ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਵਿਖੇ ਯੁਵਕ ਭਲਾਈ ਅਤੇ ਖੇਡ ਮੰਤਰਾਲਾ, ਨਵੀਂ ਦਿੱਲੀ ਵੱਲੋਂ ਵਿਕਸਿਤ ਭਾਰਤ-2047 ਦੇ ਮਿਸ਼ਨ ਤਹਿਤ ਯੁਵਾ ਕਨੈਕਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ’ਚ ’ਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਪ੍ਰੋਗਰਾਮ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਭਾਰਤ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੇਸ਼ ਬਣਾਉਣ ਦੇ ਸਫਰ ’ਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜਿੰਮੇਵਾਰੀ ਅਤੇ ਅਧਿਕਾਰਾਂ ਦੀ ਅਹਿਮੀਅਤ ਸਬੰਧੀ ਜਾਗਰੂਕ ਕਰਵਾਉਂਦਿਆਂ ਦੇਸ਼ ਦੇ ਸੱਭਿਅਕ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਡਾ. ਕੁਮਾਰ ਨੇ ਕਿਹਾ ਕਿ ਅੱਜ ਦੇ ਤਕਨੀਕੀ ਯੁੱਗ ’ਚ ਵਿਦਿਆਰਥੀਆਂ ਦੇ ਅੰਦਰ ਤਕਨੀਕੀ ਗਿਆਨ ਅਤੇ ਕੌਸ਼ਲਾਂ ਦਾ ਹੋਣਾ ਜ਼ਰੂਰੀ ਹੈ ਅਤੇ ਇਨ੍ਹਾਂ ਕੌਸ਼ਲਾਂ ਸਦਕਾ ਹੀ ਦੇਸ਼ ਦੇ ਨੌਜਵਾਨ ਆਪਣੇ ਆਪ ਅਤੇ ਆਪਣੇ ਕਿੱਤੇ ਨੂੰ ਅਗਾਂਹ ਵਧਾਉਂਦੇ ਹੋਏ ਦੇਸ਼ ਦੇ ਵਿਕਾਸ ’ਚ ਆਪਣਾ ਯੋਗਦਾਨ ਪਾ ਸਕਦੇ ਹਨ। ਇਸ ਪ੍ਰੋਗਾਰਮ ਦੌਰਾਨ ਪਾਰੂਲ ਪਰਾਸ਼ਰ ਅਤੇ ਸ੍ਰੀ ਰਸਿਕ ਸੋਢੀ (ਸਵੈਸੇਵੀ, ਯੁਵਕ ਭਲਾਈ ਅਤੇ ਖੇਡ ਮੰਤਰਾਲਾ) ਵੱਲੋਂ ਵਿਦਿਆਰਥੀਆਂ ਨੂੰ ਵਿਕਸਿਤ ਭਾਰਤ ਮਿਸ਼ਨ ਦੇ ਉਦੇਸ਼ਾਂ ਅਤੇ ਕਾਰਜ਼ਸ਼ੈਲੀ ਬਾਰੇ ਜਾਣੂ ਕਰਵਾਇਆ ਗਿਆ।
ਇਹ ਪ੍ਰੋਗਰਾਮ ਸ੍ਰੀਮਤੀ ਅੰਜੂ ਸ਼ਰਮਾ ਅਤੇ ਸ੍ਰੀਮਤੀ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਲਈ ਆਪਣਾ ਯੋਗਦਾਨ ਦੇਣ ਦੀ ਸਹੁੰ ਚੁੱਕੀ। ਇਸ ਮੌਕੇ ਯੂਨੀਵਰਸਿਟੀ ਦੇ ਸਮੂੰਹ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।