ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਆਸਟ੍ਰੇਲੀਆ ਦੇ ਦ੍ਰਿਸ਼ਟੀਕੋਣ ਤੋਂ ਚੀਨੀ ਅਤੇ ਅਮਰੀਕੀ ਬਾਜ਼ਾਰਾਂ ਤੋਂ ਪਰੇ ਵਪਾਰਕ ਸਬੰਧਾਂ ਨੂੰ ਵਿਭਿੰਨ ਬਣਾਉਣ ਅਤੇ ਮਜ਼ਬੂਤ ਕਰਨ ਲਈ ਉਤਸੁਕ ਹਨ। ਐਂਥਨੀ ਐਲਬਨੀਜ਼ ਦੀਆਂ ਮਲੇਸ਼ੀਆ ਵਿੱਚ ਹੋਰਨਾਂ ਦੇਸ਼ਾਂ ਦੇ ਨੇਤਾਵਾਂ ਦੇ ਨਾਲ ਹੋ ਰਹੀਆਂ ਮੀਟਿੰਗਾਂ ਦੇ ਦੌਰਾਨ ਆਸਟ੍ਰੇਲੀਆ ਵਿੱਚ ਆਰਥਿਕ ਵਿਕਾਸ ਦੇ ਮੌਕੇ, ਆਸਟ੍ਰੇਲੀਆ ਵਿੱਚ ਨੌਕਰੀਆਂ ਪੈਦਾ ਕਰਨ ਦੇ ਨਾਲ-ਨਾਲ ਖੇਤਰ ਦੇ ਵਿੱਚ ਸ਼ਾਂਤੀ ਅਤੇ ਸੁਰੱਖਿਆ ਆਦਿ ਮੁੱਦੇ ਤਰਜੀਹੀ ਵਿਸ਼ਾ ਹੋਣਗੇ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਐਸੋਸੀਏਸ਼ਨ ਆਫ ਸਾਊਥਈਸਟ ਏਸ਼ੀਅਨ ਨੇਸ਼ਨਜ਼ (ASEAN) ਦੇ ਸਾਲਾਨਾ ਸੰਮੇਲਨ ਤੋਂ ਪਹਿਲਾਂ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਪਹੁੰਚੇ ਹੋਏ ਹਨ। ਪ੍ਰਧਾਨ ਮੰਤਰੀ ਮਲੇਸ਼ੀਆ ਵਿੱਚ ਆਸੀਆਨ ਸੰਮੇਲਨ ਵਿੱਚ ਆਸਟ੍ਰੇਲੀਆ ਲਈ ਵਪਾਰਕ ਮੌਕਿਆਂ ਦਾ ਵਿਸਥਾਰ ਕਰਨ ਅਤੇ ਖੇਤਰ ਵਿੱਚ ਹੋਰ ਸਥਿਰਤਾ ਲਿਆਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਕਸ਼ੇ ਕਦਮਾਂ ‘ਤੇ ਚੱਲਦੇ ਹੋਏ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਕੱਲ੍ਹ ਰਾਤ ਕੁਆਲਾਲੰਪੁਰ ਪਹੁੰਚੇ ਸਨ।
ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਟੈਰਿਫਾਂ ਤੋਂ ਦੱਖਣ-ਪੂਰਬੀ ਏਸ਼ੀਆਈ ਦੇਸ਼ ਖਾਸ ਤੌਰ ‘ਤੇ ਸਖ਼ਤ ਪ੍ਰਭਾਵਿਤ ਹੋਏ ਹਨ ਅਤੇ ਨੇਤਾ ਇਨ੍ਹਾਂ ਰੁਕਾਵਟਾਂ ਵਿੱਚ ਕਮੀ ਦੀ ਉਮੀਦ ਕਰ ਰਹੇ ਹਨ। ਮਲੇਸ਼ੀਆ, ਵੀਅਤਨਾਮ ਅਤੇ ਕੰਬੋਡੀਆ ਸਮੇਤ ਕੁੱਝ ਦੇਸ਼ਾਂ ਨੇ ਕੱਲ੍ਹ ਟਰੰਪ ਨਾਲ ਨਵੇਂ ਸੌਦਿਆਂ ‘ਤੇ ਚਰਚਾ ਵੀ ਕੀਤੀ ਸੀ। ਇੱਕ ਸਮੂਹ ਦੇ ਰੂਪ ਵਿੱਚ ਦੱਖਣ-ਪੂਰਬੀ ਏਸ਼ੀਆ ਦਾ 2040 ਤੱਕ ਅਮਰੀਕਾ, ਚੀਨ ਅਤੇ ਭਾਰਤ ਤੋਂ ਬਾਅਦ ਦੁਨੀਅ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦਾ ਅਨੁਮਾਨ ਹੈ।
ਪ੍ਰਧਾਨ ਮੰਤਰੀ ਐਲਬਨੀਜ਼ ਦਾ ਬੀਤੀ ਰਾਤ ਦੇਰ ਮਲੇਸ਼ੀਅਨ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਆਸੀਆਨ ਸੰਮੇਲਨ ਵਿੱਚ ਸਵਾਗਤ ਕੀਤਾ ਜੋ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਚੀਨ ਦੇ ਨੇਤਾਵਾਂ ਨੂੰ ਇਕੱਠਾ ਕਰਦਾ ਹੈ। ਪ੍ਰਧਾਨ ਮੰਤਰੀ ਐਲਬਨੀਜ਼ ਕੁਆਲਾਲੰਪੁਰ ਵਿੱਚ ਹੋਰਨਾਂ ਦੇਸ਼ਾਂ ਦੇ ਨੇਤਾਵਾਂ ਨਾਲ ਕਈ ਮੀਟਿੰਗਾਂ ਕਰਨ ਵਾਲੇ ਹਨ ਅਤੇ ਉਨ੍ਹਾਂ ਦੀ ਪਹਿਲੀ ਮੁਲਾਕਾਤ ਜਾਪਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸਨਾਏ ਤਾਕਾਚੀ ਨਾਲ ਹੋਈ ਹੈ। ਐਲਬਨੀਜ਼ ਨਾਲ ਆਪਣੀ ਮੁਲਾਕਾਤ ਵਿੱਚ ਤਾਕਾਚੀ ਨੇ ਕਿਹਾ ਕਿ, “ਜਾਪਾਨ ਮੌਜੂਦਾ ਕਵਾਡ ਸਹਿਯੋਗ ਤੋਂ ਇਲਾਵਾ ਆਸਟ੍ਰੇਲੀਆ ਨਾਲ ਰਣਨੀਤਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹੈ। ਦੋਵਾਂ ਦੇਸ਼ਾਂ ਨੂੰ ਇੱਕ ਆਜ਼ਾਦ ਅਤੇ ਖੁੱਲ੍ਹਾ ਇੰਡੋ-ਪੈਸੀਫਿਕ ਬਣਾਉਣ ਲਈ ਯਤਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ ਜਿਸ ਨਾਲ ਚੀਨ ਦੇ ਵਧਦੇ ਹਮਲਾਵਰ ਵਿਵਹਾਰ ‘ਤੇ ਇੱਕ ਰੋਕ ਲੱਗ ਜਾਵੇਗੀ। ਪ੍ਰਧਾਨ ਮੰਤਰੀ ਐਲਬਨੀਜ਼ ਨੇ ਕਿਹਾ ਕਿ, “ਆਸਟ੍ਰੇਲੀਆ ਅਤੇ ਜਾਪਾਨ ਦੋਵੇਂ ਦੇਸ਼ ਪ੍ਰਸ਼ਾਂਤ ਅਤੇ ਸਾਡੇ ਖੇਤਰ ਵਿੱਚ ਆਜ਼ਾਦੀ ਲਈ ਖੜ੍ਹੇ ਹਨ। ਮੋਗਾਮੀ ਫ੍ਰੀਗੇਟ ਖਰੀਦਣ ਦਾ ਸਾਡਾ ਹਾਲੀਆ ਫੈਸਲਾ ਇਹਨਾਂ ਰੱਖਿਆ ਅਤੇ ਸੁਰੱਖਿਆ ਸਬੰਧਾਂ ਨੂੰ ਇੱਕ ਹੋਰ ਪੱਧਰ ‘ਤੇ ਲੈ ਜਾਂਦਾ ਹੈ।”
ਪ੍ਰਧਾਨ ਮੰਤਰੀ ਐਲਬਨੀਜ਼ ਨੇ ਇਹ ਵੀ ਕਿਹਾ ਕਿ ਉਹ ਸਾਲਾਨਾ ਨੇਤਾਵਾਂ ਦੀ ਗੱਲਬਾਤ ਦੇ ਹਿੱਸੇ ਵਜੋਂ ਜਲਦੀ ਹੀ ਤਾਕਾਚੀ ਦਾ ਆਸਟ੍ਰੇਲੀਆ ਵਿੱਚ ਸਵਾਗਤ ਕਰਨ ਲਈ ਉਤਸੁਕ ਹਨ।
