ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਸਕੂਲ ਆਫ਼ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਜ਼ ਦੀ ਟੈਕ ਇਰਾ ਸੋਸਾਇਟੀ ਵੱਲੋਂ 7 ਦਿਨਾਂ ਦਾ ਆਈ. ਟੀ. ਟੈਲੈਂਟ ਹੰਟ-2025 ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਟੈਲੈਂਟ ਹੰਟ 2025 ਮੌਕੇ ਕੋਡਿੰਗ, ਡੀਬੱਗਿੰਗ, ਲੋਗੋ ਮੇਕਿੰਗ, ਡਿਬੇਟ, ਆਨਲਾਈਨ ਗੇਮਿੰਗ ਅਤੇ ਪੋਸਟਰ ਮੇਕਿੰਗ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਮੌਕੇ ਪ੍ਰਿੰ. ਡਾ. ਰੰਧਾਵਾ ਨੇ ਉਕਤ ਵਿਭਾਗ ਦੇ ਡਾਇਰੈਕਟਰ ਡਾ. ਹਰਭਜਨ ਸਿੰਘ ਰੰਧਾਵਾ, ਮੁਖੀ ਪ੍ਰੋ. ਸੁਖਵਿੰਦਰ ਕੌਰ ਅਤੇ ਸਮਾਗਮ ਦੇ ਕੋ-ਕੋਆਰਡੀਨੇਟਰ ਡਾ. ਮਨੀ ਅਰੋੜਾ ਵੱਲੋਂ ਪ੍ਰੋਗਰਾਮ ਸਬੰਧੀ ਕੀਤੇ ਗਏ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ’ਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਪਹਿਲਾਂ ਡਾ. ਹਰਭਜਨ ਸਿੰਘ ਰੰਧਾਵਾ ਨੇ ਪ੍ਰੋ. ਸੁਖਵਿੰਦਰ ਕੌਰ ਅਤੇ ਡਾ. ਅਰੋੜਾ ਨਾਲ ਮਿਲ ਕੇ ਪ੍ਰਿੰ: ਡਾ. ਰੰਧਾਵਾ ਦਾ ਜੀਵੰਤ ਪੌਦੇ ਨਾਲ ਸਵਾਗਤ ਕੀਤਾ। ਇਸ ਮੌਕੇ ਡਾ. ਹਰਭਜਨ ਰੰਧਾਵਾ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਦੇ ਹਨ ਅਤੇ ਉਨ੍ਹਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਦਾ ਮੌਕਾ ਦਿੰਦੇ ਹਨ। ਇਸ ਮੌਕੇ ਪ੍ਰੋ. ਸੁਖਵਿੰਦਰ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਕਲਾਸਰੂਮ ਅਧਿਐਨ ਅਤੇ ਉਦਯੋਗਕਾਰੀ ਕਾਰਜ-ਪ੍ਰਣਾਲੀ ਵਿਚਕਾਰ ਦੇ ਫਰਕ ਨੂੰ ਪੂਰਾ ਕਰਨ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਇਸੇ ਤਰ੍ਹਾਂ ਦੇ ਹੋਰ ਸਮਾਗਮ ਆਯੋਜਿਤ ਕੀਤੇ ਜਾਣਗੇ।
ਇਸ ਮੌਕੇ ਡਾ. ਅਰੋੜਾ ਨੇ ਭਾਗੀਦਾਰਾਂ, ਅਧਿਆਪਕਾਂ ਅਤੇ ਆਯੋਜਕ ਟੀਮ ਦਾ ਧੰਨਵਾਦ ਕੀਤਾ। ਸਮਾਰੋਹ ਦੇ ਅਖੀਰਲੇ ਦਿਨ ਪ੍ਰਿੰ: ਡਾ. ਰੰਧਾਵਾ ਨੇ ਵੱਖ-ਵੱਖ ਮੁਕਾਬਲਿਆਂ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਜੇਤੂਆਂ ਨੂੰ ਸਰਟੀਫਿਕੇਟ ਵੰਡਣ ਉਪਰੰਤ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਲਈ ਭਵਿੱਖ ’ਚ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ’ਚ ਹਿੱਸਾ ਲੈਂਦਿਆਂ ਬੁਲੰਦੀਆਂ ਨੂੰ ਛੂਹਣ ਦੀ ਕਾਮਨਾ ਕੀਤੀ। ਇਸ ਮੌਕੇ ਡਾ. ਰੁਪਿੰਦਰ ਸਿੰਘ, ਡਾ. ਅਨੁਰੀਤ ਕੌਰ ਤੋਂ ਇਲਾਵਾ ਹੋਰ ਮੈਂਬਰ, ਵਿਦਿਆਰਥੀ ਅਤੇ ਸਟਾਫ ਹਾਜ਼ਰ ਸੀ।