ਹਾਕੀ ਇੰਡੀਆ ਨੇ ਆਪਣੇ ਸੱਤਵੇਂ ਸਾਲਾਨਾ ਪੁਰਸਕਾਰਾਂ ਲਈ 12 ਕਰੋੜ ਰੁਪਏ ਦੀ ਰਿਕਾਰਡ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਲਈ ਅੱਠ ਵਰਗਾਂ ਵਿੱਚ 32 ਖਿਡਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਾਲਾਨਾ ਇਨਾਮ ਵੰਡ ਸਮਾਗਮ ਸ਼ਨਿਚਰਵਾਰ ਨੂੰ ਨਵੀਂ ਦਿੱਲੀ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ 2024 ਸੀਜ਼ਨ ’ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਇਸ ਦੌਰਾਨ ਸਾਲ ਦੇ ਸਰਵੋਤਮ ਖਿਡਾਰੀ ਨੂੰ ਵੱਕਾਰੀ ਬਲਬੀਰ ਸਿੰਘ ਸੀਨੀਅਰ ਇਨਾਮ ਦਿੱਤਾ ਜਾਵੇਗਾ।
ਨੌਜਵਾਨ ਖਿਡਾਰੀਆਂ ਦਾ ਵੀ ਸਨਮਾਨ ਕੀਤਾ ਜਾਵੇਗਾ। ਜੁਗਰਾਜ ਸਿੰਘ ਪੁਰਸਕਾਰ ਸਾਲ ਦੇ ਉਭਰਦੇ ਸਰਵੋਤਮ ਪੁਰਸ਼ ਖਿਡਾਰੀ ਜਦਕਿ ਅਸੁੰਤਾ ਲਾਕੜਾ ਪੁਰਸਕਾਰ ਸਾਲ ਦੀ ਉਭਰਦੀ ਮਹਿਲਾ ਖਿਡਾਰਨ ਨੂੰ ਦਿੱਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਸਾਲ ਦੇ ਸਰਵੋਤਮ ਗੋਲਕੀਪਰ ਲਈ ਬਲਜੀਤ ਸਿੰਘ ਪੁਰਸਕਾਰ, ਸਾਲ ਦੇ ਸਰਵੋਤਮ ਡਿਫੈਂਡਰ ਲਈ ਪਰਗਟ ਸਿੰਘ ਪੁਰਸਕਾਰ, ਸਰਵੋਤਮ ਮਿਡਫੀਲਡਰ ਲਈ ਅਜੀਤ ਪਾਲ ਸਿੰਘ ਪੁਰਸਕਾਰ ਅਤੇ ਸਰਵੋਤਮ ਫਾਰਵਰਡ ਲਈ ਧਨਰਾਜ ਪਿੱਲੈ ਪੁਰਸਕਾਰ ਦਿੱਤੇ ਜਾਣਗੇ।
ਇਸ ਸਾਲ ਦੇ ਪੁਰਸਕਾਰ ਉਸ ਦਿਨ ਦਿੱਤੇ ਜਾਣਗੇ, ਜਿਸ ਦਿਨ 50 ਸਾਲ ਪਹਿਲਾਂ 1975 ਵਿੱਚ ਭਾਰਤੀ ਪੁਰਸ਼ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ। ਇਹ ਦੇਸ਼ ਦਾ ਹੁਣ ਤੱਕ ਦਾ ਪਹਿਲਾ ਤੇ ਇੱਕੋ-ਇੱਕ ਖਿਤਾਬ ਹੈ। ਇਸ ਦੇ ਨਾਲ ਹੀ 2025 ਵਿੱਚ ਭਾਰਤੀ ਹਾਕੀ ਦੇ 100 ਸਾਲ ਵੀ ਪੂਰੇ ਹੋ ਜਾਣਗੇ। ਦੇਸ਼ ਨੂੰ 7 ਨਵੰਬਰ 1925 ਨੂੰ ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਤੋਂ ਮਾਨਤਾ ਮਿਲੀ ਸੀ।
ਇਸ ਦੌਰਾਨ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿਛਲੇ ਸਾਲ ਏਸ਼ਿਆਈ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀਆਂ ਪੁਰਸ਼ ਅਤੇ ਮਹਿਲਾ ਟੀਮਾਂ ਤੇ ਜੂਨੀਅਰ ਏਸ਼ੀਆ ਕੱਪ ਜਿੱਤਣ ਵਾਲੀਆਂ ਪੁਰਸ਼ ਅਤੇ ਮਹਿਲਾ ਟੀਮਾਂ ਵੀ ਸਨਮਾਨਿਤ ਹੋਣਗੀਆਂ।
ਹਾਕੀ ਇੰਡੀਆ ਸਾਲਾਨਾ ਪੁਰਸਕਾਰ 2024 ਦੇ ਸਰਵੋਤਮ ਪੁਰਸ਼ ਖਿਡਾਰੀ ਲਈ ਅਭਿਸ਼ੇਕ, ਹਾਰਦਿਕ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨਾਮਜ਼ਦ ਕੀਤੇ ਗਏ ਹਨ।
ਇਸੇ ਤਰ੍ਹਾਂ ਸਰਵੋਤਮ ਮਹਿਲਾ ਖਿਡਾਰਨ ਲਈ ਸਵਿਤਾ ਪੂਨੀਆ, ਸਲੀਮਾ ਟੇਟੇ, ਸੰਗੀਤਾ ਕੁਮਾਰੀ ਅਤੇ ਨਵਨੀਤ ਕੌਰ; ਸਰਵੋਤਮ ਗੋਲਕੀਪਰ ਲਈ ਬਿੱਚੂ ਦੇਵੀ, ਕ੍ਰਿਸ਼ਨ ਬਹਾਦਰ ਪਾਠਕ, ਪੀਆਰ ਸ੍ਰੀਜੇਸ਼ ਅਤੇ ਸਵਿਤਾ; ਸਰਵੋਤਮ ਡਿਫੈਂਡਰ ਲਈ ਸੰਜੈ, ਅਮਿਤ ਰੋਹਿਦਾਸ, ਹਰਮਨਪ੍ਰੀਤ ਸਿੰਘ ਅਤੇ ਉਦਿਤਾ; ਸਰਵੋਤਮ ਮਿਡਫੀਲਡਰ ਲਈ ਜਰਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕਾਂਤ ਸ਼ਰਮਾ ਅਤੇ ਸੁਮਿਤ; ਸਰਵੋਤਮ ਫਾਰਵਰਡ ਲਈ ਲਾਲਰੇਮਸਿਆਮੀ, ਅਭਿਸ਼ੇਕ, ਸੁਖਜੀਤ ਸਿੰਘ ਅਤੇ ਨਵਨੀਤ ਕੌਰ; ਉੱਭਰਦੀ ਮਹਿਲਾ ਖਿਡਾਰਨ (21 ਸਾਲ ਤੋਂ ਘੱਟ) ਲਈ ਬਿਊਟੀ ਡੁੰਗਡੁੰਗ, ਦੀਪਿਕਾ, ਵੈਸ਼ਨਵੀ ਵਿੱਠਲ ਫਾਲਕੇ ਅਤੇ ਸੁਨੇਲਿਤਾ ਟੋਪੋ; ਉੱਭਰਦੇ ਪੁਰਸ਼ ਖਿਡਾਰੀ (21 ਸਾਲ ਤੋਂ ਘੱਟ) ਲਈ ਅਰਸ਼ਦੀਪ ਸਿੰਘ, ਅਮੀਰ ਅਲੀ, ਸ਼ਰਦਾਨੰਦ ਤਿਵਾੜੀ ਅਤੇ ਅਰਾਇਜੀਤ ਸਿੰਘ ਹੁੰਦਲ ਨਾਮਜ਼ਦ ਹਨ।