ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਸੋਸ਼ਲ ਮੀਡੀਆ ਦੇ ਦੌਰ ’ਚ ਸਾਈਬਰ ਧੱਕੇਸ਼ਾਹੀ ਅਤੇ ਇਸ ਦੀ ਸੁਰੱਖਿਆ ਦੇ ਸਮਾਜਿਕ ਪਰਿਪੇਖ ਨੂੰ ਉਘਾੜਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਦੀ ਸਰਪ੍ਰਸਤੀ ਅਧੀਨ ਅਤੇ ਪ੍ਰੋ: ਜਸਪ੍ਰੀਤ ਕੌਰ ਡੀਨ ਹਿਊਮੈਨੀਟੀ ਦੀ ਅਗਵਾਈ ਹੇਠ ਆਯੋਜਿਤ ਇਸ ਮਹੱਤਵਪੂਰਨ ਵਿਸ਼ੇ ’ਤੇ ਗੱਲਬਾਤ ਕਰਨ ਲਈ ਡਾ: ਰਚਨਾ ਸ਼ਰਮਾ ਸਹਾਇਕ ਪ੍ਰੋਫੈਸਰ ਸਮਾਜ ਵਿਗਿਆਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਸਨ।
ਇਸ ਮੌਕੇ ਪ੍ਰਿੰੰ: ਡਾ: ਕਾਹਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਸਾਈਬਰ ਠੱਗੀਆਂ ਲਗਾਤਾਰ ਵੱਧ ਰਹੀਆਂ ਹਨ ਇਸ ਬਾਰੇ ਸਮਾਜ ਨੂੰ ਜਾਗਰੂਕ ਕਰਵਾਉਣਾ ਬਹੁਤ ਜਰੂਰੀ ਹੈ। ਡਾ: ਰਚਨਾ ਨੇਸਾਈਬਰ ਠੱਗੀ ਅਤੇ ਧੱਕੇਸ਼ਾਹੀ ਦੀ ਦੁਨੀਆਂ ਬਾਰੇ ਜਾਣਕਾਰੀ ਦਿੰਦਿਆਂ ਵੱਖ ਵੱਖ ਸੋਸ਼ਲ ਮੀਡੀਆ ਸਾਈਟਾਂ ਬਾਰੇ ਦੱਸਿਆ ਜਿਸ ਰਾਹੀਂ ਉਨ੍ਹਾਂ ਨਾਲ ਠੱਗੀ ਵੱਜ ਸਕਦੀ ਹੈ। ਉਨ੍ਹਾਂ ਨੇ ਐਨ. ਸੀ. ਆਰ. ਬੀ. ਦੁਆਰਾ ਇਕੱਠਾ ਕੀਤਾ ਡਾਟਾ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਿਸ ਵਿਚ ਵੱਖ ਵੱਖ ਕਿਸਮ ਦੀ ਠੱਗੀ ਧੋਖੇਸ਼ਾਹੀ ਦਾ ਵਰਣਨ ਸੀ।
ਇਸ ਮੌਕੇ ਡਾ: ਸ਼ਰਮਾ ਨੇ ਸਾਈਬਰ ਧੱਕੇਸ਼ਾਹੀ ਦੀ ਧਾਰਨਾ ਅਤੇ ਇਹ ਵੱਖੑਵੱਖ ਸੋਸ਼ਲ ਮੀਡੀਆ ਐਪਲੀਕੇਸ਼ਨਾਂ ਰਾਹੀਂ ਕਿਵੇਂ ਕੀਤੀ ਜਾਂਦੀ ਹੈ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਐਨ. ਸੀ. ਆਰ. ਬੀ. ਦੇ ਅੰਕੜਿਆਂ ਦਾ ਹਵਾਲਾ ਦਿੱਤਾ ਜੋ ਸਾਈਬਰ ਧੱਕੇਸ਼ਾਹੀ ਦੇ ਹਾਲੀਆ ਰੁਝਾਨਾਂ ਜਿਵੇਂ ਕਿ ਸਾਈਬਰ ਸਟਾਕਿੰਗ, ਮਾਨਹਾਨੀ, ਸਾਈਬਰ ਬਲੈਕਮੇਲਿੰਗ, ਜਾਅਲੀ ਖ਼ਬਰਾਂ ਆਦਿ ਨੂੰ ਉਜਾਗਰ ਕਰਦੇ ਹਨ। ਉਨ੍ਹਾਂ ਇਸ ਸਮੱਸਿਆ ਦੇ ਹੱਲ ਸਬੰਧੀ ਵਿਦਿਆਰਥੀਆਂ ਨੂੰ ਕਿਸੇ ਵੀ ਕਿਸਮ ਦੇ ਡਿਜੀਟਲ ਦੁਰਵਿਵਹਾਰ ਦੀ ਰਿਪੋਰਟ ਕਰਨ ਲਈ ਸਾਈਬਰ ਸੈੱਲਾਂ ਦੇ ਗਠਨ ਵਰਗੀਆਂ ਵੱਖ—ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ।ਇਸਦੇ ਨਾਲ ਹੀ ਉਨ੍ਹਾਂ ਨੂੰ ਟੈਲੀ ਮਾਨਸ ਨਾਮਕ ਇੱਕ ਹੈਲਪਲਾਈਨ ਤੋਂ ਜਾਣੂ ਕਰਵਾਇਆ ਜੋ ਕਿ ਔਨਲਾਈਨ ਧੱਕੇਸ਼ਾਹੀ ਦੇ ਸ਼ਿਕਾਰ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਦੇਸ਼ ਭਰ ਵਿੱਚ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਡਿਜੀਟਲ ਪਲੇਟਫਾਰਮਾਂ ’ਤੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਵਿਅਕਤੀ ਵੱਖ—ਵੱਖ ਸਾਵਧਾਨੀ ਵਾਲੇ ਕਦਮਾਂ ’ਤੇ ਜ਼ੋਰ ਦਿੱਤਾ। ਉਦਾਹਰਣ ਵਜੋਂ ਉਹਨਾਂ ਦੀ ਪ੍ਰੋਫਾਈਲ ’ਤੇ ਨਿਯਮਤ ਜਾਂਚ ਰੱਖਣਾ, ਉਨ੍ਹਾਂ ਦੇ ਖਾਤੇ ’ਚ ਅਜਨਬੀਆਂ ਨੂੰ ਸ਼ਾਮਿਲ ਨਾ ਕਰਨਾ ਅਤੇ ਉਨ੍ਹਾਂ ਦੇ ਟਿਕਾਣੇ ਦੀ ਕੋਈ ਵੀ ਪੂਰਵ ਜਾਣਕਾਰੀ ਸਾਂਝੀ ਨਾ ਕਰਨਾ।
ਇਸ ਮੌਕੇ ਇਕ ਇੰਟਰਐਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ ਜਿੱਥੇ ਮਹਿਮਾਨ ਬੁਲਾਰੇ ਨੇ ਵਿਦਿਆਰਥੀਆਂ ਦੇ ਨਿੱਜੀ ਸਵਾਲਾਂ ਦੇ ਜਵਾਬ ਦਿੱਤੇ। ਜ਼ਿਆਦਾਤਰ ਵਿਦਿਆਰਥੀ ਇਸ ਅਣਸੁਲਝੇ ਮੁੱਦੇ ’ਤੇ ਬਿਹਤਰ ਸਪੱਸ਼ਟਤਾ ਲਈ ਇਸ ਸਮੱਸਿਆ ਦੇ ਮੂਲ ਕਾਰਨਾਂ ਨੂੰ ਜਾਣਨ ਲਈ ਉਤਸੁਕ ਸਨ। ਸਮਾਜ ਵਿਗਿਆਨ ਵਿਭਾਗ ਦੇ ਇੰਚਾਰਜ ਡਾ: ਸੁਖਬੀਰ ਸਿੰਘ ਨੇ ਮਹਿਮਾਨ ਬੁਲਾਰੇ ਅਤੇ ਡਾ: ਜਸਦੀਪ ਕੌਰ ਅਤੇ ਡਾ: ਭਾਰਤੀ ਜਸਰੋਟੀਆ ਸਮੇਤ ਪ੍ਰਬੰਧਕੀ ਕਮੇਟੀ ਦੇ ਹੋਰ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ।ਉਨ੍ਹਾਂ ਸਮਾਜਿਕ ਵਿਗਿਆਨ ਦੇ ਹੋਰ ਫੈਕਲਟੀ ਮੈਂਬਰਾਂ ਮਾਨਵ ਸ਼ਰਮਾ, ਦੀਕਸ਼ਾ ਸ਼ਰਮਾ, ਰੂਪਕੰਵਲ ਕੌਰ, ਸਮਰਦੀਪ ਕੌਰ, ਸੰਦੀਪ ਕੌਰ, ਡਾ: ਹਰਮਨਦੀਪ ਕੌਰ ਦਾ ਮੌਜੂਦਗੀ ਲਈ ਧੰਨਵਾਦ ਕੀਤਾ।