Punjab

ਮੁੱਖ-ਮੰਤਰੀ ਮਾਨ ਵਲੋਂ ਖਾਲਸਾ ਯੂਨੀਵਰਸਿਟੀ, ਮੈਡੀਕਲ ਕਾਲਜ ਤੇ ਹਸਪਤਾਲ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਮਨਾਏ ਗਏ ਕੌਮਾਂਤਰੀ ਮਹਿਲਾ ਦਿਵਸ ਮੌਕੇ ਸ: ਰਜਿੰਦਰ ਮੋਹਨ ਸਿੰਘ ਛੀਨਾ, ਮੁੱਖ-ਮੰਤਰੀ ਸ: ਭਗਵੰਤ ਸਿੰਘ ਮਾਨ, ਡਾ. ਸੁਰਿੰਦਰ ਕੌਰ ਅਤੇ ਹੋਰ।

ਅੰਮ੍ਰਿਤਸਰ -133 ਸਾਲਾਂ ਤੋਂ ਪੂਰਵਜ੍ਹਾ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਯਤਨਸ਼ੀਲ ਖਾਲਸਾ ਕਾਲਜ ਗਵਰਨਿੰਗ ਕੌਂਸਲ ਸੁਹਿਰਦ ਸਮਾਜ ਅਤੇ ਦੇਸ਼ ਦੀ ਉਨਤੀ ਲਈ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਲਈ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਨੂੰ ਧਿਆਨ ’ਚ ਰੱਖਦੇ ਹੋਏ ਵਿੱਦਿਅਕ ਸਬੰਧੀ ਅਤਿ ਆਧੁਨਿਕ ਨਾਲ ਭਰਪੂਰ ਸੁਵਿਧਾਵਾਂ ਅਤੇ ਭਵਿੱਖ ਦੇ ਉਲੀਕੇ ਗਏ ਵੱਡੇ ਅਤੇ ਮਹੱਤਵਪੂਰਨ ਪ੍ਰੋਜੈਕਟ ਖਾਲਸਾ ਯੂਨੀਵਰਸਿਟੀ ਅਤੇ ਖਾਲਸਾ ਮੈਡੀਕਲ ਕਾਲਜ ਜਲਦ ਪੂਰਾ ਕਰਵਾ ਕੇ ਲੋਕ ਅਰਪਿਤ ਕੀਤੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਫਾਰ ਵੂਮੈਨ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਲਈ ਮੁੱਖ-ਮਹਿਮਾਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨਾਲ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਸੀ ਗੁਫ਼ਤਗੂੰ ਦੌਰਾਨ ਕੀਤਾ।

ਇਸ ਮੌਕੇ ਸ: ਮਾਨ ਨੇ ਕੌਂਸਲ ਵੱਲੋਂ ਕੀਤੇ ਗਏ ਵੱਖ-ਵੱਖ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਨਵੀਂ ਸਥਾਪਿਤ ਖਾਲਸਾ ਯੂਨੀਵਰਸਿਟੀ ਅਤੇ ਆਉਣ ਵਾਲੇ ਖਾਲਸਾ ਮੈਡੀਕਲ ਕਾਲਜ ਅਤੇ ਹਸਪਤਾਲ ਲਈ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਕਤ ਕਾਲਜ ਵਿਖੇ ਮਹਿਲਾ ਦਿਵਸ ਮਨਾਉਣ ਲਈ ਉਚੇਚੇ ਤੌਰ ’ਤੇ ਪੁੱਜੇ ਸ: ਮਾਨ ਨੇ ਆਪਣੇ ਭਾਸ਼ਣ ’ਚ ਔਰਤਾਂ ਲਈ ਬਰਾਬਰ ਮੌਕੇ ਅਤੇ ਸਿੱਖਿਆ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਹ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਉਪਰੋਕਤ ਕਾਲਜ ਅਤੇ ਹੋਰਨਾਂ ਸੰਸਥਾਵਾਂ ’ਚ ਔਰਤਾਂ ਹੁਨਰ ਵਿਕਾਸ ਅਤੇ ਪੇਸ਼ੇਵਰ ਕੋਰਸਾਂ ’ਚ ਦਿਲਚਸਪੀ ਵਿਖਾਉਂਦੇ ਹੋਏ ਦਾਖਲਾ ਲੈ ਰਹੀਆਂ ਹਨ।

ਸ: ਮਾਨ ਨੇ ਕਿਹਾ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਬਚਿਆ ਜਿੱਥੇ ਔਰਤਾਂ ਨੇ ਆਪਣੀ ਪਛਾਣ ਨਾ ਬਣਾਈ ਹੋਵੇ। ਉਨ੍ਹਾਂ ਕਿਹਾ ਕਿ ਸਿੱਖਿਆ ਅਤੇ ਸਿਹਤ ਸਮੇਤ ਕੁਝ ਖੇਤਰਾਂ ’ਚ ਔਰਤਾਂ ਮਰਦਾਂ ਨਾਲੋਂ ਬੇਹਤਰ ਪ੍ਰਦਰਸ਼ਨ ਕਰ ਰਹੀਆਂ ਹਨ”। ਇਸ ਤੋਂ ਪਹਿਲਾਂ ਸ: ਛੀਨਾ ਨੇ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਖਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੀ ਮੌਜ਼ੂਦਗੀ ’ਚ ਸ: ਮਾਨ ਨੂੰ ਜੀ ਆਇਆ ਕਹਿੰਦਿਆਂ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ, ਸਾਬਕਾ ਵਿਦਿਆਰਥੀਆਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ।

ਇਸ ਮੌਕੇ ਸ: ਛੀਨਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੀ ਸਥਾਪਨਾ 2016 ’ਚ ਹੋਈ ਸੀ ਪਰ ਬਾਅਦ ’ਚ ਜਦੋਂ ਕਾਂਗਰਸ ਸੱਤਾ ’ਚ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਯੂਨੀਵਰਸਿਟੀ ਐਕਟ ਨੂੰ ਰੱਦ ਕਰ ਦਿੱਤਾ। ਉਦੋਂ ਸਾਡੇ ਕੋਲ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਆਫ਼ ਇੰਡੀਆ ਤੱਕ ਜਾਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਿਆ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ 3 ਅਕਤੂਬਰ 2024 ਨੂੰ ਆਪਣੇ ਫੈਸਲੇ ’ਚ ’ਵਰਸਿਟੀ ਐਕਟ-2016 ਨੂੰ ਮੁੜ ਬਹਾਲ ਕੀਤਾ ਅਤੇ ਪਿਛਲੇ 15 ਸਾਲਾਂ ’ਚ ਘੱਟੋ-ਘੱਟ ਇੱਕ ਵੱਡੀ ਵਿਦਿਅਕ ਸੰਸਥਾ ਖੋਲ੍ਹੀ ਹੈ।

ਇਸ ਤੋਂ ਪਹਿਲਾਂ ਸ: ਮਾਨ ਨੇ ਸ: ਛੀਨਾ, ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਕਾਲਜ ਕੈਂਪਸ ਵਿਖੇ ਲਗਾਈ ਗਈ ਪ੍ਰਦਰਸ਼ਨੀ ਨੂੰ ਵੇਖਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ। ਸ: ਮਾਨ ਨੇ ਕਿਹਾ ਕਿ ਉਹ ਗਵਰਨਿੰਗ ਕੌਂਸਲ ਦੇ ਵੱਡੇ ਪ੍ਰੋਜੈਕਟਾਂ ਨੂੰ ਦੇਖ ਕੇ ਖੁਸ਼ ਹਨ ਅਤੇ ਉਨ੍ਹਾਂ ਦੀ ਸਰਕਾਰ ਇਸ ਦੇ ਆਉਣ ਵਾਲੇ ਵਿੱਦਿਅਕ ਕਾਰਜਾਂ ਲਈ ਪ੍ਰਬੰਧਨ ਨੂੰ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਇਸ ਮੌਕੇ ਸ: ਮਾਨ ਨੇ ਸ: ਛੀਨਾ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਹੋਣਹਾਰ ਲੜਕੀਆਂ ਨੂੰ ਰਾਸ਼ੀ ਚੈਕ ਭੇਂਟ ਕਰਕੇ ਸਨਮਾਨਿਤ ਵੀ ਕੀਤਾ।

ਪ੍ਰੋਗਰਾਮ ਦੇ ਅੰਤ ’ਚ ਸ: ਮਾਨ ਨੇ ਸ: ਛੀਨਾ, ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨਾਲ ਮਿਲ ਕੇ ਕੈਂਪਸ ਵਿਖੇ ਪੌਦਾਕਰਨ ਵੀ ਕੀਤਾ। ਇਸ ਮੌਕੇ ਸ: ਛੀਨਾ ਨੇ ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਮੁੱਖ ਮੰਤਰੀ ਸ: ਮਾਨ ਨੂੰ ਯਾਦਗਾਰੀ ਤਸਵੀਰ, ਸ਼ਾਲ ਅਤੇ ਕ੍ਰਿਪਾਨ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ, ਮੇਅਰ ਸ: ਜਤਿੰਦਰ ਸਿੰਘ ਮੋਤੀ ਭਾਟੀਆ, ਵਿਧਾਇਕ ਜੀਵਨਜੋਤ ਕੌਰ, ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਦਿ ਸਮੇਤ ਹੋਰ ਆਗੂ, ਸਖਸ਼ੀਅਤਾਂ, ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Related posts

ਧਾਰਮਿਕ ਸਥਾਨਾਂ ਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ: ਜਥੇਦਾਰ ਗਿਆਨੀ ਰਘਬੀਰ ਸਿੰਘ

admin

ਅਕਾਲ ਤਖ਼ਤ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਵਾਲੇ ਪੰਥ ਦੇ ਦੁਸ਼ਮਣ: ਦਲ ਖਾਲਸਾ

admin

ਹਰਬੰਸ ਅਰੋੜਾ ਯਾਦਗਾਰੀ ਸੱਭਿਆਚਾਰਕ ਸ਼ਾਮ 22 ਨੂੰ ਹੋਵੇਗੀ: ਅਰੋੜਾ

admin