ਅੰਮ੍ਰਿਤਸਰ – ਖਾਲਸਾ ਕਾਲਜ ਆਫ ਨਰਸਿੰਗ ਵਿਖੇ ਡਿਵਨਿਟੀ ਸੇਮੀਨਾਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਸੈਮੀਨਾਰ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੋਂ ਚੇਅਰਮੈਨ ਸ: ਬਲਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਸ ’ਚ ਵਿਦਿਆਰਥੀਆਂ ਨੂੰ ਅਧਿਆਤਮਿਕ ਸਿਖਲਾਈ ਅਤੇ ਮਾਨਵਿਕ ਮੁੱਲਾਂ ਦੇ ਮਹੱਤਵ ਸਬੰਧੀ ਪ੍ਰੇਰਣਾ ਦਿੱਤੀ ਗਈ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਮੀਨਾਰ ’ਚ ਸ: ਬਲਜੀਤ ਸਿੰਘ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਜਦਕਿ ਸ: ਸਤਨਾਮ ਸਿੰਘ ਸਲੋ੍ਹਪੁਰੀ ਸੰਚਾਲਕ ਸਹਿਜਪਾਠ ਸੇਵਾ ਸ੍ਰੀ ਅੰਮ੍ਰਿਤਸਰ ਨੇ ਆਪਣੇ ਅਨੁਭਵਾਂ ਅਤੇ ਗਿਆਨ ਰਾਹੀਂ ਵਿਦਿਆਰਥੀਆਂ ਨੂੰ ਆਧਿਆਤਮਿਕ ਉਤਕ੍ਰਿਸ਼ਟਤਾ ਅਤੇ ਨੈਤਿਕ ਵਿਕਾਸ ਦੀ ਮਹੱਤਤਾ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ।
ਇਸ ਮੌਕੇ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਅਧਿਆਤਮਿਕ ਗਿਆਨ ਨੂੰ ਬੜ੍ਹਾਵਾ ਦੇਣਾ, ਮਨੁੱਖੀ ਮੁੱਲਾਂ ਨੂੰ ਸਿਖਾਉਣਾ ਅਤੇ ਉਨ੍ਹਾਂ ਦੀ ਸਖਸ਼ੀਅਤ ਨੂੰ ਨਿਖਾਰਨਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਵਾਲ—ਜਵਾਬ ਦਾ ਸੈਸ਼ਨ ਵੀ ਕਰਵਾਇਆ ਗਿਆ, ਜਿਸ ਦੌਰਾਨ ਆਏ ਮੁੱਖ ਮਹਿਮਾਨ ਨੇ ਬਹੁਤ ਹੀ ਸਰਲਤਾ ਸਹਿਤ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਨ੍ਹਾਂ 17 ਅਕਤੂਬਰ ਨੂੰ ਹੋਣ ਵਾਲੇ ਗੁਰਮਤਿ ਇਮਤਿਹਾਨ ਦੀ ਜਾਣਕਾਰੀ ਵੀ ਸਾਂਝੀ ਕੀਤੀ।ਇਸ ਮੌਕੇ ਸਮੂੰਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।