ਨਵੀਂ ਦਿੱਲੀ – ਕਤਰ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ-ਥਾਨੀ ਦਾ ਇਥੇ ਹਵਾਈ ਅੱਡੇ ’ਤੇ ਪੁੱਜਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਗੱਲਵਕੜੀ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਹ ਦੋ ਦਿਨ ਦੇ ਭਾਰਤ ਦੌਰੇ ’ਤੇ ਆਏ ਹਨ। ਸ਼ੇਖ਼ ਭਲਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧਾਂ ਬਾਰੇ ਵਿਚਾਰ ਵਟਾਂਦਰਾ ਕਰਨਗੇ।
ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਮੈਂ ਆਪਣੇ ਭਰਾ ਕਤਰ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ ਥਾਨੀ ਦਾ ਸਵਾਗਤ ਕਰਨ ਲਈ ਉਚੇਚੇ ਤੌਰ ’ਤੇ ਹਵਾਈ ਅੱਡੇ ਉਪਰ ਗਿਆ। ਮੈਂ ਭਾਰਤ ’ਚ ਉਨ੍ਹਾਂ ਦੇ ਸਫ਼ਲ ਪਰਵਾਸ ਦੀ ਕਾਮਨਾ ਕਰਦਾ ਹਾਂ ਅਤੇ ਭਲਕੇ ਹੋਣ ਵਾਲੀ ਸਾਡੀ ਮੁਲਾਕਾਤ ਦੀ ਉਡੀਕ ਕਰ ਰਿਹਾ ਹਾਂ।’’ ਕਤਰ ਦੇ ਅਮੀਰ ਨਾਲ ਉੱਚ ਪੱਧਰੀ ਵਫ਼ਦ ਵੀ ਆਇਆ ਹੈ ਜਿਸ ’ਚ ਮੰਤਰੀ, ਸੀਨੀਅਰ ਅਧਿਕਾਰੀ ਅਤੇ ਕਾਰੋਬਾਰੀ ਸ਼ਾਮਲ ਹਨ। ਉਹ ਮੋਦੀ ਦੇ ਸੱਦੇ ’ਤੇ ਭਾਰਤ ਦੌਰੇ ’ਤੇ ਆਏ ਹਨ ਅਤੇ ਇਹ ਉਨ੍ਹਾਂ ਦਾ ਦੂਜਾ ਦੌਰਾ ਹੈ। ਇਸ ਤੋਂ ਪਹਿਲਾਂ ਉਹ ਮਾਰਚ 2015 ’ਚ ਭਾਰਤ ਆਏ ਸਨ। ਪਿਛਲੇ ਕੁਝ ਸਾਲਾਂ ’ਚ ਦੋਵੇਂ ਮੁਲਕਾਂ ਵਿਚਕਾਰ ਦੋਸਤੀ, ਭਰੋਸੇ ਅਤੇ ਦੁਵੱਲੇ ਸਤਿਕਾਰ ਦੇ ਸਬੰਧ ਹੋਰ ਮਜ਼ਬੂਤ ਹੋਏ ਹਨ। ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਅਤੇ ਕਤਰ ਵਿਚਕਾਰ ਵਪਾਰ, ਨਿਵੇਸ਼, ਊਰਜਾ, ਤਕਨਾਲੋਜੀ ਅਤੇ ਸੱਭਿਆਚਾਰ ਦੇ ਖੇਤਰਾਂ ’ਚ ਸਬੰਧ ਨਵੇਂ ਮੁਕਾਮ ’ਤੇ ਪਹੁੰਚੇ ਹਨ।