ਬਠਿੰਡਾ ਦੇ ਪਿੰਡ ਕਾਲਝਰਾਣੀ ਵਿਖੇ ਪੂਰੇ ਪੰਜਾਬ ਵਿੱਚ ਬਣਾਏ ਜਾ ਰਹੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ ਜਿਸ ਨੂੰ ਤੈਅ ਸਮੇਂ ‘ਚ ਪੂਰਾ ਕਰਕੇ ਲੋਕ ਸਮਰਪਿਤ ਕੀਤਾ ਜਾਵੇਗਾ। ਪੰਜਾਬ ਵਿੱਚ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਕੇ ਨਸ਼ਿਆਂ ਖ਼ਿਲਾਫ਼ ਜੰਗ ਨੂੰ ਸਿਖ਼ਰ ’ਤੇ ਲਿਜਾਣ ਲਈ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 1194 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਭਰ ਵਿੱਚ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ। ਨੌਜਵਾਨਾਂ ਨੂੰ ਨਸ਼ਿਆਂ ਦੀ ਮਾੜੀ ਅਲਾਮਤ ਤੋਂ ਦੂਰ ਰੱਖਣ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਖੇਡ ਮੁਕਾਬਲਿਆਂ ‘ਚ ਤਗ਼ਮੇ ਜਿੱਤਣ ਦੇ ਸੁਪਨੇ ਸਾਕਾਰ ਕਰਨ ਲਈ ਇਹ ਖੇਡ ਮੈਦਾਨ ਅਹਿਮ ਭੂਮਿਕਾ ਨਿਭਾਉਣਗੇ, ਨਾਲ ਹੀ ਉੱਭਰਦੇ ਖਿਡਾਰੀਆਂ ਲਈ ਵੀ ਚਾਨਣ ਮੁਨਾਰਾ ਸਾਬਤ ਹੋਣਗੇ। ਇਹਨਾਂ ਖੇਡ ਮੈਦਾਨਾਂ ‘ਚ ਨੌਜਵਾਨਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਖੇਡਾਂ ’ਚ ਮੋਹਰੀ ਬਣਾਉਣ ਦੀ ਵਚਨਬੱਧਤਾ ਦੁਹਰਾਈ। ਪਿੰਡ ਕਾਲਝਰਾਣੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ, “ਇਹ ਪ੍ਰਾਜੈਕਟ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਖੇਡ ਮੈਦਾਨਾਂ ਵਿੱਚ ਵਾਲੀਬਾਲ, ਫੁਟਬਾਲ, ਕ੍ਰਿਕਟ ਅਤੇ ਹੋਰ ਰਵਾਇਤੀ ਖੇਡਾਂ ਲਈ ਸਹੂਲਤਾਂ ਹੋਣਗੀਆਂ। ਇਹ ਸਟੇਡੀਅਮ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਤਗ਼ਮੇ ਜਿੱਤਣ ਦੇ ਯੋਗ ਬਣਾਉਣਗੇ। ਖੇਡ ਕਲਚਰ ਨੂੰ ਪੰਜਾਬ ‘ਚ ਪ੍ਰਫੁੱਲਿਤ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਣ ਲਈ ਸਾਡੀ ਸਰਕਾਰ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਵੱਡੀ ਆਬਾਦੀ ਵਾਲੇ ਪਿੰਡਾਂ ਦੀ ਚੋਣ ਕੀਤੀ ਗਈ ਹੈ ਅਤੇ ਇਹ ਖੇਡ ਮੈਦਾਨ ਅੱਧੇ ਏਕੜ ਤੋਂ ਚਾਰ ਏਕੜ ਤੱਕ ਦੇ ਰਕਬੇ ਵਿੱਚ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ 2022 ਤੋਂ ਪਹਿਲਾਂ ਖੇਡਾਂ ਦਾ ਬਜਟ ਸਿਰਫ਼ 100 ਕਰੋੜ ਰੁਪਏ ਸੀ, ਜਦਕਿ ਮੌਜੂਦਾ ਸਰਕਾਰ ਨੇ ਇਸ ਨੂੰ ਵਧਾ ਕੇ ਇਕ ਹਜ਼ਾਰ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ਵਿੱਚ ਮੋਹਰੀ ਸੂਬਾ ਬਣਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਲਈ 2023 ਵਿੱਚ ਨਵੀਂ ਖੇਡ ਨੀਤੀ ਲਿਆਂਦੀ ਗਈ ਸੀ, ਜਿਸ ਤਹਿਤ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਜੰਗ ਛੇੜੀ ਹੋਈ ਹੈ। ਨਸ਼ਾ ਤਸਕਰਾਂ ’ਤੇ ਬੁਲਡੋਜ਼ਰ ਚਲਾਏ ਜਾ ਰਹੇ ਹਨ ਅਤੇ ਇੱਕ ਵੱਡਾ ਸਿਆਸੀ ਆਗੂ, ਜਿਸ ਨੂੰ ਕੋਈ ਹੱਥ ਨਹੀਂ ਪਾਉਂਦਾ ਸੀ, ਅੱਜ ਜੇਲ੍ਹ ਵਿੱਚ ਹੈ। ਪਹਿਲਾਂ ਖੇਡਾਂ ਦੇ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਨਿਗੂਣਾ ਸੀ, ਪਰ ਹੁਣ ਆਧੁਨਿਕ ਖੇਡ ਮੈਦਾਨ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸ਼ੁਭਮਨ ਗਿੱਲ, ਹਰਮਨਪ੍ਰੀਤ ਕੌਰ ਤੇ ਹਰਮਨਪ੍ਰੀਤ ਸਿੰਘ ਕੌਮੀ ਟੀਮਾਂ ਦੀ ਕਪਤਾਨੀ ਕਰ ਰਹੇ ਹਨ ਅਤੇ 9 ਪੰਜਾਬੀ ਖਿਡਾਰੀ ਕੌਮੀ ਹਾਕੀ ਟੀਮ ਦਾ ਹਿੱਸਾ ਹਨ, ਜੋ ਦਰਸਾਉਂਦਾ ਹੈ ਕਿ ਸੂਬਾ ਖੇਡਾਂ ਦੇ ਖੇਤਰ ਵਿੱਚ ਕਿਵੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੌਮਾਂਤਰੀ ਖੇਡਾਂ ਵਿੱਚ ਸੋਨ ਤਗ਼ਮਾ ਜੇਤੂਆਂ ਨੂੰ ਇਕ ਕਰੋੜ ਰੁਪਏ, ਚਾਂਦੀ ਦਾ ਤਗ਼ਮਾ ਜੇਤੂਆਂ ਨੂੰ 75 ਲੱਖ ਰੁਪਏ ਅਤੇ ਕਾਂਸੇ ਦਾ ਤਗ਼ਮਾ ਜੇਤੂਆਂ ਨੂੰ 50 ਲੱਖ ਰੁਪਏ ਦਿੰਦੀ ਹੈ। ਸੂਬਾ ਸਰਕਾਰ ਨੇ 300 ਕੋਚ ਨਿਯੁਕਤ ਕੀਤੇ ਹਨ ਅਤੇ ਕੌਮਾਂਤਰੀ ਮੁਕਾਬਲਿਆਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਅੱਠ ਲੱਖ ਰੁਪਏ ਦਿੱਤੇ ਜਾਂਦੇ ਹਨ।