀ ਸਹਾਇਤਾ ਅਤੇ ਪਨਾਹ ਦੇਣ ਵਾਲੇ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ ਜਾਣਾ ਚਾਹੀਦਾ ਹੈ। ਮੋਦੀ ਨੇ ਪੈਰਿਸ ਓਲੰਪਿਕਸ ਅਤੇ ਪੈਰਾਲਿੰਪਿਕਸ ਸਫ਼ਲਤਾਪੂਰਵਕ ਕਰਾਉਣ ਲਈ ਰਾਸ਼ਟਰਪਤੀ ਮੈਕਰੌਂ ਨੂੰ ਵਧਾਈ ਦਿੱਤੀ ਅਤੇ ਭਾਰਤ ਵੱਲੋਂ 2036 ’ਚ ਓਲੰਪਿਕਸ ਦੀ ਦਾਅਵੇਦਾਰੀ ਸਬੰਧੀ ਫਰਾਂਸ ਦੇ ਤਜਰਬੇ ਸਾਂਝੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।