ਆਦਮਪੁਰ ਏਅਰਪੋਰਟ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨ ਦੀ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਹੋ ਗਈ ਹੈ ਅਤੇ ਆਦਮਪੁਰ ਹਵਾਈ ਅੱਡੇ ਤੋਂ ਕੱਲ੍ਹ ਪਹਿਲੀ ਉਡਾਣ ਦੁਪਹਿਰ 3:30 ਵਜੇ ਦੇ ਕਰੀਬ ਉੱਡੀ ਜੋ ਸ਼ਾਮ 6 ਵਜੇ ਮੁੰਬਈ ਪਹੁੰਚੀ।
ਇਸ ਸਫ਼ਰ ਲਈ ਇੰਡੀਗੋ ਏਅਰਲਾਈਨਜ਼ ਦੇ ਵਲੋਂ ਪਹਿਲਕਦਮੀ ਕਰਦਿਆਂ ਆਦਮਪੁਰ-ਮੁੰਬਈ ਏਅਰ ਰੂਟ ‘ਤੇ ਹਵਾਈ ਉਡਾਣਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਉਡਾਣ ਦੇ ਨਾਲ ਪੰਜਾਬ ਦੇ ਵਪਾਰੀਆਂ, ਸੈਲਾਨੀਆਂ ਅਤੇ ਵਿਦਿਆਰਥੀਆਂ ਨੂੰ ਹਵਾਈ ਸਫ਼ਰ ਕਰਨਾ ਹੋਰ ਵੀ ਸੁਖਾਲਾ ਹੋ ਗਿਆ ਹੈ। ਆਦਮਪੁਰ ਹਵਾਈ ਅੱਡੇ ਤੋਂ ਇੰਡੀਗੋ ਏਅਰਲਾਈਨ ਦੇ ਕਾਊਂਟਰ ਨੰਬਰ 3, 4 ਅਤੇ 5 ਤੋਂ ਰੋਜ਼ਾਨਾ ਲਈ ਇਹ ਉਡਾਣ ਸ਼ਾਮ 15.50 ਵਜੇ ਉਡਕੇ ਰਾਤ ਦੇ 18.30 ਵਜੇ ਮੁੰਬਈ ਪੁੱਜਿਆ ਕਰੇਗੀ ਅਤੇ ਮੁੰਬਈ ਤੋਂ ਇੰਡੀਗੋ ਏਅਰਲਾਈਨ ਦੀ ਇਹ ਫ਼ਲਾਈਟ ਦੁਪਹਿਰੇ 12.55 ਵਜੇ ਚੱਲ ਕੇ ਸ਼ਾਮ 15.55 ਵਜੇ ਆਦਮਪੁਰ ਪੁੱਜਿਆ ਕਰੇਗੀ।
ਇਥੇ ਤੁਹਾਨੂੰ ਦੱਸਣਾ ਜਰੂਰੀ ਹੋਵੇਗਾ ਕਿ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਲੋਂ ਦੁਆਬੇ ਦੇ ਲੋਕਾਂ ਦੇ ਲਈ ਹਵਾਈ ਸਫ਼ਰ ਨੂੰ ਮੁੱਖ-ਰੱਖਦਿਆਂ ਆਦਮਪੁਰ ਨੂੰ ਦੇਸ਼ ਦੇ ਹੋਰਨਾਂ ਵੱਡੇ ਸ਼ਹਿਰਾਂ ਲਈ ਹਵਾਈ ਉਡਾਣਾਂ ਸ਼ੁਰੂ ਕਰਨ ਅਤੇ ਫਲਾਈਟਾਂ ਦੀ ਗਿਣਤੀ ਨੂੰ ਹੋਰ ਵਧਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਸਨ। ਇਸ ਸਬੰਧੀ ਪਾਰਲੀਮੈਂਟ ਮੈਂਬਰ ਚੰਨੀ ਵਲੋਂ ਭਾਰਤ ਦੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਵੀ ਮੁਲਾਕਾਤ ਕਰ ਕੇ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਆਦਮਪੁਰ ਦੇ ਹਵਾਈ ਅੱਡੇ ਤੋਂ ਮੁੰਬਈ ਲਈ ਫ਼ਲਾਈਟਾਂ ਦੀ ਸ਼ੁਰੂਆਤ ਹੋਈ ਹੈ।