ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ 19 ਸਤੰਬਰ ਨੂੰ ਨੈਸ਼ਨਲ ਮੀਟ ਰਿਸਰਚ ਇੰਸਟੀਚਿਊਟ, ਹੈਦਰਾਬਾਦ ਦੇ ਸਹਿਯੋਗ ਨਾਲ ਜੈਵਿਕ ਪਸ਼ੂ ਪਾਲਣ: ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਇਕ ਰਾਸ਼ਟਰੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਕਾਲਜ ਪ੍ਰਿੰਸੀਪਲ ਡਾ. ਐਚ. ਕੇ. ਵਰਮਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਜਾ ਰਹੀ ਉਕਤ ਵਰਕਸ਼ਾਪ ਦੀ ਅਗਵਾਈ ਸਰਪ੍ਰਸਤ ਡਾ. ਐਸ. ਕੇ. ਨਾਗਪਾਲ (ਮੈਨੇਜਿੰਗ ਡਾਇਰੈਕਟਰ) ਅਤੇ ਸੰਗਠਨ ਸਕੱਤਰ ਡਾ. ਵੀ. ਵੀ. ਕੁਲਕਰਨੀ (ਪ੍ਰੋਫੈਸਰ ਅਤੇ ਮੁਖੀ, ਐਲ. ਪੀ. ਟੀ., ਵਿਭਾਗ) ਕਰਨਗੇ। ਉਕਤ ਪ੍ਰੋਗਰਾਮ ਟਿਕਾਊ ਪਸ਼ੂ ਪਾਲਣ ਅਭਿਆਸਾਂ ਅਤੇ ਜੈਵਿਕ ਉਤਪਾਦ ਮਿਆਰਾਂ ’ਤੇ ਕੇਂਦ੍ਰਿਤ ਹੋਵੇਗਾ।
ਇਸ ਸਬੰਧੀ ਪ੍ਰਿੰ: ਡਾ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ’ਚ ਮਾਹਿਰ ਲੈਕਚਰ ਅਤੇ ਇੰਟਰਐਕਟਿਵ ਸੈਸ਼ਨ ਕੀਤੇ ਗਏ ਹਨ, ਜਿਸ ’ਚ ਪਸ਼ੂ ਪਾਲਣ ਦੇ ਖੇਤਰ ਦੇ ਵਿਦਿਆਰਥੀਆਂ, ਫੈਕਲਟੀ, ਕਿਸਾਨਾਂ ਅਤੇ ਪੇਸ਼ੇਵਰਾਂ ਦੀ ਸ਼ਮੂਲੀਅਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ’ਚ ਜੈਵਿਕ ਦੁੱਧ, ਮਾਸ, ਅੰਡੇ ਦਾ ਉਤਪਾਦਨ ਕਿਵੇਂ ਕਰਨਾ ਹੈ ਅਤੇ ਇਸ ਸਬੰਧ ’ਚ ਵੱਖ-ਵੱਖ ਪਹਿਲੂਆਂ ਅਤੇ ਕਾਨੂੰਨੀਤਾਵਾਂ ’ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ 18 ਸਤੰਬਰ ਨੂੰ ਕਾਲਜ ਵਿਖੇ ‘ਨਸਲੀ-ਪਸ਼ੂ ਪਾਲਣ ਅਭਿਆਸਾਂ-ਇਕ ਪ੍ਰਾਚੀਨ ਪੁਰਾਣੀਆਂ ਤਕਨੀਕਾਂ ਅਤੇ ਭਾਰਤ ਦੇ ਆਯੁਰਵੈਦਿਕ ਖਜ਼ਾਨੇ’ ’ਤੇ ਇੰਟਰਐਕਟਿਵ ਸੈਸ਼ਨ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਜੈਵਿਕ ਪਸ਼ੂ ਪਾਲਣ ’ਚ ਵਿਗਿਆਨਕ ਗਿਆਨ ਅਤੇ ਵਿਵਹਾਰਕ ਵਰਤੋਂ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ ਅਤੇ ਇਹ ਕਿਸਾਨਾਂ, ਉੱਦਮੀਆਂ ਅਤੇ ਖੋਜਕਰਤਾਵਾਂ ਲਈ ਨਵੇਂ ਰਾਹ ਖੋਲ੍ਹੇਗੀ। ਉਨ੍ਹਾਂ ਕਿਹਾ ਕਿ ਭੋਜਨ ਸੁਰੱਖਿਆ, ਸਥਿਰਤਾ ਅਤੇ ਪਸ਼ੂ ਭਲਾਈ ਸਬੰਧੀ ਵੱਧਦੀ ਖਪਤਕਾਰ ਜਾਗਰੂਕਤਾ ਦੇ ਨਾਲ ਜੈਵਿਕ ਪਸ਼ੂ ਪਾਲਣ ਭਾਰਤ ’ਚ ਇਕ ਉੱਭਰ ਰਹੇ ਖੇਤਰ ਵਜੋਂ ਸਾਹਮਣੇ ਆ ਰਿਹਾ ਹੈ ਅਤੇ ਇਹ ਵਰਕਸ਼ਾਪ ਇਸ ਦੇ ਭਵਿੱਖ ਦੇ ਵਿਕਾਸ ਲਈ ਇਕ ਰੋਡਮੈਪ ਤਿਆਰ ਕਰਨ ਦੀ ਕਿਰਨ ਹੈ।
ਡਾ. ਵਰਮਾ ਨੇ ਕਿਹਾ ਵਰਕਸ਼ਾਪ ’ਚ ਪ੍ਰਗਤੀਸ਼ੀਲ ਕਿਸਾਨ, ਵੈਟਰਨਰੀ ਅਧਿਕਾਰੀ, ਫੈਕਲਟੀ ਮੈਂਬਰ, ਖੋਜ ਵਿਦਵਾਨ, ਵਿਦਿਆਰਥੀ ਆਦਿ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੈਵਿਕ ਦੁੱਧ ਨੂੰ ਮਾਨਤਾ ਦੇਣ ਵਾਲੀਆਂ ਏਜੰਸੀਆਂ ਅਤੇ ਸੰਗਠਨਾਂ ’ਤੇ ਵਿਸਥਾਰ ’ਚ ਚਰਚਾ ਕੀਤੀ ਜਾਵੇਗੀ।