ਮਾਨਸਾ – ਪਿੰਡ ਤਲਵੰਡੀ ਅਕਲੀਆ ਅਤੇ ਕਰਮਗੜ੍ਹ ਔਤਾਂਵਾਲੀ ਦੇ ਖੇਤਾਂ ਵਿਚਕਾਰ ਤਜਵੀਜਤ JSW ਸੀਮੇਂਟ ਪਲਾਂਟ ਖਿਲਾਫ ਵਿਰੋਧ ਦਰਜ ਕਰਵਾਉਂਣ ਸੰਬੰਧੀ ਸੰਘਰਸ਼ ਕਮੇਟੀ ਤਲਵੰਡੀ ਅਕਲੀਆ ਨੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨਾਲ ਮੁਲਾਕਾਤ ਕੀਤੀ ਗਈ ਅਤੇ ਮੰਗ ਪੱਤਰ ਸੌਂਪਿਆ, ਜਿਸ ਵਿੱਚ ਕਿਹਾ ਗਿਆ ਕਿ ਇਹ ਸੀਮੇਂਟ ਕਾਰਖਾਨਾ ਅਬਾਦੀ ਦੇ ਬਿਲਕੁਲ ਵਿਚਕਾਰ ਹੈ ਅਤੇ ਪਾਣੀ ਦੇ ਸ਼੍ਰੋਤ ਖੁੱਲਮ ਖੁੱਲ੍ਹੇ ਹਨ। ਇਸ ਤੋਂ ਇਲਾਵਾ ਪਾਵਰ ਪਲਾਟ ਬਣਾਂਵਾਲਾ ਦੇ ਧੂੰਏਂ, ਸੁਆਹ ਅਤੇ ਟਰੱਕਾਂ ਦੀ ਧੂੜ ਤੋਂ ਲੋਕ ਪਹਿਲਾ ਹੀ ਦੁਖੀ ਹਨ ਜਿਸ ਕਾਰਨ ਸਥਾਨਕ ਲੋਕ ਇਸ ਰੈਡ ਕੈਟਾਗਿਰੀ ਫੈਕਟਰੀ ਦਾ ਵਿਰੋਧ ਕਰ ਰਹੇ ਹਨ। JSW ਸੀਮੇਂਟ ਪਲਾਟ ਵਾਲਿਆਂ ਵੱਲੋਂ ਜੋ ਈ.ਆਈ.ਏ. (ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਰਿਪੋਰਟ) ਬਣਾਈ ਗਈ ਹੈ ਉਹ ਝੂਠ ਦਾ ਪੁਲੰਦਾ ਹੈ ਉਹ ਧਰਾਤਲ ਨਾਲ ਬਿਲਕੁਲ ਮੇਲ ਨਹੀਂ ਖਾਂਦੀ ।
ਸ੍ਰੀ ਮੋਫਰ ਨਾਲ ਮੁਲਾਕਾਤ ਸਮੇਂ ਕਮੇਟੀ ਨੇ ਦੱਸਿਆ ਕਿ ਸਟੱਡੀ ਏਰੀਏ ਦੀਆ ਲਗਭਗ 30 ਪੰਚਾਇਤਾਂ ਨੇ ਗ੍ਰਾਮ ਸਭਾ ਦੇ ਮਤੇ ਇਸ ਤਜਵੀਜਤ JSW ਪਲਾਟ ਖਿਲਾਫ ਪਾ ਕੇ ਪ੍ਰਦੂਸ਼ਣ ਬੋਰਡ ਨੂੰ ਭੇਜੇ ਹਨ ਇਸ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਅਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੇ ਵੀ ਲੋਕਾਂ ਦੇ ਹੱਕ ਵਿੱਚ ਮਤੇ ਪਾ ਕੇ ਅਵਾਜ ਬੁਲੰਦ ਕੀਤੀ ਹੈ। ਮੀਡੀਆ ਇੰਚਾਰਜ ਖੁਸ਼ਵੀਰ ਸਿੰਘ ਖਾਲਸਾ ਨੇ ਕਿਹਾ ਕਿ 14 ਜੁਲਾਈ 2025 ਨੂੰ ਪ੍ਰਦੂਸ਼ਣ ਬੋਰਡ ਅਤੇ ਜਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਬੁਲਾਈ ਗਈ ਪਬਲਿਕ ਸੁਣਵਾਈ ਵਿੱਚ ਲੋਕਾਂ ਨੇ ਸਖਤ ਵਿਰੋਧ ਦਰਜ ਕਰਵਾਇਆ ਸੀ ਅਤੇ 5 ਹਜ਼ਾਰ ਵੋਟ ਇਸ ਪਲਾਂਟ ਦੇ ਵਿਰੋਧ ਵਿੱਚ ਪਾਏ ਸਨ। ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਪਾਵਰ ਪਲਾਂਟ ਬਣਾਂਵਾਲਾ ਦੇ ਪ੍ਰਦਸ਼ੂਣ ਕਾਰਨ ਦਮੇ, ਚਮੜੀ, ਅਲਰਜ਼ੀ, ਟੀਵੀ, ਕੈਂਸਰ ਅਤੇ ਕਿੱਡਨੀ ਆਦਿ ਰੋਗਾਂ ਦੇ ਮਰੀਜਾਂ ਦੀ ਪਹਿਲਾਂ ਹੀ ਬਹੁਤਾਤ ਹੈ ਅਤੇ ਲੋਕ ਹੁਣ ਹੋਰ ਉਜਾੜਾ ਨਹੀਂ ਚਾਹੁੰਦੇ। ਉਪਰੋਕਤ ਜਾਣਕਾਰੀ ਅਤੇ ਮੰਗਾਂ ਮੰਗ ਪੱਤਰ ਰਾਹੀਂ ਸਬੰਧਤ ਵਿਧਾਇਕ ਦੇ ਸਾਹਮਦੇ ਰੱਖੀਆਂ ਗਈਆਂ। ਇਸ ਮੌਕੇ ਸਿਕੰਦਰ ਸਿੰਘ, ਬਲੌਰ ਸਿੰਘ, ਕਾਕਾ ਸਿੰਘ ਅਤੇ ਜਸਵੰਤ ਸਿੰਘ ਅਤੇ ਖੁਸ਼ਵੀਰ ਸਿੰਘ ਮੌਜੂਦ ਸਨ।
ਸੰਘਰਸ਼ ਕਮੇਟੀ ਨੇ ਅਪੀਲ ਕੀਤੀ ਹੈ ਕਿ ਸਮੂਹ ਰਾਜਨੀਤਿਕ ਪਾਰਟੀਆਂ ਧਾਰਮਿਕ ਜਥੇਬੰਦੀਆਂ, ਵਾਤਾਵਰਣ ਪ੍ਰੇਮੀ, ਪੰਚਾਇਤਾਂ ਅਤੇ ਕਿਸਾਨ ਜਥੇਬੰਦੀਆਂ ਇਸ ਮੁੱਦੇ ‘ਤੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਜਰੂਰ ਮਾਰਨ।