ਅੰਮ੍ਰਿਤਸਰ – ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਮਹਿਲ ਸਿੰਘ ਨੂੰ 10 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਵੱਲੋਂ ਸਮੂਹ ਸਟਾਫ਼ ਦੀ ਮੌਜ਼ੂਦਗੀ ’ਚ ਸਨਮਾਨਿਤ ਕੀਤਾ ਗਿਆ। ਡਾ. ਮਹਿਲ ਸਿੰਘ ਜਿਨ੍ਹਾਂ ਨੇ ਨਵੀਂ ਬਣੀ ਖ਼ਾਲਸਾ ਯੂਨੀਵਰਸਿਟੀ ਦਾ 22 ਅਕਤੂਬਰ 2024 ਨੂੰ ਉਪ ਕੁਲਪਤੀ ਵਜੋਂ ਅਹੁੱਦਾ ਸੰਭਾਲਿਆ ਸੀ, ਦੀਆਂ ਕਾਲਜ ਵਿਖੇ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਇਸ ਸਬੰਧੀ ਕਰਵਾਏ ਗਏ ਸਮਾਰੋਹ ਮੌਕੇ ਪ੍ਰਿੰ: ਡਾ. ਰੰਧਾਵਾ ਵੱਲੋਂ ਡਾ. ਮਹਿਲ ਸਿੰਘ ਨੂੰ ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਭਾਟੀਆ ਨਾਲ ਮਿਲ ਕੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।
ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਕਾਲਜ ਨੇ ਡਾ. ਮਹਿਲ ਸਿੰਘ ਦੀ ਅਗਵਾਈ ’ਚ ਇਤਿਹਾਸਕ ਤਰੱਕੀ ਕੀਤੀ ਹੈ। ਉਨ੍ਹਾਂ ਦੀ ਆਮਦ ਦੇ ਪਹਿਲੇ ਦੋ ਸਾਲਾਂ ’ਚ ਹੀ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ ਦੁਗਣੀ ਹੋ ਗਈ ਸੀ। ਇੰਨ੍ਹਾਂ ਦੀ ਸੇਵਾ ਦੌਰਾਨ ਕਾਲਜ ’ਚ ਕੋਰਸਾਂ ਦੀ ਗਿਣਤੀ 31 ਤੋਂ 83 ਤੱਕ ਹੋਈ। ਇਸ ਦੇ ਸਿੱਟੇ ਵਜੋਂ ਕਾਲਜ (ਆਟੋਨੌਮਸ) ਪੰਜਾਬ ਦਾ ਕੋਰਸਾਂ ਅਤੇ ਵਿਦਿਆਰਥੀਆਂ ਦੇ ਪੱਖ ਤੋਂ ਸਭ ਤੋਂ ਵੱਡਾ ਕਾਲਜ ਬਣਿਆ। ਇਸ ਸਮੇਂ ਦੌਰਾਨ ਹੀ ਕਾਲਜ ਦੇ ਐਗਰੀਕਲਚਰ ਵਿਭਾਗ ਨੂੰ ‘ਇੰਡੀਅਨ ਕੌਂਸਲ ਆਫ਼ ਐਗਰੀਕਲਚਰ ਰਿਸਰਚ’ ਨਵੀਂ ਦਿੱਲੀ ਤੋਂ ਮਾਨਤਾ ਹਾਸਲ ਹੋਈ। ‘ਨੈੱਕ’ ਟੀਮ ਵੱਲੋਂ ‘ਏ ਪਲੱਸ’ ਗ੍ਰੇਡ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀ ਅਗਵਾਈ ’ਚ ਪੰਜਾਬੀ ਵਿਭਾਗ ਦਾ ਰੈਫ਼ਰੀਡ ਖੋਜ ਰਿਸਾਲਾ ‘ਸੰਵਾਦ’ ਅਤੇ ਸਾਇੰਸ ਜਨਰਲ ਛਪਣੇ ਸ਼ੁਰੁ ਹੋਏ, ਪੰਜ ਵਿਭਾਗਾਂ ’ਚ ਐੱਮ.ਫਿਲ. ਦੇ ਕੋਰਸ ਸ਼ੁਰੂ ਹੋਏ, ਅਧਿਆਪਕਾਂ ਨੂੰ ਖੋਜ ਕਾਰਜ ਲਈ ‘ਸੀਡ ਮਨੀ’ ਮਿਲਣੀ ਸ਼ੁਰੂ ਹੋਈ ਅਤੇ ਸਪੋਰਟਸ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਸਾਡੀਆਂ ਟੀਮਾਂ ਚੈਂਪੀਅਨ ਟਰਾਫੀਆਂ ਜਿੱਤਣ ਲੱਗੀਆਂ। ਇਨ੍ਹਾਂ ਦਾ ਸਮਾਂ ਖ਼ਾਲਸਾ ਕਾਲਜ ਦੇ ਇਤਿਹਾਸ ’ਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ।
ਇਸ ਮੌਕੇ ਡਾ. ਦਵਿੰਦਰ ਸਿੰਘ ਨੇ ਦੱਸਿਆ ਕਿ ਡਾ. ਮਹਿਲ ਸਿੰਘ ਨੇ ਸੱਭਿਆਚਾਰਕ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ ਜਿਸ ਸਦਕਾ ਕਾਲਜ ਨੈਸ਼ਨਲ ਲੈਵਲ ਤੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਲੱਗਾ। ਇਨ੍ਹਾਂ ਦੇ ਆਪਣੇ ਸਬੰਧਾਂ ਕਾਰਨ ਹੀ ‘ਖ਼ਾਲਸਾ ਗਲੋਬਲ ਰੀਚ ਫਾਊਡੇਸ਼ਨ’ (ਅਮਰੀਕਾ) ਵੱਲੋਂ ਕੁਲ 22 ਕਰੋੜ ਦੀ ਵਿੱਤੀ ਸਹਾਇਤਾ ਹਾਸਲ ਹੋਈ। ਇੰਨ੍ਹਾਂ ਦੀ ਸੇਵਾ ਦੌਰਾਨ ਹੀ ਕਾਲਜ ਵਿਚ ਨਵਾਂ ਕੈਫ਼ੇਟੇਰੀਆ, ਪ੍ਰਬੰਧਕੀ ਬਲਾਕ, ਡਿਸਪੈਂਸਰੀ, ਕਾਮਰਸ ਬਲਾਕ, ਕਾਮਰਸ-ਕਮ-ਕੰਪਿਊਟਰ ਸਾਇੰਸ ਬਲਾਕ, ਸਿੱਖ ਹਿਸਟਰੀ ਰਿਸਰਚ ਸੈਂਟਰ, ਲਾਇਬ੍ਰੇਰੀ ਦਾ ਨਵਾਂ ਬਲਾਕ, ਫੂਡ ਸਾਇੰਸ ਵਿਭਾਗ ਦਾ ਨਵਾਂ ਬਲਾਕ, ਸਕਿੱਲ ਡਿਵੈਲਪਮੈਂਟ ਸੈਂਟਰ ਤੇ ਲੜਕੀਆਂ ਦੇ ਨਵੇਂ ਹੋਸਟਲ ਦੀ ਉਸਾਰੀ ਹੋਈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਦੀ ਟੀਮ ਭਾਵਨਾ ਨੂੰ ਹਮੇਸ਼ਾ ਯਾਦ ਰੱਖਾਂਗੇ।
ਇਸ ਮੌਕੇ ਡਾ. ਭਾਟੀਆ ਨੇ ਡਾ. ਮਹਿਲ ਸਿੰਘ ਦੀ ਨਿੱਜੀ ਸ਼ਖਸੀਅਤ ਬਾਰੇ ਗੱਲ ਕਰਦਿਆਂ ਕਿਹਾ ਕਿ ਇੰਨ੍ਹਾਂ ਦੀਆਂ ਆਪਣੀਆਂ 8 ਕਿਤਾਬਾਂ, 13 ਸੰਪਾਦਿਤ ਕਿਤਾਬਾਂ ਅਤੇ 63 ਰਿਸਰਚ ਆਰਟੀਕਲ ਛੱਪੇ ਹਨ। ਇਸ ਤੋਂ ਇਲਾਵਾ ਇਹ ਲਗਾਤਾਰ ਵਿਦਿਅਕ, ਸਮਾਜਕ ਤੇ ਆਰਥਿਕ ਮੁੱਦਿਆਂ ਨਾਲ ਸੰਬੰਧਿਤ ਅਖ਼ਬਾਰਾਂ ਵਿਚ ਵੀ ਲਿਖਦੇ ਹਨ। ਇੰਨ੍ਹਾਂ ਨੇ ਕੋਈ ਤਿੰਨ ਦਰਜ਼ਨ ਦੇ ਕਰੀਬ ਖੇਤਰੀ, ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਸੈਮੀਨਾਰਾਂ, ਕਾਨਫਰੰਸਾਂ ਤੇ ਵਰਕਸ਼ਾਪਾਂ ’ਚ ਭਾਗ ਲਿਆ ਹੈ। ਇੰਨ੍ਹਾਂ ਨੇ ਆਪਣੇ ਪ੍ਰਸ਼ਾਸਕੀ ਰੁਝੇਵਿਆਂ ਦੇ ਬਾਵਜੂਦ ਸਦਾ ਆਪਣਾ ਪੜ੍ਹਨ ਤੇ ਲਿਖਣ ਵਾਲਾ ਕਾਰਜ ਜਾਰੀ ਰੱਖਿਆ ਹੈ।
ਇਸ ਮੌਕੇ ਡੀਨ ਹਿਊਮੈਨਟੀਜ਼ ਪ੍ਰੋ. ਜਸਪ੍ਰੀਤ ਕੌਰ ਨੇ ਕਿਹਾ ਕਿ ਡਾ. ਮਹਿਲ ਸਿੰਘ ਇਕ ਕੁਸ਼ਲ ਪ੍ਰਬੰਧਕ ਵਜੋਂ ਹੋਰਨਾਂ ਨੂੰ ਨਾਲ ਲੈ ਕੇ ਚੱਲਣ ’ਚ ਵਿਸ਼ਵਾਸ਼ ਰੱਖਦੇ ਹਨ। ਇਹ ਵਿਰੋਧਾਂ ਦੀ ਥਾਂ ਦੂਜਿਆਂ ਨਾਲ ਰਲ-ਮਿਲ ਕੇ ਚੱਲਣ ਵਾਲੇ ਪ੍ਰੈਕਟੀਕਲ ਇਨਸਾਨ ਹਨ। ਇੰਨ੍ਹਾਂ ’ਚ ਹੋਰਨਾਂ ਨੂੰ ਇਕ ਟੀਮ ਵਜੋਂ ਨਾਲ ਤੋਰ ਲੈਣ ਤੇ ਆਪਣਾ ਬਣਾ ਲੈਣ ਦੀ ਅਥਾਹ ਸਮਰੱਥਾ ਹੈ। ਇੰਨ੍ਹਾਂ ਦਾ ਵਤੀਰਾ ਹਮੇਸ਼ਾਂ ਹੋਰਨਾਂ ਪ੍ਰਤੀ ਉਸਾਰੂ ਤੇ ਮਿਲਵਰਤਨੀ ਰਿਹਾ ਹੈ। ਇਨ੍ਹਾਂ ਦੀ ਕਾਰਜਸ਼ੈਲੀ ਸਭ ਪਾਸਿਆਂ ਤੋਂ ਸਦਾ ਸੰਸਥਾਵਾਂ ਲਈ ਵਰਦਾਨ ਸਿੱਧ ਹੋਈ ਹੈ।
ਇਸ ਮੌਕੇ ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਨੇ ਕਿਹਾ ਕਿ ਡਾ. ਮਹਿਲ ਸਿੰਘ ਦੇ ਔਣ ਨਾਲ ਖ਼ਾਲਸਾ ਕਾਲਜ ਦੇ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਪੂਰੀਆ ਹੋਈਆਂ ਜਿਸ ਕਰਕੇ ਅਧਿਆਪਕਾਂ ਨੇ ਇਹਨਾਂ ਦੀ ਕਾਲਜ ਸੰਬੰਧੀ ਹਰ ਯੋਜਨਾ ਨੂੰ ਪੂਰਿਆਂ ਕਰਨ ਵਿਚ ਆਪਣਾ ਹਿੱਸਾ ਪਾਇਆ। ਸਮਾਗਮ ਦੇ ਅਖੀਰ ’ਚ ਡਾ. ਮਹਿਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਾਰੀ ਸਫਲਤਾ ਤੁਹਾਡੀ ਟੀਮ ਭਾਵਨਾ ਦੀ ਸੀ। ਕਾਲਜ ਦਾ ਸਟਾਫ ਬਹੁਤ ਮਿਹਨਤੀ ਹੈ ਜਿਸ ਦਾ ਸਬੂਤ ਇਹ ਹੈ ਕਿ ਇਹ ਸੰਸਥਾ ਪੰਜਾਬ ਵਿਚ ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਦੀ ਸਭ ਤੋਂ ਵੱਧ ਪਸੰਦੀਦਾ ਸੰਸਥਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕਾਲਜ ’ਚ ਮਿਹਨਤੀ ਸਟਾਫ਼ ਨਾਲ ਕੰਮ ਕਰਨ ਦਾ ਉਨ੍ਹਾਂ ਨੂੰ ਸਦਾ ਮਾਣ ਰਹੇਗਾ।