ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਅਗਵਾਈ ਅਧੀਨ ਉਕਤ ਸਮਾਗਮ ਮੌਕੇ ਵਿਸ਼ੇਸ਼ ਬੁਲਾਰਿਆਂ ਵਜੋਂ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਰਮਿੰਦਰ ਕੌਰ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਰੰਭ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਵੱਲੋਂ ਬੁਲਾਰਿਆਂ ਦੇ ਸਵਾਗਤ ਨਾਲ ਕੀਤਾ ਗਿਆ।
ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਮਾਤ ਭਾਸ਼ਾ ਦੀ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਦੇ ਮੁੱਢਲੇ ਪੱਧਰ ਤੋਂ ਵਿਸ਼ੇਸ਼ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਰਾਹੀਂ ਅਸੀਂ ਆਪਣੇ ਵਿਚਾਰਾਂ ਨੂੰ ਦੂਜਿਆਂ ਨਾਲ ਜਿੰਨੀ ਆਸਾਨੀ ਅਤੇ ਸਮਝ ਨਾਲ ਕਹਿ ਸਕਦੇ ਹਾਂ ਉਸਦਾ ਸੰਚਾਰੀਕਰਨ ਦੂਜੀ ਭਾਸ਼ਾ ’ਚ ਵਧੇਰੇ ਸੁਚੱਜੇ ਢੰਗ ਨਾਲ ਨਹੀਂ ਹੋ ਸਕਦਾ। ਉਨ੍ਹਾਂ ਮਾਤ ਭਾਸ਼ਾ ਪੰਜਾਬੀ ਨੂੰ ਵੱਧ ਤੋਂ ਵੱਧ ਬੋਲਣ, ਪੰਜਾਬੀ ਭਾਸ਼ਾ ’ਚ ਉਪਲਬਧ ਮਿਆਰੀ ਸਾਹਿਤ ਨੂੰ ਪੜ੍ਹਨ ਅਤੇ ਇਸਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪੰਜਾਬੀ ਭਾਸ਼ਾ ਦੀ ਅਮੀਰ ਸਾਹਿਤਕ ਪ੍ਰੰਪਰਾ ਸਬੰਧੀ ਜਾਣਕਾਰੀ ਦਿੰਦਿਆਂ ਇਸਦੀ ਮਹੱਤਤਾ ਦੇ ਅਹਿਮ ਪਹਿਲੂਆਂ ਨੂੰ ਸਾਂਝਿਆਂ ਕੀਤਾ ।
ਇਸ ਉਪਰੰਤ ਡਾ. ਰੰਧਾਵਾ ਨੇ ਕਿਹਾ ਕਿ ਮਾਤ ਭਾਸ਼ਾ ਦਿਵਸ ਬੰਗਲਾਦੇਸ਼ ਦੇ ਲੋਕਾਂ ਵੱਲੋਂ ਆਪਣੀ ਮਾਤ ਭਾਸ਼ਾ ਨੂੰ ਕੌਮੀ ਦਰਜਾ ਦਿਵਾਉਣ ਦੇ ਸੰਘਰਸ਼ ’ਚੋਂ ਪੈਦਾ ਹੋਇਆ ਹੈ। ਯੂਨੇਸਕੋ ਦੁਆਰਾ 17 ਨਵੰਬਰ 1999 ਨੂੰ ਸੰਸਾਰ ਭਰ ਦੇ ਲੋਕਾਂ ਨੂੰ ਇਸ ਦਿਨ ਨੂੰ ਵਿਸ਼ਵ ਪੱਧਰ ਤੋਂ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ। ਇਹ ਦਿਨ ਪਹਿਲੀ ਵਾਰ 21 ਫਰਵਰੀ 2000 ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ’ਚ ਸੰਸਾਰ ਭਰ ’ਚ ਪੰਜਾਬੀ ਭਾਸ਼ਾ ਦੇ ਬੁਲਾਰਿਆਂ ਦੀ ਗਿਣਤੀ ਲਗਭਗ ਗਿਣਤੀ ਲਗਭਗ 10 ਕਰੋੜ ਤੋਂ ਵੱਧ ਤੋਂ ਵੱਧ ਅਤੇ ਵਿਸ਼ਵ ਦੀ ਭਾਸ਼ਾ ’ਚੋਂ ਪੰਜਾਬੀ ਭਾਸ਼ਾ ਦਾ 13ਵਾਂ ਸਥਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਬਰਕਰਾਰਤਾ ਲਈ ਇਸ ਨੂੰ ਟਕਨਾਲੌਜੀ ਦੇ ਉਪਕਰਣਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਡਾ. ਰਮਿੰਦਰ ਕੌਰ ਨੇ ਕਿਹਾ ਕਿ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ’ਚ ਹਰੇਕ ਵਿਅਕਤੀ ਦੀ ਬਰਾਬਰ ਭੂਮਿਕਾ ਹੋ ਸਕਦੀ ਹੈ। ਸਾਨੂੰ ਆਪਣੀ ਮਾਂ ਬੋਲੀ ਨੂੰ ਬੋਲਣ ’ਚ ਕਿਸੇ ਕਿਸਮ ਦੀ ਝਿਜਕ ਮਹਿਸੂਸ ਨਾ ਕਰਦਿਆਂ ਇਸ ਨੂੰ ਵੱਧ ਤੋਂ ਵੱਧ ਬੋਲਣ ਅਤੇ ਫੈਲਾਉਣ ’ਚ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਿਕਸਿਤ ਦੇਸ਼ਾਂ ਨੇ ਆਪਣੀ ਬੋਲੀ ਅਤੇ ਸਾਹਿਤ ਰਾਹੀਂ ਬਹੁਤ ਵਿਕਾਸ ਕੀਤਾ ਹੈ ਇਸ ਲਈ ਭਾਸ਼ਾ ਕਿਸੇ ਵੀ ਤਰ੍ਹਾਂ ਦੀ ਤਰੱਕੀ ’ਚ ਕੋਈ ਰੁਕਾਵਟ ਪੈਦਾ ਨਹੀਂ ਕਰਦੀ। ਆਪਣੀ ਸਮਰੱਥਾ ਅਨੁਸਾਰ ਹਰ ਕਿਸੇ ਨੂੰ ਆਪਣੀ ਮਾਤ ਭਾਸ਼ਾ ਦੇ ਵਿਕਾਸ ਲਈ ਯਤਨਬੱਧ ਰਹਿਣਾ ਚਾਹੀਦਾ ਹੈ।
ਮੰਚ ਦੇ ਸੰਚਾਲਕ ਵਜੋਂ ਭੂਮਿਕਾ ਨਿਭਾਉਂਦਿਆਂ ਸਮਾਗਮ ਦੇ ਕਨਵੀਨਰ ਡਾ. ਹੀਰਾ ਸਿੰਘ ਨੇ ਵੀ ਉਕਤ ਦਿਵਸ ਦੀ ਇਤਿਹਾਸਿਕਤਾ ਅਤੇ ਸਾਰਥਿਕਤਾ ਬਾਰੇ ਵਿਚਾਰ ਪੇਸ਼ ਕੀਤੇ।