ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ ਇੰਡੀਅਨ ਅਕੈਡਮੀ ਆਫ਼ ਫਾਈਨ ਆਰਟਸ (ਆਰਟ ਗੈਲਰੀ) ਵਿਖੇ ਸਾਵਣ ਮਹੀਨੇ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਦਾ ਜਸ਼ਨ ਮਨਾਉਂਦੇ ਹੋਏ ਸੱਭਿਅਚਾਰਕ ਪੇਸ਼ਕਾਰੀਆਂ ਨਾਲ ਰੌਣਕਾਂ ਲਗਾਈਆਂ। ਇਸ ਮੌਕੇ ਰਵਾਇਤੀ ਪਹਿਰਾਵੇ ’ਚ ਸਜੀਆਂ ’ਵਰਸਿਟੀ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੰਗੀਤਕ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਗਿੱਧਾ, ਬੋਲੀਆਂ ਅਤੇ ਛੰਦ ਗਾਇਨ ਕਰਕੇ ਸਾਵਣ ਦੇ ਬਰਸਾਤੀ ਮੌਸਮ ਦਾ ਸਵਾਗਤ ਕਰਦਿਆਂ ਹਾਜ਼ਰੀਨ ਨੂੰ ਪੁਰਾਤਨ ਵਿਰਸੇ ਦੀ ਗਹਿਰਾਈਆਂ ਨਾਲ ਮੰਤਰ—ਮੁੰਗਧ ਕੀਤਾ।
ਇਸ ਮੌਕੇ ਗੈਲਰੀ ਦੇ ਜਨਰਲ ਸਕੱਤਰ ਡਾ. ਪੀ. ਐਸ. ਗਰੋਵਰ ਨੇ ਕਿਹਾ ਕਿ ਪ੍ਰੋਗਰਾਮ ਦੇ ਆਯੋਜਨ ਕਰਨ ਦਾ ਮਕਸਦ ਨੌਜਵਾਨਾਂ ਨੂੰ ਪੰਜਾਬੀ ਪ੍ਰੰਪਰਾਵਾਂ ਨਾਲ ਜੋੜਨਾ ਸੀ। ਉਨ੍ਹਾਂ ਇਸ ਤਿਉਹਾਰ ਨੂੰ ਨਾਰੀ ਸ਼ਕਤੀ ਦਾ ਜਸ਼ਨ ਦੱਸਦਿਆਂ ਕਿਹਾ ਕਿ ਤੀਆਂ ਦੇ ਜਸ਼ਨਾਂ ’ਚ ਮੁਸ਼ਕਿਲ ਸਮੇਂ ਦਾ ਆਨੰਦ, ਮੌਜ—ਮਸਤੀ ਨਾਲ ਸਾਹਮਣਾ ਕਰਨ ਦਾ ਇਕ ਸੁਭਾਵਿਕ ਸੰਦੇਸ਼ ਹੈ।
ਇਸ ਮੌਕੇ ’ਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਇਹ ਕੁੜੀਆਂ ਲਈ ਇਕ ਤਿਉਹਾਰ ਹੈ। ਉਹ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਰਵਾਇਤੀ ਸੰਗੀਤ ’ਤੇ ਨੱਚ ਕੇ ਨਵੇਂ ਬਰਸਾਤੀ ਮੌਸਮ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹਾ ਜਿੱਥੇ ਗੁਰੂ ਨਗਰੀ ਨਾਲ ਜਾਣਿਆ ਜਾਂਦਾ ਹੈ, ਉਥੇ ਇਸ ਜ਼ਿਲ੍ਹੇ ਦੀ ਕਲਚਰ ਸਿਟੀ ਵਜੋਂ ਵੀ ਪਛਾਣ ਹੈ, ਕਿਉਂਕਿ ਇੱਥੇ ਥੀਏਟਰ ਅਤੇ ਸੱਭਿਅਚਾਰ ਨਾਲ ਜੁੜਨ ਲਈ ਨਾਟਸ਼ਾਲਾ, ਵਿਰਸਾ ਵਿਹਾਰ ਅਤੇ ਫਾਈਨ ਆਰਟ ਵਰਗੀਆਂ ਅਕੈਡਮੀਆਂ ਮਜ਼ਬੂਤ ਹਨ, ਜੋ ਪੰਜਾਬੀ ਵਿਰਸੇ ਦੀ ਸਾਂਭ-ਸੰਭਾਲ ’ਚ ਆਪਣੀਆਂ ਅਹਿਮ ਭੂਮਿਕਾਵਾਂ ਨਿਭਾਅ ਰਹੀਆਂ ਹਨ। ਉਨ੍ਹਾਂ ਨੇ ਸਾਵਣ ਦੀ ਮਹੱਤਤਾ ਅਤੇ ਭੈਣ-ਭਰਾ ਪਵਿੱਤਰ ਤੇ ਮਜ਼ਬੂਤ ਰਿਸ਼ਤੇ ਸਬੰਧੀ ਕਈ ਉਦਾਹਰਣਾਂ ਦਾ ਹਵਾਲਾ ਦਿੰਦਿਆਂ ਹਾਜ਼ਰੀਨ ਨੂੰ ਸੰਬੋਧਨ ਕੀਤਾ।
ਇਸ ਦੌਰਾਨ ਲਿਟਲ ਫਲਾਵਰ ਸਕੂਲ ਦੀ ਮੈਨੇਜਿੰਗ ਡਾਇਰੈਕਟਰ ਅਤੇ ਗੈਲਰੀ ਦੇ ਕਨਵੀਨਰ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਕਿਹਾ ਕਿ ਇਹ ਸਮਾਗਮ ਔਰਤਾਂ ਦੀ ਵੱਧਦੀ ਸ਼ਕਤੀ ਅਤੇ ਔਰਤਾਂ ਦੀ ਮੁਕਤੀ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਸਾਰਿਆਂ ਨੂੰ ਜ਼ਿੰਦਗੀ ਦੇ ਚੰਗੇ ਸਮੇਂ ਦੀ ਯਾਦ ਦਿਵਾਉਂਦਾ ਹੈ ਅਤੇ ਸਾਵਣ ਦੇ ਮਹੀਨੇ ਦੌਰਾਨ ਪੰਜਾਬ ’ਚ ਰਵਾਇਤੀ ਤੌਰ ’ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਅਜਿਹੇ ਤਿਉਹਾਰ ਸਾਡੇ ਨੌਜਵਾਨਾਂ ਨੂੰ ਸਾਡੀ ਸੱਭਿਆਚਾਰ ਅਤੇ ਪ੍ਰੰਪਰਾਵਾਂ ਨਾਲ ਜੋੜਨਗੇ, ਜਿਸ ਨੂੰ ਨੌਜਵਾਨ ਪੀੜ੍ਹੀ ਭੁੱਲ ਰਹੀ ਹੈ।
ਇਸ ਤੋਂ ਪਹਿਲਾਂ ਸ: ਸੁਖਪਾਲ ਸਿੰਘ ਨੇ ਆਏ ਮੁੱਖ ਮਹਿਮਾਨ ਡਾ. ਮਹਿਲ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ। ਇਸ ਮੌਕੇ ਸਕਿੱਟ, ਨਾਟਕ, ਸੋਲੋ ਡਾਂਸ ਅਤੇ ਗੀਤ ਮੁੱਖ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸਲੋਨੀ, ਸਰਲਾ ਬੱਬਰ, ਸੁਨੀਤਾ ਸਿੰਘ, ਮਨਪ੍ਰੀਤ ਸੋਹਲ, ਜਸਪ੍ਰੀਤ ਸੋਬਤੀ ਆਦਿ ਤੋਂ ਇਲਾਵਾ ਸ੍ਰੀਮਤੀ ਸੁਖਪਿੰਦਰ ਆਦਿ ਨੇ ਪ੍ਰੋਗਰਾਮ ’ਚ ਆਪਣੀ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਸਕੱਤਰ ਵਿਜ਼ੂਵਲ ਆਰਟ ਸ: ਸੁਖਪਾਲ ਸਿੰਘ, ਮੀਤ ਪ੍ਰਧਾਨ ਡਾ. ਏ. ਐਸ. ਚਮਕ, ਸ: ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਸੁਭਾਸ਼ ਚੰਦਰ, ਸੰਦੀਪ ਸਿੰਘ, ਗੁਲਸ਼ਨ ਸਿਡਾਨਾ, ਸ੍ਰੀਮਤੀ ਗੁਰਜੀਤ ਕੌਰ, ਸ੍ਰੀਮਤੀ ਦਵਿੰਦਰ ਗਰੋਵਰ, ਨਰਿੰਦਰ ਨਾਥ ਕਪੂਰ, ਸ: ਅਮਨਦੀਪ ਸਿੰਘ ਸੇਖੋਂ, ਪਰਮਿੰਦਰ ਸਿੰਘ ਗਰੋਵਰ, ਵਿਜੈ ਭਸੀਨ, ਰਾਕੇਸ਼ ਕੁਮਾਰ, ਐਮ. ਐਮ. ਜੈਰਥ ਆਦਿ ਹਾਜ਼ਰ ਸਨ।