
ਅਮਰਜੀਤ ਕੌਂਕੇ ਕੌਣ ਹੈ? ‘ਪ੍ਰਤਿਮਾਨ’ ਮੈਗਜ਼ੀਨ ਦਾ ਸੰਪਾਦਕ, ਪੰਜਾਬੀ ਅਤੇ ਹਿੰਦੀ ਦਾ ਕਵੀ, ਹਿੰਦੀ, ਅੰਗਰੇਜ਼ੀ ਦੀਆਂ ਕਲਾਸੀਕਲ ਪੁਸਤਕਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕਰਨ ਵਾਲਾ ਜਾਂ ਪੰਜਾਬੀ ਪੁਸਤਕਾਂ ਨੂੰ ਹਿੰਦੀ ਪਾਠਕਾਂ ਤੱਕ ਪਹੁੰਚਾਉਣ ਵਾਲਾ ਅਨੁਵਾਦਕ, ਅਨੁਵਾਦ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦੇ ਨਾਲ-ਨਾਲ ਹੋਰ ਕਈ ਮਾਨ-ਸਨਮਾਨ ਪ੍ਰਾਪਤ ਕਰਨ ਵਾਲਾ ਸਾਹਿਤਕਾਰ ਅਤੇ ਸਭ ਤੋਂ ਵੱਧ ਇਕ ਸੁਹਿਰਦ ਇਨਸਾਨ, ਯਾਰਾਂ ਦਾ ਯਾਰ, ਦੋਸਤਾਂ-ਮਿੱਤਰਾਂ ਦੀਆਂ ਮਹਿਫ਼ਲਾਂ ਵਿਚ ਰੰਗ ਭਰਨ ਵਾਲਾ ਅਤੇ ਹੋਰ ਪਤਾ ਨਹੀਂ ਕੀ ਕੁਝ? ਸਰਕਾਰੀ ਨੌਕਰੀ ਵੀ ਕਰਦਾ ਰਿਹਾ, ਪਰਿਵਾਰਕ ਜ਼ਿੰਮੇਵਾਰੀਆਂ ਬਾ-ਖੂਬੀ ਨਿਭਾਉਂਦਾ, ਸਮਾਜ ਵਿਚ ਵਿਚਰਦਾ ਹੋਇਆ ਪਤਾ ਨਹੀਂ ਲਿਖਣ ਲਈ ਵਕਤ ਕਿੱਥੋਂ ਕੱਢ ਲੈਂਦਾ ਹੈ ਅਤੇ ਸਾਹਿਤਕ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਿਰਕਤ ਕਿਵੇਂ ਕਰਦਾ ਰਹਿੰਦਾ ਹੈ? ਮੇਰਾ ਨਿਜੀ ਵਿਚਾਰ ਹੈ ਕਿ ਉਸਦਾ ਤੀਜਾ ਨੇਤਰ ਸਰਸਵਤੀ ਦੇਵੀ ਨੇ ਆਪ ਖੋਲਿਆ ਹੈ। ਉਹ ਦੇਸ-ਵਿਦੇਸ਼ ਵਿਚ ਵਾਪਰ ਰਹੇ ਵਰਤਾਰਿਆਂ ‘ਤੇ ਪੈਣੀ ਨਜ਼ਰ ਰੱਖਦਾ ਹੈ, ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਨੀਝ ਨਾਲ ਨਿਹਾਰਦਾ ਹੋਇਆ ਆਪਣੇ ਅਵਚੇਤਨ ਦਿਮਾਗ ਵਿਚ ਵਸਾ ਲੈਂਦਾ ਹੈ। ਜਿਵੇਂ ਅੱਜ ਕੱਲ ਫੇਸਬੁੱਕ ‘ਤੇ ਦੋ ਤਿੰਨ ਸਾਲ ਪੁਰਾਣੀਆਂ ਪੋਸਟਾਂ ਜਾਂ ਤੁਹਾਡੀਆਂ ਪੁਰਾਣੀਆਂ ਫ਼ੋਟੋਆਂ ਆਪਣੇ ਆਪ ਪ੍ਰਗਟ ਹੋ ਜਾਂਦੀਆਂ ਹਨ, ਉਸੇ ਤਰਾਂ ਕੌਂਕੇ ਦੇ ਅਵਚੇਤਨ ਦਿਮਾਗ ਵਿਚ ਵਸੀਆਂ ਘਟਨਾਵਾਂ ਕਦੋਂ ਉਸਦੀ ਕਲਮ ਰਾਹੀਂ ਕੋਰੇ ਕਾਗਜਾਂ ‘ਤੇ ਆ ਬਿਰਾਜਮਾਨ ਹੋ ਜਾਣ, ਇਸਦਾ ਇਲਮ ਸ਼ਾਇਦ ਉਸ ਨੂੰ ਆਪ ਵੀ ਨਹੀਂ ਹੁੰਦਾ। ਇਹ ਕੋਈ ਅਤਕਥਨੀ ਨਾ ਹੋ ਕੇ ਉਸ ਦੇ ਸੱਜਰੇ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਦੇ ਅਧਿਐਨ ਉਪਰੰਤ ਸਪਸ਼ਟ ਹੋ ਜਾਂਦਾ ਹੈ।