ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਐਨ.ਆਰ.ਆਈ.ਦੀ ਵਿਵਾਦਿਤ ਕੋਠੀ ਦੇ ਮਾਮਲੇ ਦਾ ਫੈਸਲਾ ਕਰਦਿਆਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵੱਡੀ ਰਾਹਤ ਦੇ ਕੇ ਕਲੀਨ ਚਿਟ ਦੇ ਦਿੱਤੀ ਗਈ ਹੈ ਅਤੇ ਐਨ.ਆਰ.ਆਈ. ਅਮਰਜੀਤ ਕੌਰ ਵੱਲੋਂ ਲਗਾਇਆ ਗਿਆ ਕੇਸ ਸੀ.ਆਰ.ਐਮ.-ਐਮ.-41327-2023 ਖਾਰਜ ਕਰ ਦਿੱਤਾ ਗਿਆ ਹੈ। ਜਿਸ ਵਿੱਚ ਐਨ.ਆਰ.ਆਈ. ਅਮਰਜੀਤ ਕੌਰ ਵੱਲੋਂ ਦੋਸ਼ ਲਗਾਇਆ ਗਿਆ ਸੀ, ਕਿ ਉਸ ਦੀ ਜਗਰਾਉਂ ਦੇ ਹੀਰਾ ਬਾਗ ਵਿੱਚ ਸਥਿਤ ਕੋਠੀ ਉਪਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਕਬਜ਼ਾ ਕੀਤਾ ਹੈ ਅਤੇ ਵਿਧਾਇਕਾ ਮਾਣੂੰਕੇ ਦੇ ਸਿਆਸੀ ਵਿਰੋਧੀਆਂ ਵੱਲੋਂ ਸਾਲ 2023 ਵਿੱਚ ਵਿਧਾਇਕਾ ਨੂੰ ਟਾਰਗੇਟ ਕਰਕੇ ਵੱਡੇ ਪੱਧਰ ‘ਤੇ ਬਵਾਲ ਮਚਾਇਆ ਗਿਆ ਸੀ ਅਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਗਏ ਸਨ। ਇਹ ਮਾਮਲਾ ਪੰਜਾਬ ਵਿੱਚ ਹੀ ਨਹੀਂ, ਬਲਕਿ ਦੇਸ਼-ਪ੍ਰਦੇਸ਼ ਵਿੱਚ ਵੀ ਵੱਡੀ ਪੱਧਰ ਤੇ ਗੂੰਜਿਆ ਸੀ। ਹੁਣ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਤੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਕਲੀਨ ਚਿਟ ਮਿਲਣ ਨਾਲ ਉਹਨਾਂ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਆਖਿਆ ਕਿ ‘ਵਾਹਿਗੁਰੂ ਦੇ ਘਰ ਵਿੱਚ ਦੇਰ ਹੈ, ਅੰਧੇਰ ਨਹੀਂ ਹੈ’ ਅਤੇ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ, ਆਖਿਰ ਸੱਚ ਦੀ ਹੀ ਜਿੱਤ ਹੁੰਦੀ ਹੈ। ਉਹਨਾਂ ਕਿਹਾ ਕਿ ਚੰਦਰਮਾਂ ਉਪਰ ਚਿੱਕੜ ਉਛਾਲਣ ਨਾਲ, ਕਦੇ ਹਨੇਰਾ ਨਹੀਂ ਹੁੰਦਾ, ਬਲਕਿ ਉਸਦੀ ਰੌਸ਼ਨੀ (ਸੱਚਾਈ) ਦੀ ਚਮਕ ਹਮੇਸ਼ਾ ਕਾਇਮ ਰਹਿੰਦੀ ਹੈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹਨਾਂ ਦਾ ਜਨਮ ਤਹਿਸੀਲ ਜਗਰਾਉਂ ਦੇ ਪਿੰਡ ਮਾਣੂੰਕੇ ਵਿਖੇ ਇੱਕ ਆਮ ਕਿਰਤੀ ਪਰਿਵਾਰ ਵਿੱਚ ਹੋਇਆ ਸੀ ਅਤੇ ਉਹਨਾਂ ਦੇ ਪਿਤਾ ਜੀ, ਜੋ ਕਿ ਅਧਿਆਪਕ ਜੱਥੇਬੰਦੀਆਂ ਵਿੱਚ ਇੱਕ ਆਗੂ ਵਜੋਂ ਰੋਲ ਨਿਭਾਉਦੇ ਰਹੇ ਹਨ, ਵੱਲੋਂ ਗੁੜਤੀ ਵੀ ਲੋਕ ਸੇਵਾ ‘ਤੇ ਲੋਕਾਂ ਦੇ ਹੱਕ ਦਿਵਾਉਣ ਦੀ ਹੀ ਮਿਲੀ ਹੈ ਅਤੇ ਉਹ ਕਿਸੇ ਨਾਲ ਕਿਵੇਂ ਧੱਕਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਧਰਤੀ ਨਾਲ ਜੁੜੀ ਹੋਈ ਇੱਕ ਆਮ ਘਰ ਦੀ ਧੀ ਨੂੰ ਸਾਲ 2017 ਵਿੱਚ ਐਮ.ਐਲ.ਏ. ਦੀ ਟਿਕਟ ਦਿੱਤੀ ਅਤੇ ਵਿਰੋਧੀ ਉਮੀਦਵਾਰ ਨੂੰ ਲਗਭਗ 27 ਹਜ਼ਾਰ ਦੇ ਵੱਡੇ ਫਰਕ ਨਾਲ ਹਰਾਇਆ। ਉਸ ਉਪਰੰਤ ਦੂਜੀ ਵਾਰ ਆਮ ਘਰ ਦੀ ਕੁੜੀ ਨੇ 2022 ਵਿੱਚ ਲਗਭਗ 40 ਹਜ਼ਾਰ ਦੇ ਵੱਡੇ ਫਰਕ ਨਾਲ ਚੋਣ ਜਿੱਤ ਲਈ। ਉਹਨਾਂ ਕਿਹਾ ਕਿ ਇੱਕ ਆਮ ਘਰ ਦੀ ਕੁੜੀ ਦਾ ਲਗਾਤਾਰ ਦੂਜੀ ਵਾਰ ਹਲਕਾ ਜਗਰਾਉਂ ਤੋਂ ਵਿਧਾਇਕ ਚੁਣੇ ਜਾਣਾ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂਆਂ ਅਤੇ ਧਨਾਡ ਲੋਕਾਂ ਨੂੰ ਕਿਵੇਂ ਹਜ਼ਮ ਹੋ ਸਕਦਾ ਸੀ। ਇਸ ਲਈ ਉਹਨਾਂ ਪੂਰਾ ਤਾਣਾ-ਬਾਣਾ ਬੁਣਕੇ ਅਤੇ ਮਹੌਲ ਬਣਾਕੇ ਅੱਗੇ ਵਧਣ ਤੋਂ ਰੋਕਣ ਲਈ ਜਾਣਬੁੱਝਕੇ ਉਹਨਾਂ ਨੂੰ ਐਨ.ਆਰ.ਆਈ. ਦੀ ਕੋਠੀ ਮਾਮਲੇ ਵਿੱਚ ਫਸਾਉਣ ਤੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਮਾਨਯੋਗ ਕੋਰਟ ਨੇ ਸਾਰੇ ਪੱਖਾਂ ਦੀ ਬਰੀਕੀ ਨਾਲ ਘੋਖ-ਪੜਤਾਲ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਲੋਕਾਂ ਸਾਹਮਣੇ ਰੱਖ ਦਿੱਤਾ ਹੈ ਅਤੇ ਐਨ.ਆਰ.ਆਈ.ਅਮਰਜੀਤ ਕੌਰ ਦੀ ਪਟੀਸ਼ਨ ਖਾਰਜ ਕਰਕੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿਟ ਦਿੱਤੀ ਹੈ। ਮਾਨਯੋਗ ਕੋਰਟ ਦੇ ਇਸ ਫੈਸਲੇ ਨਾਲ ਵਿਰੋਧੀਆਂ ਨੂੰ ਮੂੰਹ ਦੀ ਖਾਣੀ ਪਈ ਹੈ ਅਤੇ ਵਿਰੋਧੀਆਂ ਦੀਆਂ ਉਹਨਾਂ ਨੂੰ ਬਦਨਾਮ ਕਰਨ ਅਤੇ ਚਿੱਕੜ ਉਛਾਲਣ ਦੀਆਂ ਚਾਲਾਂ ਅੱਜ ਲੋਕਾਂ ਸਾਹਮਣੇ ਨੰਗੀਆਂ ਹੋ ਗਈਆ ਹਨ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਇਨਸਾਫ਼ ਦੇਣ ਲਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਦਾ ਵੀ ਸ਼ੁਕਰਾਨਾਂ ਕੀਤਾ।
ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਾਂਗੇ-ਪ੍ਰੋ.ਸੁਖਵਿੰਦਰ ਸਿੰਘ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮਿਲੀ ਕਲੀਨ ਚਿਟ ਤੋਂ ਬਾਅਦ ਉਹਨਾਂ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਇਨਸਾਫ ਦੇਣ ਲਈ ਮਾਨਯੋਗ ਕੋਰਟ ਦਾ ਧੰਨਵਾਦ ਕਰਦਿਆਂ ਚਿਤਾਵਨੀ ਦਿੱਤੀ ਕਿ ਹੁਣ ਕੂੜ ਪ੍ਰਚਾਰ ਕਰਨ ਵਾਲਿਆਂ ਅਤੇ ਮਨਘੜਤ ਖ਼ਬਰਾਂ ਬਣਾਕੇ ਸ਼ੋਸ਼ਲ ਮੀਡੀਆ ਰਾਹੀਂ ਬਦਨਾਮ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਆਖਿਆ ਕਿ ਅਸੀਂ ਆਮ ਘਰਾਂ ਵਿੱਚੋਂ ਉਠਕੇ ਲੋਕ ਸੇਵਾ ਲਈ ਸਿਆਸਤ ਵਿੱਚ ਆਏ ਸੀ, ਪਰੰਤੂ ਕੁੱਝ ਲੋਕਾਂ ਵੱਲੋਂ ਆਮ ਘਰਾਂ ਦੇ ਧੀਆਂ-ਪੁੱਤਰਾਂ ਦਾ ਉਚ ਅਹੁਦਿਆਂ ਉਪਰ ਬਿਰਾਜਮਾਨ ਹੋਣਾ, ਹਜ਼ਮ ਨਹੀਂ ਹੁੰਦਾ ਅਤੇ ਉਹ ਕਿਸੇ ਨਾ ਕਿਸੇ ਬਹਾਨੇ ਵਿਧਾਇਕਾ ਮਾਣੂੰਕੇ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਘੜਦੇ ਰਹਿੰਦੇ ਹਨ। ਇਸ ਲਈ ਹੁਣ ਕਿਸੇ ਨਾਲ ਵੀ ਨਰਮਾਈ ਨਹੀਂ ਹੋਵੇਗੀ, ਸਗੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਅਤੇ ਪੂਰਨ ਵਿਸ਼ਵਾਸ਼ ਰੱਖਣ, ਅਸੀਂ ਹਲਕਾ ਜਗਰਾਉਂ ਦੀ ਦਿੱਖ ਸੁਧਾਰਨ ਅਤੇ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਯਤਨਸ਼ੀਲ ਹਾਂ।