Bollywood Articles India Pollywood

ਦਿਲਜੀਤ ਦੋਸਾਂਝ ਐਮੀ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਲਈ ਨਾਮਜ਼ਦ !

ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ।

ਅੰਤਰਰਾਸ਼ਟਰੀ ਐਮੀ ਐਵਾਰਡ ਦੇ ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਬਾਲੀਵੁੱਡ ਕਲਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਉਸਦੀ ਫਿਲਮ ‘ਅਮਰ ਸਿੰਘ ਚਮਕੀਲਾ’ ਲਈ ਵੱਕਾਰੀ ਅੰਤਰਰਾਸ਼ਟਰੀ ਐਮੀ ਐਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਦਿਲਜੀਤ ਦੋਸਾਂਝ ਨੂੰ ਇਮਤਿਆਜ਼ ਅਲੀ ਦੁਆਰਾ ਡਾਇਰੈਕਟ ਨੈੱਟਫਲਿਕਸ ਫਿਲਮ ‘ਚਮਕੀਲਾ’ ਲਈ ਸਰਵੋਤਮ ਕਲਾਕਾਰ ਸ਼੍ਰੇਣੀ ਲਈ ਨਾਮਜ਼ਦਗੀ ਮਿਲੀ ਹੈ। ਇਹ ਵਿਸ਼ਵ ਪੱਧਰ ਉਪਰ ਭਾਰਤੀ ਸਿਨੇਮਾ ਲਈ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਾਪਤੀ ਹੈ।

ਭਾਰਤ ਲਈ ਦੂਜੀ ਨਾਮਜ਼ਦਗੀ ਫਿਲਮ “ਅਮਰ ਸਿੰਘ ਚਮਕੀਲਾ” ਫਿਲਮ ਨੂੰ ਮਿਲੀ ਹੈ ਅਤੇ ਅੰਤਰਰਾਸ਼ਟਰੀ ਐਮੀ ਐਵਾਰਡਜ਼ ਦੇ ਵਿੱਚ ਇਸ ਫਿਲਮ ਨੂੰ ਟੀਵੀ ਫਿਲਮ/ਮਿੰਨੀ ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਵਾਰ ‘ਅਮਰ ਸਿੰਘ ਚਮਕੀਲਾ’ ਅੰਤਰਰਾਸ਼ਟਰੀ ਐਮੀ ਪੁਰਸਕਾਰਾਂ ਵਿੱਚ ਇਕਲੌਤੀ ਭਾਰਤੀ ਐਂਟਰੀ ਹੈ। ਇਹ ਦਿਲਜੀਤ ਦੋਸਾਂਝ ਅਤੇ ਉਸਦੀ ਫਿਲਮ ਲਈ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਾਪਤੀ ਹੈ। ਜੇਤੂਆਂ ਦਾ ਐਲਾਨ 24 ਨਵੰਬਰ ਨੂੰ ਨਿਊਯਾਰਕ ਵਿੱਚ ਹੋਣ ਵਾਲੇ 53ਵੇਂ ਅੰਤਰਰਾਸ਼ਟਰੀ ਐਮੀ ਪੁਰਸਕਾਰ ਸਮਾਗਮ ਵਿੱਚ ਕੀਤਾ ਜਾਵੇਗਾ।

ਅਮਰ ਸਿੰਘ ਚਮਕੀਲਾ ਦੇ ਜੀਵਨ ਉਪਰ ਬਣਾਈ ਗਈ ਇਸ ਫਿਲਮ ਨੂੰ ਦੇਸ਼-ਵਿਦੇਸ਼ ਦੇ ਵਿੱਚ ਖੂਬ ਪਸੰਦ ਕੀਤਾ ਗਿਆ ਸੀ। 21 ਜੁਲਾਈ 1960 ਨੂੰ ਜਨਮੇ ਅਮਰ ਸਿੰਘ ਚਮਕੀਲਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸਨੇ ਇੱਕ ਕੱਪੜਾ ਮਿੱਲ ਵਿੱਚ ਕੰਮ ਕੀਤਾ ਅਤੇ ਇਸ ਦੌਰਾਨ ਗੀਤ ਵੀ ਲਿਖੇ। ਉਸਨੇ ਛੋਟੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਅਤੇ 1980 ਵਿੱਚ “ਟਕੂਆ ‘ਤੇ ਟਕੂਆ” ਗੀਤ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ ਸੀ। ਅਮਰਜੋਤ ਕੌਰ ਆਪਣੇ ਪਤੀ ਅਮਰ ਸਿੰਘ ਚਮਕੀਲਾ ਨਾਲ ਸਟੇਜ ‘ਤੇ ਗਾਉਂਦੀ ਹੁੰਦੀ ਸੀ। ਉਹ ਆਪਣੇ ਵਿਲੱਖਣ ਗੀਤਾਂ ਲਈ ਪੂਰੇ ਪੰਜਾਬ ਵਿੱਚ ਮਸ਼ਹੂਰ ਸਨ ਪਰ 1988 ਵਿੱਚ ਉਹਨਾਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਨੈੱਟਫਲਿਕਸ ਫਿਲਮ ਫਿਲਮ ‘ਅਮਰ ਸਿੰਘ ਚਮਕੀਲਾ’ 2024 ਵਿੱਚ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਸੀ। ਦਿਲਜੀਤ ਦੋਸਾਂਝ ਤੋਂ ਇਲਾਵਾ ਪਰਿਣੀਤੀ ਚੋਪੜਾ ਵੀ ਇਸ ਫਿਲਮ ਵਿੱਚ ਨਜ਼ਰ ਆਈ ਸੀ। ਫਿਲਮ ਵਿੱਚ ਪਰਿਣੀਤੀ ਚੋਪੜਾ ਨੇ ਉਸਦੀ ਪਤਨੀ ਅਤੇ ਸਹਿ-ਗਾਇਕਾ ਅਮਰਜੋਤ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ ਮਸ਼ਹੂਰ ਪੰਜਾਬੀ ਗਾਇਕ ਚਮਕੀਲਾ ਦੇ ਜੀਵਨ, ਸੰਘਰਸ਼ ਅਤੇ ਉਸਦੇ ਕਤਲ ਨੂੰ ਦਰਸਾਉਂਦੀ ਹੈ। ਫਿਲਮ ਦਾ ਸੰਗੀਤ ਏ.ਆਰ. ਰਹਿਮਾਨ ਦੁਆਰਾ ਤਿਆਰ ਕੀਤਾ ਗਿਆ ਸੀ।

ਦਿਲਜੀਤ ਨੇ ਅੰਤਰਰਾਸ਼ਟਰੀ ਐਮੀ ਐਵਾਰਡ ਦੇ ਲਈ ਨਾਮਜ਼ਦਗੀ ਮਿਲਣ ‘ਤੇ ਫਿਲਮ ਦੇ ਡਾਇਰੈਕਟਰ ਇਮਤਿਆਜ਼ ਅਲੀ ਦਾ ਧੰਨਵਾਦ ਕੀਤਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਐਮੀ ਐਵਾਰਡ ਦੇ ਵਿੱਚ ਨਾਮਜ਼ਦਗੀ ਦੀ ਖ਼ਬਰ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਸਾਂਝੀ ਕੀਤੀ। ਦਿਲਜੀਤ ਨੇ ਆਪਣੀ ਪੋਸਟ ਵਿੱਚ ਲਿਖਿਆ, “ਇਹ ਸਭ ਤੁਹਾਡੇ ਕਾਰਣ ਹੈ, ਇਮਤਿਆਜ਼ ਸਰ।” ਦਿਲਜੀਤ ਨੇ ਆਪਣੀ ਪੋਸਟ ਨੂੰ ਇਮਤਿਆਜ਼ ਅਲੀ ਨੂੰ ਵੀ ਟੈਗ ਕੀਤਾ ਹੈ।

ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਵੀ ਦਿਲਜੀਤ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ। ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦਿਲਜੀਤ ਦੀ ਨਾਮਜ਼ਦਗੀ ਨੂੰ ਸ਼ੇਅਰ ਕੀਤਾ ਹੈ। ਜਦੋਂ ਪਰਿਣੀਤੀ ਚੋਪੜਾ ਨੂੰ “ਅਮਰ ਸਿੰਘ ਚਮਕੀਲਾ” ਦੇ ਅੰਤਰਰਾਸ਼ਟਰੀ ਐਮੀ ਪੁਰਸਕਾਰਾਂ ਦੀ ਨਾਮਜ਼ਦਗੀ ਬਾਰੇ ਪਤਾ ਲੱਗਾ ਤਾਂ ਉਸਨੇ ਇਮਤਿਆਜ਼ ਵਾਂਗ ਹੀ ਪੋਸਟ ਵੀ ਸਾਂਝੀ ਕੀਤੀ। ਪਰਿਣੀਤੀ ਨੇ ਲਿਖਿਆ ਕਿ, “ਟੀਮ ਚਮਕੀਲਾ ‘ਤੇ ਮਾਣ ਹੈ।” ਉਸਨੇ ਇੱਕ ਖੁਸ਼ ਚਿਹਰੇ ਵਾਲਾ ਇਮੋਜੀ ਵੀ ਸਾਂਝਾ ਕੀਤਾ ਹੈ।

ਦਿਲਜੀਤ ਦੋਸਾਂਝ ਹਾਲ ਹੀ ਵਿੱਚ “ਸਰਦਾਰ ਜੀ 3” ਫਿਲਮ ਦੇ ਵਿੱਚ ਨਜ਼ਰ ਆਏ ਸਨ ਜੋ ਕਿ ਭਾਰਤ ਵਿੱਚ ਰਿਲੀਜ਼ ਨਹੀਂ ਹੋਈ ਕਿਉਂਕਿ ਇਸ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ “ਬਾਰਡਰ” ਰਿਲੀਜ਼ ਲਈ ਤਿਆਰ ਹੈ ਅਤੇ ਇਹ ਅਗਲੇ ਸਾਲ 26 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਦਿਲਜੀਤ ਦੋਸਾਂਝ, ਡਾਇਰੈਕਟਰ ਇਮਤਿਆਜ਼ ਅਲੀ ਨਾਲ ਇੱਕ ਸੀਰੀਅਲ ਡਰਾਮੇ ਦੇ ਵਿੱਚ ਵੀ ਕੰਮ ਕਰਦੇ ਨਜ਼ਰ ਆਉਣਗੇ ਜਿਸਦਾ ਨਾਮ ਹਾਲੇ ਸਾਹਮਣੇ ਨਹੀਂ ਆਇਆ ਹੈ।

Related posts

ਭਾਰਤ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਡਿਜੀਟਲ ਦੇਸ਼ਾਂ ਵਿੱਚੋਂ ਇੱਕ ਹੈ !

admin

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਚੋਣਾਂ ਕਰਾਉਣ ਵਾਲੀ ਪਟੀਸ਼ਨ !

admin

ਵੰਤਾਰਾ ਜਾਨਵਰਾਂ ਦੀ ਸੰਭਾਲ ਅੰਤਰਰਾਸ਼ਟਰੀ ਮਾਪਦੰਡਾਂ ਨੂੰ ਵੀ ਪੂਰਾ ਕਰਦਾ ਹੈ !

admin