ਅੰਮ੍ਰਿਤਸਰ – ਖਾਲਸਾ ਕਾਲਜ ਦੀ ਸ਼ਾਨਦਾਰ ਵਿਰਾਸਤੀ ਇਮਾਰਤ ਦੇ ਭਵਨ ਨਿਰਮਾਣ ਕਰਤਾ ਪ੍ਰੋ. ਭਾਈ ਰਾਮ ਸਿੰਘ ਦੇ ਜਨਮ ਸਬੰਧੀ ਸੈਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਭਾਈ ਰਾਮ ਸਿੰਘ ਦੀ ਜੀਵਨ, ਕੰਮ ਦੀ ਮਹਾਨਤਾ ਅਤੇ ਭਾਰਤੀ ਤੇ ਸਿੱਖ ਇਮਾਰਤਕਲਾ ’ਚ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ ਗਿਆ।
ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਕਾਲਜ ਦੀ ਇਮਾਰਤ ਦੀ ਖੂਬਸੂਰਤੀ ਦੇ ਨਾਲ-ਨਾਲ ਇਸ ਦੀ ਸਿੱਖਿਆਤਮਕ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਹ ਸਿਰਫ਼ ਇਮਾਰਤ ਨਹੀਂ, ਸਗੋਂ ਸੰਸਕਾਰ, ਸੰਤੁਲਨ ਤੇ ਸੱਭਿਆਚਾਰਕ ਧਰੋਹਰ ਹੈ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਭਾਈ ਰਾਮ ਸਿੰਘ ਸਿਰਫ਼ ਇਕ ਆਰਕੀਟੈਕਟ ਨਹੀਂ, ਸਗੋਂ ਪੰਜਾਬੀ ਵਿਰਾਸਤ ਦਾ ਚਮਕਦਾ ਹੋਇਆ ਨਾਂ ਸਨ। ਉਨ੍ਹਾਂ ਸਿੱਖ ਇਮਾਰਤ ਕਲਾ ਨੂੰ ਇੰਡੋ-ਯੂਰੋਪੀਅਨ ਸ਼ੈਲੀ ਨਾਲ ਮਿਲਾ ਕੇ ਕਾਲਜ ਦੀਆਂ ਇਮਾਰਤਾਂ ਨੂੰ ਇਤਿਹਾਸਕ ਰੂਪ ਦਿੱਤਾ। ਉਨ੍ਹਾਂ ਕਿਹਾ ਕਿ ਕਾਲਜ ਦੇ ਸ਼ਾਨਦਾਰ ਗੁੰਬਦ, ਨਫੀਸ ਨਕਾਸ਼ੀ ਵਾਲੇ ਕੌਰੀਡੋਰ ਤੇ ਹਰ ਇਕ ਕੋਨਾ ਉਨ੍ਹਾਂ ਦੀ ਰਚਨਾਤਮਕ ਰੂਹ ਨੂੰ ਪ੍ਰਗਟ ਕਰਦਾ ਹੈ। ਉਨ੍ਹਾਂ ਪ੍ਰੋ. ਰਾਮ ਸਿੰਘ ਪ੍ਰਤੀ ਸ਼ਰਧਾ ਪ੍ਰਗਟਾਉਂਦਿਆਂ ਵਿਦਿਆਰਥੀਆਂ ’ਚ ਉਨ੍ਹਾਂ ਦੀ ਲੈਗਸੀ ਨੂੰ ਜਿਉਂਦਾ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਸੈਮੀਨਾਰ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਅਸਿਸਟੈਂਟ ਪ੍ਰੋਫੈ: ਰਾਵਲ ਸਿੰਘ ਔਲਖ ਨੇ ਪ੍ਰੋ. ਰਾਮ ਸਿੰਘ ਦੀ ਡਿਜ਼ਾਈਨ ਸੋਚ ਅਤੇ ਉਨ੍ਹਾਂ ਦੀ ਕਲਾ ਦੀ ਅਨੋਖੀ ਸਮਝ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ (ਗੁਰਦਾਸਪੁਰ) ਸ: ਇੰਦਰਜੀਤ ਸਿੰਘ ਹਰੀਪੁਰਾ ਜੋ ਕਿ ਭਾਈ ਰਾਮ ਸਿੰਘ ਦੇ ਜੱਦੀ ਪਿੰਡ ਰਸੂਲਪੁਰ ਦੇ ਵਸਨੀਕ ਹਨ ਅਤੇ ਖਾਸ ਤੌਰ ’ਤੇ ਸੈਮੀਨਾਰ ’ਚ ਪਹੁੰਚੇ, ਨੇ ਕਿਹਾ ਕਿ ਐਸੇ ਵਿਅਕਤੀਆਂ ਨੂੰ ਸਾਰਵਜਨਿਕ ਚਰਚਾ ਅਤੇ ਸਾਂਝੀ ਯਾਦ ਰਾਹੀਂ ਯਾਦ ਕਰਨਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਦੀ ਹਾਜ਼ਰੀ ਨੇ ਦੱਸਿਆ ਕਿ ਇਤਿਹਾਸਕ ਢਾਂਚਿਆਂ ਦਾ ਲੋਕਾਂ ਦੀ ਪਛਾਣ ਤੇ ਨਾਗਰਿਕ ਜਾਗਰੂਕਤਾ ਨਾਲ ਗਹਿਰਾ ਸਬੰਧ ਹੁੰਦਾ ਹੈ।
ਇਸ ਦੌਰਾਨ ਡੀਨ ਅਕਾਦਮਿਕ ਮਾਮਲੇ ਸ: ਤਮਿੰਦਰ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਵਿਅਕਤੀਆਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਜਿਨ੍ਹਾਂ ਨੇ ਆਪਣੀ ਕਲਾ ਨੂੰ ਸਮਾਜਿਕ ਭਲਾਈ ਨਾਲ ਜੋੜਿਆ। ਇਸ ਮੌਕੇ ਬੌਟਨੀ ਵਿਭਾਗ ਦੇ ਪ੍ਰੋ. ਰਾਜਬੀਰ ਸਿੰਘ, ਡਾ. ਸਨੀਆ ਮਰਵਾਹਾ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।