Articles

ਮਨੁੱਖ ਦਾ ਵਿਗਿਆਨਕ ਨਾਮ ‘ਹੋਮੋ ਸੈਪੀਅਨਜ’ ਹੈ !

ਲੇਖਕ: ਹਰਬੰਸ ਸਿੰਘ ਸੰਧੂ, ਰਿਟਾ. ਡੀ. ਪੀ. ਆਈ ਪੰਜਾਬ, ਮੈਲਬੌਰਨ

ਕੁੱਝ ਸਮਾਂ ਪਹਿਲਾ ਮੈਂ ‘ਸੈਪੀਅਨਜ’ ਨਾਮ ਦੀ ਸੰਸਾਰ ਪ੍ਰਸਿੱਧ ਪੁਸਤਕ ਜਿਸ ਨੂੰ ਸੰਸਾਰ ਪ੍ਰਸਿੱਧ ਹਿਸਟੋਰੀਅਨ ਯਹੂਦੀ ਲਿਖਾਰੀ ‘ਯੂਵਾਲ ਨਵਾਲ ਹਰਾਰੀ’ ਨੇ ਲਿਖਿਆ ਸੀ ਨੂੰ ਆਨ ਲਾਇਨ ਪੈਸੇ ਭੇਜ ਕੇ ਡਾਕ ਰਾਹੀ ਮੰਗਵਾਇਆ। ਹਰਾਰੀ ਨੇ ਮਨੁੱਖ ਦੇ ਵਿਕਾਸ ਦਾ ਖੂਬਸੂਰਤ ਚਿਤਰਨ ਕਰਦੇ ਹੋਏ ਲਿਖਿਆ ਹੈ ਕਿ ਮਨੁੱਖ ਅੱਜ ਤੋਂ 70000 ਸਾਲ ਪਹਿਲਾਂ ਆਮ ਜਾਨਵਰ ਵਾਗੂ ਜੰਗਲ ਵਿਚ ਰਹਿੰਦਾ ਸੀ। ਜਿਸ ਨੂੰ ਸਾਰਾ ਦਿਨ ਭੋਜਨ ਦੀ ਭਾਲ ਵਿਚ ਸੰਘਰਸ਼ ਕਰਨਾ ਪੈਦਾਂ ਸੀ। ਜੰਗਲੀ ਜਾਨਵਰਾਂ ਤੋਂ ਬਚਾਅ ਅਤੇ ਮੌਸਮ ਦੀਆ ਤਬਦੀਲੀਆ ਨਾਲ ਜੂਝਣਾ ਪੈਦਾਂ ਸੀ। ਮਨੁੱਖ ਦੇ ਪੂਰਵਜ ਬਾਂਦਰ ਅਤੇ ਚੈਪੰਜੀਆਂ ਨੂੰ ਮੰਨਿਆ ਜਾਂਦਾ ਹੈ। ਬ੍ਰਹਿਮੰਡ ਦੀ ਉਤਪਤੀ ਵਿਗਿਆਨ ਦੇ ਸਿਧਾਂਤ ਅਨੁਸਾਰ ਚਾਰ ਅਰਬ ਸਾਲ ਪਹਿਲਾਂ ਹੋਈ। ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਲਿਖਦੇ ਹਨ:

ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨ ਹੁਕਮ ਆਪਾਰਾ॥
ਨ ਦਿਨ ਰੈਨਿ ਨ ਚੰਦ ਨ ਸੂਰਜ ਸੁੰਨ ਸਮਾਧਿ ਲਗਾਇਦਾ॥

ਗੁਰਬਾਣੀ ਇਥੇ ਵਿਗਿਆਨਕ ਸੋਚ ਦੀ ਪ੍ਰੋੜਤਾ ਕਰਦੀ ਹੈ। ਵਿਗਿਆਨ ਨੇ ਜਦੋਂ ਬਾਈਬਲ ਅਤੇ ਇਸਲਾਮ ਦੇ ਧਾਰਮਿਕ ਗ੍ਰੰਥਾਂ ਵਿੱਚ ਬ੍ਰਹਿਮੰਡ ਦੀ ਰੂਪ ਰੇਖਾ ਤੋਂ ਵੱਖਰੀ ਸੁਰ ਅਲਾਪੀ ਤਾਂ ਧਾਰਮਿਕ ਸਮਾਜ ਵੱਲੋ ਵਿਗਿਆਨੀਆਂ ਨੂੰ ਵੱਡੀਆ ਕੁਰਬਾਨੀਆ ਦੇਣ ਲਈ ਮਜਬੂਰ ਕੀਤਾ ਗਿਆ। ਡਾਰਵਿਨ ਨਾਮ ਦੇ ਪ੍ਰਸਿੱਧ ਵਿਗਿਆਨੀ ਨੇ ਵੱਡੇ ਜਫਰ ਜਾਲ ਕੇ ਜੰਗਲਾਂ ਵਿੱਚ ਰਹਿ ਕੇ ਜੀਵ ਜੰਤੂਆ ਦੇ ਵਿਕਾਸ ਦੀ ਕਹਾਣੀ ਦੀ ਪ੍ਰੈਕਟੀਕਲ ਪੜ੍ਹਾਈ ਕੀਤੀ। ਉਹਨਾ ਨੇ ‘ਆਪਣੀ ਪੁਸਤਕ ‘ਆਰੀਜਨ ਆਫ ਸਪੀਸਜ’ 1859 ਈ. ਵਿੱਚ ਲਿਖ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਸ ਪੁਸਤਕ ਨੇ ਦੁਨੀਆਂ ਵਿਚ ਤਹਿਲਕਾ ਮਚਾ ਦਿੱਤਾ।

ਹਰ ਧਾਰਮਿਕ, ਵਿਦਵਾਨ ਅਤੇ ਸੂਝਵਾਨ ਆਪਣੇ ਵਿਕਾਸ ਦੀ ਕਹਾਣੀ ਨੂੰ ਜਾਨਣ ਦਾ ਇਛੁੱਕ ਸੀ। ਇਸ ਤੋ ਪਹਿਲਾ ਬ੍ਰਹਿਮੰਡ ਦੀ ਉਤਪਤੀ ਦੀ ਗੱਲ ਦਾ ਵਰਨਣ ਸਿਰਫ ਧਾਰਮਿਕ ਗ੍ਰੰਥਾ ਵਿੱਚ ਹੀ ਮਿਲਦਾ ਸੀ। ਵਿਗਿਆਨ ਵੱਲੋ ਧਾਰਮਿਕ ਗ੍ਰੰਥਾ ਤੋਂ ਉਲਟ ਰਾਗ ਅਲਾਪਣ ਕਰਕੇ ਉਨ੍ਹਾ ਨੂੰ ਬੜੀ ਤਕਲੀਫ ਹੋਈ ਅਤੇ ਉਹ ਵਿਗਿਆਨ ਦੇ ਦੁਸ਼ਮਣ ਬਣ ਗਏ। ਉਹ ਵਿਗਿਆਨਕ ਖੋਜਾਂ ਦਾ ਜੀਵਨ ਵਿੱਚ ਲੁਫਤ ਵੀ ਉਠਾਉਦੇ ਰਹੇ ਅਤੇ ਵਿਗਿਆਨਕ ਦੇ ਵਿਰੁੱਧ ਬੋਲਦੇ ਵੀ ਰਹੇ।

ਮਨੁੱਖ ਦਾ ਵਿਗਿਆਨਕ ਨਾਮ ‘ਹੋਮੋ ਸੈਪੀਅਨਜ’ ਹੈ। ਭਾਵੇ ‘ਯੂਵਾਲ ਨਵਾਲ ਹਰਾਰੀ’ ਵਿਗਿਆਨਕ ਨਹੀ ਸੀ, ਉਹ ਇਕ ਹਿਸਟੋਰੀਅਨ ਸੀ ਪਰ ਉਸ ਵੱਲੋ ਆਪਣੀ ਕਿਤਾਬ ਦਾ ਨਾਮ ‘ਸੈਪੀਅਨਜ’ ਰੱਖਣ ਕਰਕੇ ਇਸ ਨੇ ਸਾਰੀ ਦੁਨੀਆ ਦਾ ਧਿਆਨ ਖਿੱਚਿਆ। ਹਰਾਰੀ ਨੇ ਆਪਣੀ ਪੁਸਤਕ ਵਿਚ ਵਰਨਣ ਕੀਤਾ ਕੇ ਚੈਪੰਜੀਆਂ ਨੇ ਸਭ ਤੋਂ ਪਹਿਲਾ ਸਿੱਧੇ ਹੋ ਕੇ ਦੋ ਪੈਰਾਂ ‘ਤੇ ਚੱਲਣਾ ਸਿੱਖਿਆ। ਇਸ ਨਾਲ ਉਹਨਾ ਦੇ ਬੱਚੇ ਪੇਟ ਵਿੱਚ ਪੁੱਠੇ ਹੋ ਕੇ ਪਲਣ ਲੱਗੇ। ਇਸ ਤਰ੍ਹੀ ਉਹਨਾਂ ਦਾ ਦਿਮਾਗ ਚਾਰ ਪੈਰਾਂ ‘ਤੇ ਚੱਲਣ ਵਾਲੇ ਪਸ਼ੂ ਤੋ ਜਿਆਦਾ ਵਿਕਸਤ ਹੋਣ ਲੱਗਾ। ਸਿੱਧਾ ਚੱਲਣ ਵਾਲੇ ਸਾਡੇ ਪੂਰਵਜ ਕੁਦਰਤ ਨਾਲ ਇਕਮਿਕ ਹੋ ਕੇ ਦੂਜੇ ਜਾਨਵਰਾਂ ਦੀ ਤਰ੍ਹਾਂ ਜੰਗਲ ਵਿੱਚ ਰਹਿਣ ਲੱਗੇ। ਮਨੁੱਖ ਦੇ ਵੰਸਜ ਸਾਰੇ ਪਹਿਲਾਂ ਅਫਰੀਕਾ ਦੇ ਜੰਗਲਾਂ ਵਿੱਚ ਰਹਿੰਦੇ ਸਨ। ਚੰਗੇ ਜੀਵਨ ਬਸਰ ਅਤੇ ਸੌਖੀ ਭੋਜਨ ਭਾਲ ਲਈ ਉਨ੍ਹਾ ਨੇ ਅਫਰੀਕਾ ਤੋਂ ਪਲਾਇਨ ਕਰਨਾ ਸ਼ੁਰੂ ਕੀਤਾ। ਵਿਕਸਤ ਦਿਮਾਗ ਨਾਲ ਉਹਨਾ ਨੇ ਭਾਸ਼ਾ ਘੜਣੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਦਿਮਾਗ ਵਿੱਚ ਕਈ ਕਲਪਨਾਵਾਂ ਅਤੇ ਭਾਵਨਾਵਾਂ ਆਉਣ ਲੱਗੀਆਂ। ਭਾਸ਼ਾ ਅਤੇ ਆਪਸੀ ਸਹਿਯੋਗ ਸਦਕਾ ਮਨੁੱਖ ਨੇ ਵਿਕਾਸ ਦੇ ਨਾਲ ਨਾਲ ਦੂਜੇ ਜਾਨਵਰਾ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਮਨੁੱਖ ਦੇ ਵਿਕਾਸ ਦੇ ਨਾਲ ਹੀ ਦੂਸਰੇ ਜਾਨਵਰਾ ਦੇ ਵਿਨਾਸ਼ ਦਾ ਦੌਰ ਸ਼ੁਰੂ ਹੋ ਗਿਆ। ਜਿਹੜੇ ਜਾਨਵਰ ਸੈਪੀਅਨਜ ਦਾ ਮੁਕਾਬਲਾ ਨਾ ਕਰ ਸਕੇ, ਉਹ ਖਤਮ ਹੋਣ ਲੱਗੇ। ਉਦਹਾਰਣ ਵਜੋਂ ਲੀਏਡਲਪੇਸਟ ਅਤੇ ਡਾਈਨੋਸੋਰ ਖਤਮ ਹੋ ਗਏ। ਮਨੁੱਖਤਾ ਦੀ ਭਲਾਈ ਦੀ ਥਾਂ ਸਾਡੇ ਪੂਰਵਜ ਦੇ ਮੱਥੇ ‘ਤੇ ਵਿਨਾਸ਼ ਦਾ ਕਲੰਕ ਲੱਗ ਗਿਆ।

ਹਰਾਰੀ ਅੱਗੇ ਫਿਰ ਸੰਰਚਨਾਤਮਿਕ ਕ੍ਰਾਂਤੀ ਦੇ ਆਉਣ ਦੀ ਗੱਲ ਕਰਦਾ ਹੈ। ਸਾਡੇ ਪੂਰਵਜ ਆਪਣੀਆ ਕਲਪਨਾਵਾਂ ਅਤੇ ਧਾਰਨਾਵਾਂ ਦੇ ਅਧਾਰ ਦੇ ਆਧਾਰ ‘ਤੇ ਕੁਦਰਤੀ ਕਰੋਪੀਆ ਤੋਂ ਡਰਨ ਲੱਗੇ। ਉਹਨਾ ਦੇ ਮਨ ਦੇ ਡਰ ਦੀ ਭਾਵਨਾ ਨੇ ਦੇਵੀ ਦੇਵਤਿਆ ਅਤੇ ਧਰਮ ਦੀ ਧਾਰਨਾ ਨੂੰ ਜਨਮ ਦਿੱਤਾ। ਉਹਨਾ ਨੇ ਮੰਦਰ ਦੀ ਉਸਾਰੀ ਸ਼ੁਰੂ ਕਰ ਦਿੱਤੀ। ਵੱਖ-ਵੱਖ ਕਲਪਨਾਵਾਂ ਅਤੇ ਧਾਰਨਾਵਾਂ ਰੱਖਣ ਵਾਲੇ ਲੋਕਾਂ ਨੇ ਵੱਖਰੇ ਵਿਚਾਰਾਂ ਕਰਕੇ ਵੱਖ-ਵੱਖ ਧਰਮਾਂ ਦਾ ਜਨਮ ਹੋਇਆ। ਪਹਿਲਾਂ ਧਰਮ ਨੇ ਇਕੋ ਆਸਥਾ ਕਰਕੇ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ। ਦੂਜਿਆ ਪ੍ਰਤੀ ਅਸਹਿਣਸ਼ੀਲਤਾ ਦੀ ਭਾਵਨਾ ਨੇ ਮਨੁੱਖਤਾ ਨੂੰ ਤੋੜਣ ਦਾ ਵਿਨਾਸ਼ਕਾਰੀ ਦੌਰ ਸ਼ੁਰੂ ਹੋ ਗਿਆ। ਵੱਖ-ਵੱਖ ਧਰਮਾ ਦੇ ਲੋਕ ਆਪਸ ਵਿਚ ਲੜਨ ਲੱਗੇ ਅਤੇ ਮਨੁੱਖੀ ਸਮਾਜ ਵਿੱਚ ਗਲਤ ਧਾਰਨਾਵਾਂ ਉਤਪੰਨ ਹੋਣ ਲੱਗੀਆਂ। ਲੇਖਕ ਸਾਨੂੰ ਗਲਤ ਧਾਰਨਾਵਾਂ ਵਿਰੁੱਧ ਖੜ੍ਹੇ ਹੋ ਕੇ ਸੰਘਰਸ਼ ਕਰਨ ਦੀ ਘਾਲਣਾ ਘਾਲਣ ਅਤੇ ਆਪਣੇ ਪੂਰਵਜਾਂ ਤੋ ਆਪਸੀ ਸਹਿਯੋਗ ਅਤੇ ਮਿਲਵਰਤਨ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਰਹਿਣ ਲਈ ਕਹਿੰਦਾ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਅਸੀ ਇਕੱਲੇ ਪ੍ਰਕਿਰਤੀ ਦੇ ਮਾਲਕ ਨਹੀਂ ਹਾਂ। ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਕੋਈ ਨਾ ਕੋਈ ਊਸਾਰੂ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਦਹਾਰਣ ਵਜੋ ਸਾਨੂੰ ਪਲਾਸਟਿਕ ਦੀ ਘੱਟ ਤੋ ਘੱਟ ਵਰਤੋ ਕਰਨੀ ਚਾਹੀਦੀ ਹੈ ਅਤੇ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਲਗਭਗ ਦਸ ਹਜ਼ਾਰ ਸਾਲ ਮਨੁੱਖ ਨੇ ਆਪਣੇ ਸੱੁਖ-ਆਰਾਮ ਲਈ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਨਾਲ ਸਾਡੇ ਜੀਵਨ ਦੇ ਵਿਕਾਸ ਦੇ ਦੌਰ ਵਿੱਚ ਖੇਤੀਬਾੜੀ ਸਭ ਤੋਂ ਵੱਡਾ ਘੁਟਾਲਾ ਸਾਬਤ ਹੋਇਆ। ਸਾਡੇ ਪੂਰਵਜਾ ਨੇ ਆਪਣੀ ਸਹੂਲਤ ਲਈ ਕੁੱਝ ਬੂਟੇ, ਫਸਲਾਂ ਅਤੇ ਕੁੱਝ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ। ਸਾਡੇ ਵੱਡੇ-ਵਡੇਰਿਆਂ ਨੂੰ ਸਦਾ ਕੁਦਰਤੀ ਕਰੋਪੀਆ ਅਤੇ ਬੀਮਾਰੀਆਂ ਦਾ ਡਰ ਬਣਿਆ ਰਹਿੰਦਾ। ਉਹ ਚਿੰਤਾ ਅਤੇ ਮਾਨਸਿਕ ਤਨਾਅ ਵਿੱਚ ਰਹਿਣ ਲੱਗੇ। ਇਥੋ ਹੀ ਕਾਰਪੋਰੇਟ ਅਤੇ ਪੂੰਜੀਵਾਦ ਦੀ ਸ਼ੁਰੂਆਤ ਹੋਈ। ਤਕੜਿਆਂ ਵੱਲੋ ਜਮਾਖੋਰੀ ਅਤੇ ਮੁਨਾਫ਼ਾਖੋਰੀ ਦੀ ਸ਼ੁਰੂਆਤ ਹੋਈ। ਸਾਡੇ ਪੂਰਵਜਾਂ ਦੀ ਆਪਸੀ ਸਹਿਯੋਗ ਮਿਲਵਰਤਨ ਦੀ ਭਾਵਨਾ ਖਤਮ ਹੋਣ ਲੱਗੀ। ਲੇਖਕ ਸਾਨੂੰ ਨੈਤਿਕ ਅਸੂਲਾਂ ਦੀ ਪਾਲਣਾ ਦੀ ਸਲਾਹ ਦਿੰਦਾ ਹੈ। ਇਹਨਾਂ ਅਸੂਲਾਂ ਦੀ ਪਾਲਣਾ ਕਰਕੇ ਹੀ ਅਸੀਂ ਦੇਸ਼ ਦੇ ਚੰਗੇ ਨਾਗਰਿਕ ਬਣ ਸਕਦੇ ਹਾਂ ਅਤੇ ਵਧੀਆ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ।

ਹਰਾਰੀ ਲਿਖਦਾ ਹੈ ਕਿ ਵਿਗਿਆਨ ਨੇ ਸਾਡਾ ਜੀਵਨ ਬਦਲ ਦਿੱਤਾ। ਵਿਗਿਆਨ ਨੇ ਮਨੁੱਖਤਾ ਦੀ ਭਲਾਈ ਲਈ ਵੱਡਾ ਯੋਗਦਾਨ ਪਾਇਆ। ਪਰ ਵਿਗਿਆਨ ਨੂੰ ਸਾਮਰਾਜ ਨੇ ਆਪਣੇ ਨਿੱਜੀ ਹਿੱਤਾ ਲਈ ਵਰਤਿਆ। ਸਾਮਰਾਜ ਨੇ ਵਿਗਿਆਨੀਆਂ ਤੋਂ ਕਈ ਖਤਰਨਾਕ ਖੋਜਾਂ ਕਰਵਾਈਆ। ਜਿਸ ਨੂੰ ਸਾਮਰਾਜ ਨੇ ਸਮਾਜ ਦੀ ਤਬਾਹੀ ਲਈ ਹੀ ਵਰਤਿਆ। ਲੇਖਕ ਏਹੋ ਜਿਹੀਆ ਕਰਵਾਈਆਂ ਵਿਰੁੱਧ ਸੰਗਠਿਤ ਹੋ ਕੇ ਕਾਰਵਾਈ ਕਰਨ ਦਾ ਸੁਝਾਅ ਦਿੰਦਾ ਹੈ। ਉਹ ਸਾਨੂੰ ਅਨਿਆਂ ਵਿਰੁੱਧ ਵੀ ਸੰਘਰਸ਼ ਕਰਨ ਲਈ ਕਹਿੰਦਾ ਹੈ।

ਹਰਾਰੀ ਆਪਣੀ ਕਿਤਾਬ ਵਿੱਚ ਸਿਰਫ ਪੈਸੇ ਲਈ ਕੰਮ ਕਰਨ ਤੋਂ ਵਰਜਦਾ ਹੈ। ਉਹ ਉਹਨਾਂ ਲੋਕਾਂ ਦੀ ਉਦਾਹਰਣ ਦਿੰਦਾ ਹੈ, ਜਿੰਨਾ ਕੋਲ ਸਭ ਕੁੱਝ ਹੈ ਪਰ ਫਿਰ ਵੀ ਉਹ ਖੁਸ਼ ਨਹੀ ਰਹਿੰਦੇ। ਉਹ ਮਨੁੱਖੀ ਖੁਸ਼ੀ ਨੂੰ ਮਾਨਵਤਾ ਦੀ ਸਭ ਤੋਂ ਵੱਡੀ ਨਿਆਮਤ ਸਮਝਦਾ ਹੈ। ਉਹ ਇਸ ਲਈ ਸਾਨੂੰ ਆਪਣੇ ਅੰਦਰ ਝਾਕਣ ਲਈ ਕਹਿੰਦਾ ਹੈ। ਮਨ ਅੰਦਰ ਝਾਕ ਕੇ ਹੀ ਮਨੁੱਖ ਅਸਲੀ ਖੁਸ਼ੀ ਪ੍ਰਾਪਤ ਕਰ ਸਕਦਾ ਹੈ। ਉਹ ਸਾਨੂੰ ਜੀਵਨ ਦੇ ਸੁੱਖਾ-ਦੁੱਖਾ ਨੂੰ ਜੀਵਨ ਦਾ ਆਮ ਵਰਤਾਰਾ ਸਮਝਣ ਦੀ ਸਲਾਹ ਦਿੰਦਾ ਹੈ। ਉਹ ਸਾਨੂੰ ਸਮਾਜ ਦੇ ਦੁੱਖਾ-ਸੁੱਖਾ ਵਿੱਚ ਦੂਜਿਆ ਲਈ ਭਾਈਵਾਲ ਹੋਣ ਦਾ ਸੱਦਾ ਵੀ ਦਿੰਦਾ ਹੈ। ਉਹ ਸਾਨੂੰ ਆਪਣੇ ਆਤੀਤ, ਵਰਤਮਾਨ ਅਤੇ ਭਵਿੱਖ ਲਈ ਸੋਚਣ ਲਈ ਕਹਿੰਦਾ ਹੈ। ਸਾਨੂੰ ਆਪਣੀਆ ਗਲਤੀ ਤੋਂ ਸਿਖਣ ਦੀ ਸਲਾਹ ਦਿੰਦਾ ਹੈ। ਉਹ ਸਾਨੂੰ ਵਧੀਆ ਸਮਾਜ ਸਿਰਜਣ ਲਈ ਗਲਤ ਵਿਰੁੱਧ ਖੜ੍ਹਨ ਅਤੇ ਸਦਾ ਸੰਘਰਸ਼ ਕਰਦੇ ਰਹਿਣ ਲਈ ਕਹਿੰਦਾ ਹੈ।

ਉਪਰੋਕਤ ਸਾਰੀਆਂ ਗੱਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਸਮਾਜ ਭਲਾਈ ਵਾਲੀਆਂ ਗੱਲਾ ‘ਤੇ ਅਮਲ ਕਰਕੇ ਹੀ ਅਸੀਂ ਬਿਹਤਰ ਸ਼ਮਾਜ ਦੀ ਸਿਰਜਣਾ ਕਰ ਸਕਦੇ ਹਾਂ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin