ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਨੇ ਆਈ. ਕੇ. ਜੀ. ਪੀ. ਟੀ. ਯੂ. ਜ਼ੋਨਲ ਯੂਥ ਫੈਸਟੀਵਲ ’ਚ ਓਵਰਆਲ ਰਨਰ-ਅੱਪ ਟਰਾਫੀ ਜਿੱਤ ਕੇ ਆਪਣੀ ਉੱਤਮਤਾ ਦੀ ਵਿਰਾਸਤ ’ਚ ਇਕ ਹੋਰ ਸ਼ਾਨਦਾਰ ਅਧਿਆਇ ਜੋੜਿਆ ਹੈ। ਉਕਤ ਸਮਾਗਮ ਦੌਰਾਨ ਵੱਖ-ਵੱਖ ਅਦਾਰਿਆਂ ਤੋਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਿਸ ’ਚ ਕਾਲਜ ਵਿਦਿਆਰਥੀਆਂ ਨੇ ਕਈ ਸੱਭਿਆਚਾਰਕ ਸ਼੍ਰੇਣੀਆਂ ’ਚ ਆਪਣੀ ਰਚਨਾਤਮਕ ਪ੍ਰਤਿਭਾ, ਅਨੁਸ਼ਾਸਨ ਅਤੇ ਬੇਮਿਸਾਲ ਪ੍ਰਦਰਸ਼ਨ ਨਾਲ ਸੰਸਥਾ ਦਾ ਮਾਣ ਵਧਾਇਆ।
ਇਸ ਸਬੰਧੀ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੇ ਦਿਲਕਸ਼ ਪ੍ਰਦਰਸ਼ਨਾਂ ਰਾਹੀਂ ਆਪਣੀ ਸੱਭਿਆਚਾਰਕ ਵਿਭਿੰਨਤਾ ਅਤੇ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਗਰੁੱਪ ਸੌਂਗ, ਲੋਕ ਗੀਤ ’ਚ ਪਹਿਲੀ ਪੁਜੀਸ਼ਨ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਾਰ ਗਾਇਨ, ਗਰੁੱਪ ਸ਼ਬਦ, ਗਿੱਧਾ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਸੋਲੋ, ਲਾਈਟ ਵੋਕਲ, ਕਲਾਸੀਕਲ ਵੋਕਲ, ਮਿਮਿਕਰੀ, ਪਰਕਸ਼ਨ, ਸਕਿੱਟ ’ਚ ਦੂਸਰਾ ਅਤੇ ਪਲੇ, ਮਾਈਮ, ਮਹਿੰਦੀ, ਨਾਨ-ਪਰਕਸ਼ਨ ’ਚ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਡਾ. ਮੰਜੂ ਬਾਲਾ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਫੈਕਲਟੀ ਸਲਾਹਕਾਰਾਂ ਆਦਿ ਦੇ ਯਤਨਾਂ ਦੀ ਸ਼ਲਾਘਾ ਕੀਤੀ।
