ਮੁੰਬਈ – ਮਹਾਰਾਸ਼ਟਰ ਦੇ ਮੁੰਬਈ ਵਿਚ ਨਿਊ ਇੰਡੀਆ ਸਹਿਕਾਰੀ ਬੈਂਕ ਦੇ ਸਾਬਕਾ ਜਨਰਲ ਮੈਨੇਜਰ ਵਲੋਂ ਬੈਂਕ ਦੀ ਤਿਜੋਰੀ ਲੁੱਟਣ ਦੀ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਸਾਬਕਾ ਜਨਰਲ ਮੈਨੇਜਰ ਹਿਤੇਸ਼ ਪ੍ਰਵੀਨਚੰਦ ਮਹਿਤਾ ਨੇ ਬੈਂਕ ਦੇ ਖ਼ਜ਼ਾਨੇ ਵਿਚੋਂ ਕਥਿਤ ਤੌਰ ’ਤੇ 122 ਕਰੋੜ ਰੁਪਏ ਕਢਵਾ ਲਏ ਹਨ। ਜਦੋਂ ਹਿਤੇਸ਼ ਬੈਂਕ ਦਾ ਜਨਰਲ ਮੈਨੇਜਰ ਸੀ, ਉਸ ਕੋਲ ਦਾਦਰ ਅਤੇ ਗੋਰੇਗਾਓਂ ਸ਼ਾਖਾਵਾਂ ਦਾ ਜ਼ਿੰਮੇਵਾਰੀ ਸੀ। ਉਸ ਸਮੇਂ ਇਹ ਖ਼ੁਲਾਸਾ ਹੋਇਆ ਸੀ ਕਿ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਦੋਵਾਂ ਸ਼ਾਖਾਵਾਂ ਦੇ ਖ਼ਾਤਿਆਂ ਤੋਂ 122 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਸ ਮਾਮਲੇ ਵਿਚ ਬੈਂਕ ਦੇ ਮੁੱਖ ਲੇਖਾ ਅਧਿਕਾਰੀ ਦੁਆਰਾ ਦਾਦਰ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਦੇ ਆਧਾਰ ’ਤੇ ਪੁਲਿਸ ਨੇ ਐਫ਼ਆਈਆਰ ਦਰਜ ਕੀਤੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਹਿਤੇਸ਼ ਅਤੇ ਇੱਕ ਹੋਰ ਵਿਅਕਤੀ ਇਸ ਘੁਟਾਲੇ ਵਿੱਚ ਸ਼ਾਮਲ ਹਨ। ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਉਸ ਅਨੁਸਾਰ ਕਰ ਰਹੀ ਹੈ। ਇਸ ਵੇਲੇ, ਇਸ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਆਰਥਿਕ ਅਪਰਾਧ ਸ਼ਾਖਾ ਯਾਨੀ ਕਿ EOW ਨੂੰ ਤਬਦੀਲ ਕਰ ਦਿਤਾ ਗਿਆ ਹੈ।ਈਓਡਬਲਯੂ ਦੇ ਅਨੁਸਾਰ, ਦੋਸ਼ੀ ਹਿਤੇਸ਼ ਮਹਿਤਾ ਦਾ ਨਿਊ ਇੰਡੀਆ ਕੋ-ਆਪਰੇਟਿਵ ਬੈਂਕ ਵਿਚ ਅਹੁਦਾ ਜਨਰਲ ਮੈਨੇਜਰ ਅਤੇ ਅਕਾਊਂਟਸ ਮੁਖੀ ਦਾ ਹੈ।