Punjab Religion

ਸ਼੍ਰੋਮਣੀ ਕਮੇਟੀ ਵਲੋਂ ਏਆਈ ਟੂਲਸ ਰਾਹੀਂ ਗੁਰਬਾਣੀ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ !

ਐਡਵੋਕਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। (ਫੋਟੋ: ਏ ਐਨ ਆਈ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਟੂਲਸ ਨਾਲ ਗੁਰਬਾਣੀ, ਸਿੱਖ ਇਤਿਹਾਸ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ ਲੈਂਦਿਆਂ ਵੱਖ-ਵੱਖ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਇਤਰਾਜ਼ ਪ੍ਰਗਟ ਕੀਤਾ ਹੈ। ਜਿਨ੍ਹਾਂ ਏਆਈ ਪਲੇਟਫਾਰਮਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਹੈ, ਉਨ੍ਹਾਂ ਵਿਚ ਚੈਟ ਜੀਪੀਟੀ, ਡੀਪਸੀਕ, ਗਰੋਕ, ਜੇਮਿਨੀ ਏਆਈ, ਮੈਟਾ, ਗੂਗਲ, ਵੀਓ 3, ਡਿਸਕਰਿਪਟ, ਰਨਵੇਅ ਐਮਐਲ, ਪਿਕਟੋਰੀ, ਮਜਿਸਟੋ, ਇਨਵੀਡਿਓ, ਡੈਲ-ਈ 2, ਮਿਡਜਰਨੀ, ਡੀਪਏਆਈ ਅਤੇ ਹੋਰ ਸ਼ਾਮਲ ਹਨ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ‘ਸਿੱਖ ਧਰਮ ਦੀਆਂ ਆਪਣੀਆਂ ਮੌਲਿਕ ਪ੍ਰੰਪਰਾਵਾਂ ਹਨ, ਜਿਨ੍ਹਾਂ ਵਿਚ ਤਬਦੀਲੀ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਤਕਨੀਕ ਦੇ ਯੁੱਗ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਸਿੱਖ ਗੁਰੂ ਸਾਹਿਬਾਨ ਦੇ ਇਤਿਹਾਸ ਤੇ ਤਸਵੀਰਾਂ ਨਾਲ ਛੇੜਛਾੜ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਕੋਝੀਆਂ ਹਰਕਤਾਂ ਨਾਲ ਸਿੱਖ ਹਿਰਦਿਆਂ ਨੂੰ ਗਹਿਰੀ ਸੱਟ ਵੱਜ ਰਹੀ ਹੈ। ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਬਉੱਚ ਹਨ, ਜਿਸ ਅੰਦਰ ਦਰਜ ਗੁਰਬਾਣੀ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਹੋ ਸਕਦੀ, ਪ੍ਰੰਤੂ ਅਜਿਹੀਆਂ ਐਪਸ ਗੁਰਬਾਣੀ ਦੀਆਂ ਪਾਵਨ ਪੰਗਤੀਆਂ ਨੂੰ ਗ਼ਲਤ ਤਰੀਕੇ ਨਾਲ ਦਰਸਾ ਰਹੀਆਂ ਹਨ, ਜੋ ਗੁਰਬਾਣੀ ਦੀ ਬੇਅਦਬੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਨੂੰ ਕਈ ਇਤਰਾਜ਼ ਪ੍ਰਗਟ ਹੋਏ ਹਨ, ਜਿਸ ਦੇ ਮੱਦੇਨਜ਼ਰ ਏਆਈ ਪਲੇਟਫਾਰਮਾਂ ਨੂੰ ਈਮੇਲ ਪੱਤਰ ਭੇਜ ਕੇ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਆਈ ਪਲੇਟਫਾਰਮਾਂ ’ਤੇ ਅਜਿਹ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਰਾਹੀਂ ਸਤਿਕਾਰਯੋਗ ਸਿੱਖ ਧਾਰਮਿਕ ਸ਼ਖ਼ਸੀਅਤਾਂ, ਪਾਵਨ ਗ੍ਰੰਥਾਂ ਅਤੇ ਸਿੱਖ ਪ੍ਰਤੀਕਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਨੌਜੁਆਨ ਪੀੜ੍ਹੀ ਤਕਨਾਲੋਜੀ ਦੀ ਵਰਤੋਂ ਜਰੀਏ ਆਪਣੇ ਇਤਿਹਾਸ, ਪ੍ਰੰਪਰਾਵਾਂ ਅਤੇ ਮਾਨਤਾਵਾਂ ਨੂੰ ਜਾਣਨ ਦਾ ਯਤਨ ਕਰਦੀ ਹੈ, ਪ੍ਰੰਤੂ ਏਆਈ ਦੁਆਰਾ ਉਨ੍ਹਾਂ ਨੂੰ ਮਿਲ ਰਹੀ ਅਧੂਰੀ ਤੇ ਗ਼ਲਤ ਜਾਣਕਾਰੀ ਧਰਮ ਦੇ ਸਿਧਾਂਤਾਂ ਨੂੰ ਸੱਟ ਮਾਰਨ ਵਾਲੀ ਸਾਬਤ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਈ ਗੁਰਬਾਣੀ ਐਪਸ ’ਤੇ ਵੀ ਗੁਰਬਾਣੀ ਸ਼ੁੱਧ ਰੂਪ ਵਿਚ ਨਹੀਂ ਹੈ, ਜਿਸ ਬਾਰੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਸੰਜੀਦਾ ਮਾਮਲਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਖੇਤਰ ਵਿਚ ਕੰਮ ਕਰ ਰਹੇ ਲੋਕਾਂ ਅਤੇ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀਆਂ ਐਪਸ ਤੋਂ ਅਧੂਰੀ ਜਾਣਕਾਰੀ ਨਾ ਲੈਣ, ਸਗੋਂ ਸਿੱਖ ਇਤਿਹਾਸ ਅਤੇ ਪ੍ਰੰਪਰਾਵਾਂ ਸਬੰਧੀ ਇਤਿਹਾਸਕ ਸਰੋਤਾਂ ਦੀ ਹੀ ਵਰਤੋਂ ਕਰਨ।

ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਇਸ ਸੰਜੀਦਾ ਮਸਲੇ ਪ੍ਰਤੀ ਗੰਭੀਰਤਾ ਦਿਖਾਉਂਦਿਆਂ ਸਰਕਾਰੀ ਤੌਰ ’ਤੇ ਵੀ ਨੋਟਿਸ ਲਿਆ ਜਾਵੇ ਅਤੇ ਕੋਈ ਠੋਸ ਨੀਤੀ ਬਣਾ ਕੇ ਅਜਿਹੇ ਚਲਣ ਨੂੰ ਰੋਕਣ ਲਈ ਪ੍ਰਬੰਧ ਕੀਤੇ ਜਾਣ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin