ਨਵੀਂ ਦਿੱਲੀ – ਭਾਰਤ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਅੱਜ ਪੁਰਾਣੇ ਸੰਸਦ ਭਵਨ ਦੇ ਇਤਿਹਾਸਕ ਕੇਂਦਰੀ ਹਾਲ ’ਚ ਸੰਵਿਧਾਨ ਦਿਵਸ ਸਮਾਗਮਾਂ ਦੀ ਅਗਵਾਈ ਕਰਨਗੇ। ਸੰਵਿਧਾਨ ਦਿਵਸ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵਲੋਂ ਸੰਵਿਧਾਨ ਅਪਨਾਉਣ ਦੀ ਯਾਦ ਵਿਚ 2015 ਤੋਂ ਹਰੇਕ ਸਾਲ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਸੰਵਿਧਾਨ ਦੀਆਂ ਕੁੱਝ ਧਾਰਾਵਾਂ ਤੁਰੰਤ ਲਾਗੂ ਹੋ ਗਈਆਂ ਸਨ ਅਤੇ ਬਾਕੀ 26 ਜਨਵਰੀ 1950 ਨੂੰ ਲਾਗੂ ਹੋ ਗਈਆਂ ਸਨ, ਜਦੋਂ ਭਾਰਤ ਇਕ ਗਣਤੰਤਰ ਬਣਿਆ।
ਸੰਸਦੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਗੇ, ਉਪ-ਰਾਸ਼ਟਰਪਤੀ ਤੇ ਰਾਜ ਸਭਾ ਪ੍ਰਧਾਨ ਸੀਪੀ ਰਾਧਾਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ ਤੇ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਇਸ ਸਮਾਗਮ ਵਿਚ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਨੂੰ ਸਪੀਕਰ ਅਤੇ ਉਪ-ਰਾਸ਼ਟਰਪਤੀ ਸੰਬੋਧਨ ਕਰਨਗੇ, ਜਿਸ ਤੋਂ ਬਾਅਦ ਰਾਸ਼ਟਰਪਤੀ ਦਾ ਭਾਸ਼ਣ ਹੋਵੇਗਾ। ਇਸ ਸਮਾਗਮ ਦੇ ਹਿੱਸੇ ਵਜੋਂ ਕੇਂਦਰੀ ਕਾਨੂੰਨ ਮੰਤਰਾਲੇ ਦੇ ਵਿਧਾਨਕ ਵਿਭਾਗ ਵਲੋਂ ਤਿਆਰ ਕੀਤੇ ਗਏ ਨੌਂ ਭਾਸ਼ਾਵਾਂ ਮਲਿਆਲਮ, ਮਰਾਠੀ, ਨੇਪਾਲੀ, ਪੰਜਾਬੀ, ਬੋਡੋ, ਕਸ਼ਮੀਰੀ, ਤੇਲਗੂ, ਉੜੀਆ ਅਤੇ ਅਸਾਮੀ ਵਿਚ ਤਿਆਰ ਕੀਤੇ ਗਏ ਭਾਰਤ ਦੇ ਸੰਵਿਧਾਨ ਨੂੰ ਡਿਜੀਟਲ ਰੂਪ ਵਿਚ ਲਾਂਚ ਕੀਤਾ ਜਾ ਰਿਹਾ ਹੈ।
