ਦਿੱਲੀ ਅਤੇ ਬੰਗਲੌਰ ਦੇ ਕਈ ਸਕੂਲਾਂ ਨੂੰ ਅੱਜ ਸ਼ੁੱਕਰਵਾਰ ਸਵੇਰੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਦਹਿਸ਼ਤ ਫੈਲ ਗਈ। ਦਿੱਲੀ ਪੁਲਿਸ ਅਤੇ ਵੱਖ-ਵੱਖ ਅਧਿਕਾਰੀਆਂ ਨੇ ਚੌਕਸੀ ਵਰਤਦਿਆਂ ਤਲਾਸ਼ੀ ਅਤੇ ਖ਼ਾਲੀ ਕਰਵਾਉਣ ਦੀਆਂ ਕਾਰਵਾਈਆਂ ਸ਼ੁਰੂ ਕੀਤੀਆਂ ਗਈਆਂ। ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 20 ਤੋਂ ਵੱਧ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ।
ਰਾਸ਼ਟਰੀ ਰਾਜਧਾਨੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ ਧਮਕੀਆਂ ਦੀ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ। ਇਸ ਹਫ਼ਤੇ ਅੱਜ ਚੌਥੀ ਵਾਰ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਵੱਖ-ਵੱਖ ਸਕੂਲਾਂ ਵਿੱਚ ਪਹੁੰਚੇ ਅਤੇ ਸਕੂਲਾਂ ਨੂੰ ਖਾਲੀ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਦੇ ਨਾਲ-ਨਾਲ ਬੰਬ ਸਕੁਐਡ ਅਤੇ ਡੌਗ ਸਕੁਐਡ ਦੇ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਦਵਾਰਕਾ ਵਿੱਚ ਸੇਂਟ ਥਾਮਸ ਸਕੂਲ, ਰੋਹਿਣੀ ਵਿੱਚ ਗੁਰੂ ਨਾਨਕ ਪਬਲਿਕ ਸੋਵਰੇਨ ਸਕੂਲ, ਦਵਾਰਕਾ ਵਿੱਚ ਜੀਡੀ ਗੋਇਨਕਾ ਸਕੂਲ, ਦਵਾਰਕਾ ਇੰਟਰਨੈਸ਼ਨਲ ਸਕੂਲ, ਪੱਛਮੀ ਵਿਹਾਰ ਵਿੱਚ ਰਿਚਮੰਡ ਸਕੂਲ ਅਤੇ ਰੋਹਿਣੀ ਸੈਕਟਰ 3 ਵਿੱਚ ਅਭਿਨਵ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਸੁਰੱਖਿਆ ਏਜੰਸੀਆਂ ਦੇ ਵਲੋੇਂ ਹਾਲੇ ਵੀਰਵਾਰ ਨੂੰ ਹੀ ਕਿਸੇ ਵੀ ਐਮਰਜੈਂਸੀ ਵਾਲੀ ਸਥਿਤੀ ਦੇ ਨਾਲ ਨਜਿੱਠਣ ਦੇ ਲਈ ਤਿਆਰੀ ਵਜੋਂ 10 ਥਾਵਾਂ ‘ਤੇ ਮੌਕ ਡ੍ਰਿਲ ਵੀ ਕੀਤੇ ਗਏ ਸਨ।
ਦਿੱਲੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਦੌਰਾਨ ਦੱਖਣੀ ਦਿੱਲੀ ਦੇ ਇੱਕ 12 ਸਾਲਾ ਮੁੰਡਾ ਦੀ ਪਛਾਣ ਹੋ ਗਈ ਹੈ, ਜਿਸਨੇ ਕਥਿਤ ਤੌਰ ‘ਤੇ ਆਪਣੇ ਨਿੱਜੀ ਮੋਬਾਈਲ ਫੋਨ ਦੀ ਵਰਤੋਂ ਕਰਕੇ ਇੱਕ ਝੂਠੀ ਈਮੇਲ ਭੇਜੀ ਸੀ। ਇੱਕ ਨਿੱਜੀ ਸਕੂਲ ਦੇ ਵਿਦਿਆਰਥੀ ਤੋਂ ਪੁੱਛਗਿੱਛ ਕੀਤੀ ਗਈ, ਉਸ ਨੂੰ ਸਮਝਾਇਆ ਗਿਆ ਹੈ ਅਤੇ ਬਾਅਦ ਵਿੱਚ ਘਰ ਭੇਜ ਦਿੱਤਾ ਗਿਆ। ਪੁਲਿਸ ਸੂਤਰਾਂ ਦੇ ਅਨੁਸਾਰ, ਮੁੰਡੇ ਨੇ ਦਾਅਵਾ ਕੀਤਾ ਕਿ ਇਹ ਇੱਕ ਮਜ਼ਾਕ ਸੀ, ਅਤੇ ਉਹ ਇਸ ਸਮੇਂ ਮਾਨਸਿਕ ਸਿਹਤ ਸਥਿਤੀ ਦਾ ਇਲਾਜ ਕਰਵਾ ਰਿਹਾ ਹੈ।
ਇਸੇ ਦੌਰਾਨ ਭਾਰਤ ਦੀ ਸਿਲੀਕਾਨ ਵੈਲੀ ਕਹੇ ਜਾਣ ਵਾਲੇ ਬੰਗਲੌਰ ਦੇ 40 ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਬੰਗਲੌਰ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਬੰਗਲੌਰ ਪੁਲਿਸ ਨੇ ਦੱਸਿਆ ਕਿ ਬੰਗਲੌਰ ਸ਼ਹਿਰ ਦੇ 40 ਨਿੱਜੀ ਸਕੂਲਾਂ ਨੂੰ ਅੱਜ ਆਰਆਰ ਨਗਰ ਅਤੇ ਕੇਂਗੇਰੀ ਸਮੇਤ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਹਨ, ਜਿਸ ਤੋਂ ਬਾਅਦ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਤਲਾਸ਼ੀ ਅਤੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਧਮਕੀਆਂ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਹਾਈ ਅਲਰਟ ਘੋਸ਼ਿਤ ਕਰ ਦਿੱਤਾ ਗਿਆ ਸੀ। ਵਿਦਿਆਰਥੀਆਂ ਅਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐਮਰਜੈਂਸੀ ਰਿਸਪਾਂਸ ਟੀਮਾਂ ਅਤੇ ਪੁਲਿਸ ਟੀਮਾਂ ਨੂੰ ਸਰਗਰਮ ਕੀਤਾ ਗਿਆ ਸੀ। ਹਾਲੇ ਤੱਕ ਕਿਸੇ ਵੀ ਸਕੂਲ ਵਿੱਚ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ ਅਤੇ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ।