ਅੰਮ੍ਰਿਤਸਰ – ਸੰਨ 1947 ਦੇ ਬਟਵਾਰੇ ਕਾਰਨ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਅਵਾਮ ਨੇ ਅਤਿ ਪੀੜਾਂ ਆਪਣੇ ਪਿੰਡੇ ’ਤੇ ਹੰਢਾਈ ਅਤੇ 2 ਹਿੱਸਿਆਂ ’ਚ ਵੰਡਿਆ ਗਿਆ ਪੰਜਾਬ ਆਪਣੀ ਦੁਖਭਰੀ ਦਾਸਤਾਨ ਆਪਣੇ ਸੀਨੇ ’ਚ ਦਫ਼ਨਾਈ ਬੈਠਾ ਹੋਇਆ ਹੈ। ਲਹਿੰਦੇ ਪੰਜਾਬ ਨੇ ਵੀ ਦਰਦ ਭੋਗਿਆ ਅਤੇ ਮਾਂ ਬੋਲੀ ਪੰਜਾਬੀ ਵੀ ਹਿੱਸਿਆਂ ’ਚ ਵੰਡੀ ਗਈ। ਪਰ ਫ਼ਿਰ ਵੀ ਪੰਜਾਬੀ ਭਾਸ਼ਾ ਦੇ ਪੈਰੋਕਾਰ ਦੁਨੀਆ ਭਰ ’ਚ ਅੱਜ ਆਪਣਾ ਲੋਹਾ ਮਨਵਾ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ’ਤੇ ਕਰਵਾਏ ਸੈਮੀਨਾਰ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ’47 ਦੀ ਵੰਡ ਤੋਂ ਬਾਅਦ ਪੰਜਾਬ ਕਈ ਟੁਕੜਿਆਂ ’ਚ ਹੋਣ ਕਰਕੇ ਸੁੰਘੜ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ-ਬੋਲੀ ਰਾਹੀਂ ਅਸੀ ਆਪਣੀ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾ ਸਕਦੇ ਹਾਂ ਅਤੇ ਪੰਜਾਬੀ ਸਾਹਿਤਕਾਰ ਪੰਜਾਬੀ ਭਾਸ਼ਾ ਦੇ ਵਾਰਸ ਬਣ ਕੇ ਇਸ ਦਾ ਪਸਾਰ ਅਤੇ ਵਿਕਾਸ ਕਰ ਰਹੇ ਹਾਂ, ਸਾਨੂੰ ਸਾਰਿਆਂ ਨੂੰ ਮਾਂ-ਬੋਲੀ ਦੀ ਮਹੱਤਤਾ ਪ੍ਰਤੀ ਚੇਤੰਨ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਗੁਰਮੁੱਖੀ ਗੁਰੂ ਸਾਹਿਬਾਨ ਦੀ ਅਨਮੋਲ ਬਖ਼ਸ਼ਿਸ਼ ਹੈ, ਜਿਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਡਾ ਮੁੱਢਲਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਇਸ ਕਥਨ ਨੂੰ ਵੀ ਝੂਠਲਾਇਆ ਨਹੀਂ ਜਾ ਸਕਦਾ ਕਿ ਵਿਦੇਸ਼ਾਂ ’ਚ ਗੁਰਮੁੱਖੀ ਦਾ ਪ੍ਰਸਾਰ ਇਸ ਕਦਰ ਪ੍ਰਫ਼ੁਲਿੱਤ ਹੋਇਆ ਹੈ ਕਿ ਕਈ ਬੋਰਡ ਪੰਜਾਬੀ ਮਾਂ ਭਾਸ਼ਾ ਲਗਾਏ ਗਏ ਹਨ।
ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ’ਚ ’ਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਸ: ਛੀਨਾ ਅਤੇ ਵਿਸ਼ੇਸ਼ ਮਹਿਮਾਨ ਵਿਰਸਾ ਵਿਹਾਰ ਦੇ ਚੇਅਰਮੈਨ ਸ੍ਰੀ ਕੇਵਲ ਧਾਲੀਵਾਲ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ, ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਦੇ ਹੋਏ ਸਵਾਗਤ ਕੀਤਾ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਵਰਤਮਾਨ ਸਥਿਤੀ ਅਤੇ ਇਸ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਂ ਬਾਰੇ ਚਰਚਾ ਕਰਦੇ ਹੋਏ ਇਨ੍ਹਾਂ ਨਾਲ ਨਜਿਠੱਣ ਦੇ ਢੰਗਾਂ ਬਾਰੇ ਆਪਣੇ ਸੁਝਾਅ ਪੇਸ਼ ਕੀਤੇ। ਇਸ ਉਪਰੰਤ ਸ੍ਰੀ ਧਾਲੀਵਾਲ ਨੇ ਕਿਹਾ ਕਿ ਰੰਗ ਮੰਚ ਇਕ ਅਜਿਹਾ ਮੰਚ ਹੈ ਜਿਸ ਰਾਹੀਂ ਅਸੀ ਸਮਾਜ ’ਚ ਕਿਸੇ ਵੀ ਮੁੱਦੇ ਪ੍ਰਤੀ ਚੇਤੰਨਤਾ ਪੈਦਾ ਕਰ ਸਕਦੇ ਹਾਂ ਅਤੇ ਸਰੋਤਿਆਂ ਦੀ ਸੰਵੇਦਨਾ ਨੂੰ ਟੁੰਬ ਸਕਦੇ ਹਾਂ।
ਇਸ ਮੌਕੇ ਡਾ. ਸੋਮਪਾਲ ਹੀਰਾ ਦੁਆਰਾ ਸੋਲੋ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਾ ਬਹੁਤ ਹੀ ਖੂਬਸੂਰਤ ਢੰਗ ਨਾਲ ਮੰਚਨ ਕੀਤਾ ਗਿਆ। ਜਿਸ ’ਚ ਉਨ੍ਹਾਂ ਸੁਰਜੀਤ ਪਾਤਰ ਦੀਆਂ ਪੰਜਾਬੀ ਨਾਲ ਸਬੰਧਿਤ ਕਵਿਤਾਵਾਂ ਨੂੰ ਅਧਾਰ ਬਣਾ ਕੇ ਸਰੋਤਿਆਂ ਅੰਦਰ ਪੰਜਾਬੀ ਭਾਸ਼ਾ ਪ੍ਰਤੀ ਸੰਵੇਦਨਾ ਪੈਦਾ ਕੀਤੀ। ਇਸ ਦੌਰਾਨ ਸ: ਛੀਨਾ ਨੇ ਡਾ. ਕੁਮਾਰ ਤੇ ਹੋਰਨਾਂ ਮਹਿਮਾਨਾਂ ਨਾਲ ਮਿਲ ਕੇ ਕਵਿਤਾ ਉਚਾਰਨ ਅਤੇ ਸੂਫੀ ਗਾਇਨ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਪ੍ਰੋਗਰਾਮ ਦੇ ਅੰਤ ’ਚ ਡਾ. ਕੁਮਾਰ ਅਤੇ ਵਾਈਸ ਪ੍ਰਿੰਸੀਪਲ ਡਾ. ਨਿਰਮਲਜੀਤ ਕੌਰ ਨਾਲ ਮਿਲ ਕੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬੀ ਸਾਹਿਤ ਸਭਾ ਕੈਨੇਡਾ ਦੇ ਪ੍ਰਧਾਨ ਸ. ਗਿਆਨ ਸਿੰਘ, ਸ.:ਸਤਬੀਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
