ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਤੇ ਭਾਜਪਾ ਆਗੂ ਸੰਬਿਤ ਪਾਤਰਾ (50) ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਦਲਾਈ ਲਾਮਾ ਦੀ ਜਾਨ ਨੂੰ ਖ਼ਤਰਾ ਹੋਣ ਕਾਰਨ ਵੀਆਈਪੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਜਦੋਂਕਿ ਪਾਤਰਾ ਨੂੰ ਸੁਰੱਖਿਆ ਦੇਣ ਦਾ ਫੈਸਲਾ ਮਨੀਪੁਰ ’ਚ ਜਾਤੀਗਤ ਹਿੰਸਾ ਦੇ ਮੱਦੇਨਜ਼ਰ ਲਿਆ ਗਿਆ ਹੈ। ਪਾਤਰਾ, ਜੋ ਉੜੀਸਾ ਦੇ ਪੁਰੀ ਤੋਂ ਸੰਸਦ ਮੈਂਬਰ ਅਤੇ ਮਨੀਪੁਰ ਮਾਮਲਿਆਂ ਦੇ ਇੰਚਾਰਜ ਹਨ, ਸੂਬੇ ’ਚ ਪੈਦਾ ਹੋਏ ਸਿਆਸੀ ਹਾਲਾਤ ਦੇ ਨਿਬੇੜੇ ਲਈ ਉਥੇ ਹਨ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦੇ ਵੀਆਈਪੀ ਸੁਰੱਖਿਆ ਵਿੰਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 89 ਵਰ੍ਹਿਆਂ ਦੇ ਆਗੂ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲੇ। ਦਲਾਈ ਲਾਮਾ ਦੇਸ਼ ਅੰਦਰ ਸੀਆਰਪੀਐੱਫ ਦੇ ਕਮਾਂਡੋਜ਼ ਦੀ ਨਿਗਰਾਨੀ ਹੇਠ ਰਹਿਣਗੇ। ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਪੁਲੀਸ ਵੱਲੋਂ ਉਨ੍ਹਾਂ ਨੂੰ ਮਾਮੂਲੀ ਸੁਰੱਖਿਆ ਦਿੱਤੀ ਗਈ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਖ਼ੁਫ਼ੀਆ ਏਜੰਸੀਆਂ ਵੱਲੋਂ ਨਜ਼ਰਸਾਨੀ ਮਗਰੋਂ ਸਰਕਾਰ ਨੇ ਦਲਾਈ ਲਾਮਾ ਨੂੰ ਵੀਆਈਪੀ ਸੁਰੱਖਿਆ ਦੇਣ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਲਾਈ ਲਾਮਾ ਦੀ ਸੁਰੱਖਿਆ ’ਚ ਸੀਆਰਪੀਐੱਫ ਦੇ ਕਰੀਬ 30 ਕਮਾਂਡੋ ਸ਼ਿਫ਼ਟਾਂ ’ਚ ਤਾਇਨਾਤ ਰਹਿਣਗੇ।