ਅੰਮ੍ਰਿਤਸਰ – ਮਾਲਟਾ ਦੇ ਹਾਈ ਕਮਿਸ਼ਨਰ ਰੂਬੇਨ ਗੌਸੀ ਨੇ ਇਤਿਹਾਸਕ ਵਿਸ਼ਵ ਪ੍ਰਸਿੱਧ ਖਾਲਸਾ ਕਾਲਜ ਅੰਮ੍ਰਿਤਸਰ ਦਾ ਦੌਰਾ ਕੀਤਾ| ਕਾਲਜ ਪਹੁੰਚਣ ‘ਤੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨ ਦਾ ਫੁੱਲਾਂ ਨਾਲ ਹਾਰਦਿਕ ਸਵਾਗਤ ਕੀਤਾ| ਇਸ ਸਮੇਂ ਗੌਸੀ ਨੇ ਕਾਲਜ ਪ੍ਰਬੰਧਨ ਦੇ ਅਧਿਕਾਰੀਆਂ ਅਤੇ ਪ੍ਰਿੰਸੀਪਲ ਡਾ. ਰੰਧਾਵਾ ਨਾਲ ਮੁੁਲਾਕਾਤ ਕੀਤੀ| ਮੁੁਲਾਕਾਤ ਦੌਰਾਨ ਹਾਈ ਕਮਿਸ਼ਨਰ ਨੂੰ ਪ੍ਰਿੰਸੀਪਲ ਵਲੋਂ ਕਾਲਜ ਦੇ ਵੱਖ-ਵੱਖ ਖੇਤਰਾਂ ਵਿੱਚ ਅਕਾਦਮਿਕ ਮਿਆਰਾਂ ਅਤੇ ਵਿਸ਼ਾਲ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਗਿਆ|
ਕਾਲਜ ਦੇ ਅਕਾਦਮਿਕ ਮਿਆਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਗੌਸੀ ਨੇ ਨੇੜਲੇ ਭਵਿੱਖ ਵਿੱਚ ਕਾਲਜ ਨਾਲ ਅਕਾਦਮਿਕ ਸਹਿਯੋਗ ਬਣਾਈ ਰੱਖਣ ਦੀ ਇੱਛਾ ਪ੍ਰਗਟ ਕੀਤੀ| ਇਸ ਉਪਰੰਤ ਮਾਲਟਾ ਦੇ ਪਤਵੰਤੇ ਮਹਿਮਾਨ ਨੇ ਕਾਲਜ ਕੈਂਪਸ ਦਾ ਦੌਰਾ ਕੀਤਾ ਅਤੇ ਕਾਲਜ ਦੀ ਇਤਿਹਾਸਕ ਇਮਾਰਤ ਨੂੰ ਚੰਗੀ ਤਰ੍ਹਾਂ ਸੰਭਾਲਣ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ| ਕਾਲਜ ਕੈਂਪਸ ਦਾ ਦੌਰਾ ਕਰਨ ਤੋਂ ਬਾਅਦ ਮਾਲਟਾ ਦੇ ਹਾਈ ਕਮਿਸ਼ਨਰ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਸਿ਼ਰਕਤ ਕੀਤੀ| ਸੈਸ਼ਨ ਦੀ ਸ਼ੁਰੂਆਤ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਨੇ ਮਹਿਮਾਨ ਦੀ ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨਾਲ ਜਾਣ-ਪਛਾਣ ਕਰਵਾਈ| ਸੈਸ਼ਨ ਦਾ ਆਰੰਭ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਸਵਾਗਤੀ ਭਾਸ਼ਣ ਨਾਲ ਹੋਇਆ|
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਗੌਸੀ ਨੇ ਭਾਰਤ ਅਤੇ ਮਾਲਟਾ ਦੇ ਇਤਿਹਾਸਕ ਸਬੰਧਾਂ ‘ਤੇ ਚਾਨਣਾ ਪਾਇਆ| ਉਨ੍ਹਾਂ ਨੇ 19ਵੀਂ ਸਦੀ ਦੀ ਆਖਰੀ ਤਿਮਾਹੀ ਵਿੱਚ ਬਸਤੀਵਾਦੀ ਸਮੇਂ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਦੀਆਂ ਜੜ੍ਹਾਂ ਦਾ ਪਤਾ ਲਗਾਇਆ ਜਦੋਂ ਮਾਲਟਾ ਨੇ ਰੂਸੀ ਖਤਰਿਆਂ ਦੇ ਵਿਰੁੱਧ ਤੁੁਰਕੀ ਦਾ ਸਮਰਥਨ ਕਰਨ ਲਈ ਸਾਈਪਰਸ ਜਾਂਦੇ ਹੋਏ ਬ੍ਰਿਟਿਸ਼ ਭਾਰਤੀ ਫੌਜਾਂ ਦੀ ਇੱਕ ਖੇਪ ਦੀ ਮੇਜਬਾਨੀ ਕੀਤੀ| ਭਾਸ਼ਣ ਦੌਰਾਨ ਗੌਸੀ ਨੇ ਹਿੰਦੂ ਸਿੰਧੀ ਭਾਈਚਾਰੇ, ਜਿਸਨੂੰ ਭਾਰਤੀ ਮਾਲਟੀਜ ਭਾਈਚਾਰੇ ਵਜੋਂ ਜਾਣਿਆ ਜਾਂਦਾ ਹੈ, ਦੀ ਭੂਮਿਕਾ ‘ਤੇ ਚਾਨਣਾ ਪਾਇਆ| ਦੋਵਾਂ ਦੇਸ਼ਾਂ ਵਿਚਕਾਰ ਰਸਮੀ ਕੂਟਨੀਤਕ ਸਬੰਧ 1965 ਵਿੱਚ ਉਦੋਂ ਹੀ ਸਥਾਪਿਤ ਹੋਏ ਸਨ ਜਦੋਂ ਮਾਲਟਾ ਨੇ 1964 ਵਿੱਚ ਆਪਣੇ ਬਸਤੀਵਾਦੀ ਮਾਲਕ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ| ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਵਪਾਰਕ ਸਬੰਧਾਂ ਅਤੇ ਲੋਕਾਂ ਨਾਲ ਲੋਕਾਂ ਦੇ ਸੰਪਰਕ ਨੂੰ ਵਿਕਸਤ ਕਰਨ ਲਈ ਅਕਸਰ ਯਤਨ ਕੀਤੇ| ਦੋਵਾਂ ਦੇਸ਼ਾਂ ਦੇ ਪਤਵੰਤਿਆਂ ਨੂੰ ਇੱਕ ਦੂਜੇ ਦੇਸ਼ਾਂ ਦੇ ਅਧਿਕਾਰਤ ਦੌਰੇ ਕਰਨੇ ਚਾਹੀਦੇ ਹਨ ਤਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕੀਤੀ ਜਾ ਸਕੇ| ਗੌਸੀ ਨੇ ਦਲੀਲ ਦਿੱਤੀ ਕਿ ਭਾਰਤ ਅਤੇ ਮਾਲਟਾ ਵਿੱਚ ਵਪਾਰ ਅਤੇ ਨਿਵੇਸ਼, ਸਮੰੁਦਰੀ ਸਹਿਯੋਗ, ਨਵਿਆਉਣਯੋਗ ਊਰਜਾ, ਟੈਕਸਟਾਈਲ ਉਦਯੋਗ, ਫਾਰਮਾਸਿਊਟੀਕਲ ਉਦਯੋਗ, ਸੈਰ-ਸਪਾਟਾ ਅਤੇ ਲੋਕਾਂ ਦੇ ਸੱਭਿਆਚਾਰਕ ਸੰਪਰਕ ਦੇ ਖੇਤਰ ਵਿੱਚ ਦੁੁਵੱਲੇ ਸਬੰਧਾਂ ਨੂੰ ਵਿਕਸਤ ਕਰਨ ਦੀ ਵਿਸ਼ਾਲ ਸੰਭਾਵਨਾ ਹੈ| ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਸਵਾਲ ਪੁੱਛੇ ਅਤੇ ਦੋਵਾਂ ਦੇਸ਼ਾਂ ਦੇ ਸਾਂਝੇ ਮੁੱਦੇ ਉਠਾਏ|
ਸੈਸ਼ਨ ਦੇ ਅੰਤ ਵਿੱਚ ਕਾਲਜ ਰਜਿਸਟਰਾਰ, ਡਾ. ਦਵਿੰਦਰ ਸਿੰਘ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ| ਇਸ ਮੌਕੇ ਡੀਨ ਹਿਊਮੈਨਿਟੀਜ਼ ਪ੍ਰੋੋ. ਜਸਪ੍ਰੀਤ ਕੌਰ, ਡਾ. ਸਾਵੰਤ ਸਿੰਘ, ਇੰਚਾਰਜ ਸਮਾਜਿਕ ਵਿਗਿਆਨ ਵਿਭਾਗ ਅਤੇ ਰਾਜਨੀਤੀ ਫਾਸਤਰ ਵਿਭਾਗ ਦੇ ਸਟਾਫਅ ਮੈਂਬਰ ਮੌਜੂਦ ਸਨ|