ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੀ ਸਰਗਰਮੀ ਦਾ ਅਸਰ ਪੰਜਾਬ ਦੀ ਧਰਤੀ ਨਾਲ ਜੁੜੇ ਕਲਾਕਾਰ ਹੁਣ ਖੁੱਲ੍ਹ ਕੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਵਿਦੇਸ਼ਾਂ ਨਾਲੋਂ ਆਪਣੇ ਹੀ ਰਾਜ ਪੰਜਾਬ ਵਿੱਚ ਜ਼ਿਆਦਾ ਸੁਰੱਖਿਅਤ ਮਹਿਸੂਸ ਹੁੰਦਾ ਹੈ। ਕਨੇਡਾ ਵਰਗੇ ਦੇਸ਼ਾਂ ਵਿੱਚ ਜਿੱਥੇ ਕਲਾਕਾਰਾਂ ਨੂੰ ਅਕਸਰ ਗੈਂਗਵਾਰ ਅਤੇ ਅਪਰਾਧਕ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਪੰਜਾਬ ਵਿੱਚ ਹਾਲਾਤ ਹੁਣ ਪੂਰੀ ਤਰ੍ਹਾਂ ਬਦਲ ਚੁੱਕੇ ਹਨ।
ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੁਰੱਖਿਆ ਅਤੇ ਸ਼ਾਂਤੀ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਸਰਕਾਰ ਦੀਆਂ ਨੀਤੀਆਂ ਅਤੇ ਪੰਜਾਬ ਪੁਲਿਸ ਦੀ ਤਤਪਰਤਾ ਨੇ ਨਾ ਸਿਰਫ ਆਮ ਲੋਕਾਂ, ਸਗੋਂ ਕਲਾਕਾਰਾਂ ਵਿੱਚ ਵੀ ਇਹ ਭਰੋਸਾ ਪੈਦਾ ਕੀਤਾ ਹੈ ਕਿ ਉਹ ਪੰਜਾਬ ਵਿੱਚ ਬਿਨਾ ਕਿਸੇ ਡਰ ਦੇ ਆਪਣੀ ਜ਼ਿੰਦਗੀ ਅਤੇ ਕਰੀਅਰ ਨੂੰ ਅੱਗੇ ਵਧਾ ਸਕਦੇ ਹਨ। ਪੰਜਾਬ ਪੁਲਿਸ ਨੇ ਪਿਛਲੇ ਕੁਝ ਸਮੇਂ ਵਿੱਚ ਕਈ ਗੈਂਗਸਟਰਾਂ ਅਤੇ ਅਪਰਾਧਕ ਗਿਰੋਹਾਂ ਉੱਤੇ ਸਖ਼ਤ ਕਾਰਵਾਈ ਕੀਤੀ ਹੈ। ਧਮਕੀਆਂ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ। ਇਹੀ ਕਾਰਣ ਹੈ ਕਿ ਹੁਣ ਕਲਾਕਾਰਾਂ ਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਮਾਹੌਲ ਪਹਿਲਾਂ ਨਾਲੋਂ ਕਿਤੇ ਵੱਧ ਬਿਹਤਰ ਅਤੇ ਸੁਰੱਖਿਅਤ ਹੋ ਗਿਆ ਹੈ। ਕਨੇਡਾ ਵਿੱਚ ਵੱਸਦੇ ਪੰਜਾਬੀ ਕਲਾਕਾਰਾਂ ਨੂੰ ਅਕਸਰ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਵਧ ਰਹੀਆਂ ਅਪਰਾਧਕ ਘਟਨਾਵਾਂ ਅਤੇ ਗੈਂਗਵਾਰ ਕਾਰਨ ਉਹ ਦਬਾਅ ਅਤੇ ਡਰ ਵਿੱਚ ਜੀਉਂਦੇ ਹਨ। ਇਸਦੇ ਉਲਟ ਪੰਜਾਬ ਵਿੱਚ ਉਨ੍ਹਾਂ ਨੂੰ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਵਿਚਕਾਰ ਸੁਰੱਖਿਆ ਅਤੇ ਆਪਣਾਪਨ ਦੋਵੇਂ ਮਿਲਦੇ ਹਨ।
ਗਾਇਕ ਮਨਕੀਰਤ ਔਲਖ ਨੇ ਵੀ ਇਕ ਇੰਟਰਵਿਊ ਵਿੱਚ ਕਿਹਾ ਹੈ ਕਿ, “ਜੇ ਪੰਜਾਬ ਪੁਲਿਸ ਵਰਗੀ ਪੁਲਿਸ ਕਨੇਡਾ ਵਿੱਚ ਵੀ ਹੋਵੇ ਤਾਂ ਉੱਥੇ ਗੈਂਗਸਟਰ ਕਲਚਰ ਖ਼ਤਮ ਹੋ ਜਾਵੇ। ਭਾਰਤ ਦੀ ਸਭ ਤੋਂ ਸਟ੍ਰੌਂਗਸਟ ਪੁਲਿਸ ਪੰਜਾਬ ਪੁਲਿਸ ਹੈ।” ਉਨ੍ਹਾਂ ਦੇ ਇਹ ਸ਼ਬਦ ਨਾ ਸਿਰਫ ਪੰਜਾਬ ਪੁਲਿਸ ਦੀ ਤਾਕਤ ਸਗੋਂ ਕਲਾਕਾਰਾਂ ਦੇ ਡੂੰਘੇ ਭਰੋਸੇ ਨੂੰ ਵੀ ਦਰਸਾਉਂਦੇ ਹਨ।
ਪੰਜਾਬ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਾ ਕਿਸੇ ਵੀ ਕੀਮਤ ਤੇ ਟੁੱਟਣ ਨਹੀਂ ਦਿੱਤਾ ਜਾਵੇਗਾ। ਚਾਹੇ ਕਲਾਕਾਰ ਹੋਣ ਜਾਂ ਆਮ ਨਾਗਰਿਕ, ਸਭ ਦੀ ਸੁਰੱਖਿਆ ਸਰਕਾਰ ਅਤੇ ਪੁਲਿਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਇਸੇ ਦ੍ਰਿੜ੍ਹ ਨਿਸ਼ਚੇ ਅਤੇ ਪੰਜਾਬ ਪੁਲਿਸ ਦੀ ਤਾਕਤ ਕਾਰਣ ਅੱਜ ਕਲਾਕਾਰ ਖੁੱਲ੍ਹ ਕੇ ਕਹਿ ਰਹੇ ਹਨ ਕਿ ਪੰਜਾਬ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਸੁਰੱਖਿਅਤ ਮਹਿਸੂਸ ਹੁੰਦਾ ਹੈ।